ਨਾਨਕਿਆਂ ਦੇ ਰਿਸ਼ਤੇ ਵਿੱਚ ਮਾਂ ਦੀ ਮਾਂ ਨੂੰ ਨਾਨੀ ਕਿਹਾ ਜਾਂਦਾ ।ਨਾਨੀ ਤੇ ਦੋਹਤੇ ਦੋਹਤੀਆਂ ਦਾ ਰਿਸ਼ਤਾ ਬਿਲਕੁੱਲ ਇਸ ਕਹਾਵਤ ਤੇ ਢੁੱਕਦਾ ਹੈ ਕਿ “ਮੂਲ ਨਾਲੋਂ ਜਿਆਦਾ ਵਿਆਜ ਪਿਆਰਾ” ।ਸੱਚ ਹੀ ਤਾਂ ਹੈ ਨਾਨੀ ਆਪਣੀ ਧੀ ਤੋਂ ਜਿਆਦਾ ਪਿਆਰ ਦੋਹਤੇ ਦੋਹਤੀਆਂ ਨੂੰ ਕਰਦੀ।
ਮੈਂ ਕਿਸਮਤ ਵਾਲੀ ਆ ਮੈਨੂੰ ਇਕ ਨੀ ਦੋ ਨਾਨੀਆਂ ਦਾ ਪਿਆਰ ਮਿਲਿਆ ਸੀ ।ਇਕ ਨਾਨੀ ਅਤੇ ਦੂਜੀ ਪੜਨਾਨੀ ।ਪਰ ਮੈਂ ਜਿਆਦਾ ਕਰੀਬ ਨਾਨੀ ਮਾਂ ਦੇ ਸੀ ।
ਗਰਮੀਆਂ ਦੀਆਂ ਛੁੱਟੀਆਂ ਵਿੱਚ ਜਦ ਨਾਨਕੇ ਛੁੱਟੀਆਂ ਕੱਟਣ ਜਾਣਾ ਹੁੰਦਾ ਤਾਂ ਖੁਸ਼ ਹੁੰਦੇ ਕਈ ਕਈ ਦਿਨ ਪਹਿਲਾਂ ਹੀ ਗੁਣਗੁਣਾਉਣ ਲੱਗ ਜਾਣਾ ।
ਨਾਨਕੇ ਪਿੰਡ ਜਾਵਾਂਗੇ ,
ਲੱਡੂ ਪੇੜੇ ਖਾਵਾਂਗੇ
ਮੋਟੇ ਹੋ ਕੇ ਆਵਾਗੇ।
ਜੇ ਕਦੀ ਪਾਪਾ ਨੇ ਛੇੜਣ ਲਈ ਕਹਿ ਦੇਣਾ ਨਹੀਂ ਜਾਣਾ ,ਉਥੇ ਕੀ ਆ ,ਤਾਂ ਚੋਰੀ ਚੋਰੀ ਮਾਂ ਕੋਲ ਰੋਣਾ ,ਮਾਂ ਨੂੰ ਵੀ ਪਤਾ ਸੀ ਕਿ ਜਾਣ ਕੇ ਕਹਿ ਰਹੇ ਤਾਂ ਮਾਂ ਨੇ ਪਾਪਾ ਦਾ ਸਾਥ ਦਿੰਦੇ ਕਹਿਣਾ ,ਆਹੋ ਉਥੇ ਜਾ ਕੇ ਸ਼ਰਾਰਤਾਂ ਕਰਦੀ ਆ ਸੱਟ ਖਾਏਗੀ ,ਨਹੀਂ ਜਾਣਾ ।ਬਸ ਫਿਰ ਤਾਂ ਜਾਣੋ ਸਭ ਤੋਂ ਕੀਮਤੀ ਖਿਡੌਣਾ ਟੁੱਟ ਜਾਣ ਜਿੰਨਾ ਦੁੱਖ ਹੁੰਦਾ ਸੀ ।
ਨਾਨੀ ਕੋਲ ਪਹੁੰਚ ਪਹਿਲਾਂ ਸ਼ਿਕਾਇਤ ਕਰਦੇ ਕਹਿਣਾ ਕਿ ਮਾਂ ਆਉਣ ਨੀ ਦਿੰਦੇ ਸੀ ।ਨਾਨੀ ਨੇ ਮਾਂ ਨੂੰ ਝਿੜਕ੍ਦੇ ਕਹਿਣਾ ਕਿਉਂ ਨੀ ਆਉਣ ਦਿੰਦੀ ਸੀ ਮੇਰੀ ਧੀ ਨੂੰ ।ਚਾਹ ਪਾਣੀ ਪੀ ਨਾਨੀ ਨਾਲ ਹੀ ਲੰਮੇ ਪੈ ਜਾਣਾ ।ਨਾਨੀ ਦੇ ਉਪਰੋ ਦੀ ਬਾਹ ਕਰ ਜੱਫੀ ਪਾ ਕੇ ਰੱਖਣੀ ਤਾਂ ਸਭ ਨੇ ਹੱਸਦੇ ਕਹਿਣਾ ਕਿਤੇ ਨੀ ਭੱਜ ਚੱਲੀ ਤੇਰੀ ਨਾਨੀ ,ਕਿਵੇਂ ਚੁੰਬਕ ਵਾਂਗ ਚੁੰਬੜੀ ਪਈ ਆ ।
ਨਾਨੀ ਨੇ ਰੋਜ਼ ਮਾਮੀ ਨੂੰ ਕਹਿਣਾ ਕੁਝ ਖਾਣ ਲਈ ਮਿੱਠਾ ਬਣਾ ਲਈ ਰੋਟੀ ਨਾਲ ,ਮਸਾਂ ਚਾਰ ਦਿਨ ਜਵਾਕ ਆਏ ਆ ।ਜਦ ਤੱਕ ਮੈਂ ਉਥੇ ਰਹਿਣਾ ,ਨਾਨੀ ਨੇ ਹਰ ਚੀਜ਼ ਬਣਾਉਣੀ ,ਜੋ ਮੈਨੂੰ ਪਸੰਦ ਹੁੰਦੀ ਸੀ ।ਫਿਰ ਨਾਨੀ ਸਾਹਮਣੇ ਬੈਠ ਆਪ ਖਵਾਉਦੀ ਸੀ ।ਮੈਂਨੂੰ ਘਿਓ ਬਿਲਕੁਲ ਪਸੰਦ ਨੀ ਸੀ ਪਰ ਨਾਨੀ ਨੇ ਚੋਰੀ ਚੋਰੀ ਘਿਓ ਪਾ ਕੇ ਖਵਾਉਣਾ ਹੀ ਹੁੰਦਾ ਸੀ ।ਫਿਰ ਜਦ ਗਲੀ ਵਿੱਚ ਕੁਲਫੀ ਵਾਲਾ ਆਉਣਾ ਤਾਂ ਨਾਨੀ ਤੋਂ ਪੈਸੇ ਲੈ ਕੁਲਫੀ ਖਾਣੀ ।
ਨਾਨੀ ਨੇ ਕਿਸੇ ਕੰਮ ਲਈ ਬਾਹਰ ਜਾਣਾ ਤਾਂ ਮੈਂ ਨਾਲ ਹੀ ਜਾਣਾ । ਮਾਂ ਦੇ ਤਾਂ ਨੇੜੇ ਨੀ ਲੱਗਦੀ ਸੀ ਉਥੇ ਜਾ ਕੇ ।ਨਹਾਉਣਾ ,ਸਿਰ ਵਹਾਉਣਾ ,ਰੋਟੀ ਖਾਣੀ ਅਤੇ ਨਾਨੀ ਨਾਲ ਹੀ ਸੌਣਾ ਸਭ ਕੁਝ ਹੀ ਨਾਨੀ ਕੋਲੋ ਕਰਦੀ ਸੀ ।
ਨਾਨੀ ਕੋਲ ਜਾ ਦਿਨ ਤੀਆਂ ਵਾਂਗ ਲੰਘਦੇ ਸੀ ।ਪਤਾ ਹੀ ਨਹੀਂ ਲੱਗਦਾ ਸੀ ਕਿ ਕਿੰਨੀ ਜਲਦੀ ਛੁੱਟੀਆਂ ਖਤਮ ਹੋ ਗਈਆ ।ਨਾਨੀ ਨੇ ਫਿਰ ਕੱਪੜੇ ਬਣਾਉਣ ਜਾਣਾ ਤਾਂ ਨਾਲ ਲੈ ਕੇ ਜਾਣਾ ਕਿ ਪੁੱਤ ਲੈ ਲਾ ਜੋ ਜੋ ਤੇਰਾ ਦਿਲ ਕਰਦਾ ।ਫਿਰ ਜੋ ਵੀ ਪਸੰਦ ਹੁੰਦਾ ਸੀ ਰੀਝ ਨਾਲ ਲੈਣਾ ਤੇ ਘਰ ਆ ਸਭ ਨੂੰ ਦਿਖਾਉਦੇ ਕਹਿਣਾ ਮੇਰੀ ਨਾਨੀ ਨੇ ਲੈ ਕੇ ਦਿੱਤਾ ।ਕਿੰਨੀ ਜਿਆਦਾ ਮੇਰ ਕਰਦੇ ਸੀ ਨਾਨੀ ਦੇ ਰਿਸ਼ਤੇ ਤੇ ।
ਮਹੀਨੇ ਕ ਬਾਅਦ ਨਾਨੀ ਸਾਉਣ ਮਹੀਨੇ ਵਿੱਚ ਬਿਸਕੁਟ ਲੈ ਕੇ ਆਉਦੀ ਸੀ ਤਾਂ ਜਿੱਦ ਕਰ ਕੇ ਕੁਝ ਦਿਨ ਰੱਖ ਲਈ ਦਾ ਸੀ ।ਜਦ ਅੱਖ ਬਚਾ ਪੀਪੇ ਚੋ ਬਿਸਕੁਟ ਕੱਢਣੇ ਤਾਂ ਮਾਂ ਦੇ ਰੋਕਣ ਤੇ ਨਾਨੀ ਕਹਿਣਾ ,ਕਿਉਂ ਰੋਕਦੀ ਇਨ੍ਹਾਂ ਲਈ ਤਾਂ ਹੈ ।ਨਾਨੀ ਆਪ ਰੁੱਗ ਭਰ ਕੇ ਬਿਸਕੁਟ ਦੇ ਦੇਣੇ ।ਫਿਰ ਤੇ ਨਾਨੀ ਹੀ ਸਭ ਕੁਝ ਹੁੰਦੀ ਸੀ ਐਵੇ ਲੱਗਦਾ ਸੀ ਨਾਨੀ ਨਹੀਂ ਰੱਬ ਮਿਲ ਗਿਆ ਹੁੰਦਾ ।ਨਾਨੀ ਨੇ ਜਾਣ ਲੱਗੇ ਪੈਸੇ ਦਿੰਦੇ ਕਹਿਣਾ ਪੁੱਤ ਵੰਗਾਂ ਚੜ੍ਹਾ ਲਈ ਸਾਉਣ ਵਿੱਚ ਸੁੰਨੀਆ ਬਾਹਾਂ ਨੀ ਰੱਖਦੇ ਹੁੰਦੇ ।ਨਾਲ ਹੀ ਮਾਂ ਨੂੰ ਵੀ ਪੈਸੇ ਦੇ ਕਹਿਣਾ ਵੰਗਾਂ ਚੜਾ ਲਈ ਅਤੇ ਸੂਟ ਬਣਾ ਲਈ ਆਪਣੀ ਪਸੰਦ ਦਾ ਅਤੇ ਕੁੜੀ ਨੂੰ ਵੀ ਬਣਾ ਦੇਈ ਸੂਟ ।ਨਾਨੀ ਦੇ ਜਾਣ ਮਗਰੋਂ ਕਈ ਦਿਨ ਦਿਲ ਨੀ ਲੱਗਦਾ ਸੀ ।
ਜਦ ਛੋਟੇ ਮਾਮਾ ਜੀ ਦਾ ਵਿਆਹ ਸੀ ਕਿਸੇ ਜਰੂਰੀ ਕੰਮ ਕਰਕੇ ਅਸੀਂ ਲੇਟ ਹੋ ਗਏ ਸੀ । ਨਾਨੀ ਭਿੱਜੀਆਂ ਅੱਖਾਂ ਨਾਲ ਸਾਡੀ ਉਡੀਕ ਕਰ ਰਹੀ ਸੀ ।ਜਾਦਿਆਂ ਸਾਰਾ ਗੁੱਸਾ ਭੁੱਲ ਗੱਲ ਨਾਲ ਲਗਾਉਦੀ ਕਹਿੰਦੀ ਕਿ ਪੁੱਤ ਮੇਰਾ ਧਿਆਨ ਤਾਂ ਤੁਹਾਡੇ ਵਿਚ ਹੀ ਸੀ । ਤੁਹਾਡੇ ਬਿਨਾਂ ਮੇਰੀ ਖੁਸ਼ੀ ਅਧੂਰੀ ਸੀ ।
ਮਾਮੇ ਦੇ ਵਿਆਹ ਤੋਂ ਸਾਲ ਕ ਬਾਅਦ ਮਾਮਾ ਜੀ ਦੀ ਮੌਤ ਹੋ ਗਈ ਸੀ ।ਫਿਰ ਨਾਨੀ ਬਿਲਕੁੱਲ ਹੀ ਬਦਲ ਗਏ ਸੀ ।ਹੁਣ ਜਦ ਵੀ ਛੁੱਟੀਆਂ ਵਿੱਚ ਨਾਨਕੇ ਜਾਂਦੇ ਤਾਂ ਨਾਨੀ ਅਤੇ ਪੜਨਾਨੀ ਇਕੱਠੇ ਬੈਠੇ ਹੁੰਦੇ ।ਦੋਹਾਂ ਨਾਲ ਗੱਲਾਂ ਕਰਦੇ ਕਦ ਸਮਾਂ ਬੀਤ ਜਾਂਦਾ ਪਤਾ ਨੀ ਲੱਗਦਾ ਸੀ ।
ਹੁਣ ਜਦ ਵੀ ਕਦੇ ਘਰੋਂ ਬਾਹਰ ਜਾਣ ਦਾ ਨਾਮ ਲੈਣਾ ਤਾਂ ਨਾਨੀ ਨੇ ਘਬਰਾ ਜਾਣਾ ।ਕਹਿਣਾ ਮੇਰੇ ਸਾਹਮਣੇ ਖੇਡੋ ,ਫਿਰ ਵੀ ਜਿੱਦ ਕਰਨੀ ਤਾਂ ਨਾਨੀ ਨੇ ਸਮਝਾਉਣਾ ਕਿ ਬਾਹਰ ਕਿਸੇ ਤੋਂ ਕੋਈ ਚੀਜ਼ ਲੈ ਕੇ ਨਹੀਂ ਖਾਣੀ ।ਕਿਸੇ ਕੋਲੋ ਪਾਣੀ ਤੱਕ ਵੀ ਲੈ ਕੇ ਨਹੀਂ ਪੀਣਾ ।ਸਾਨੂੰ ਭੇਜ ਕੇ ਨਾਨੀ ਦਾ ਦਿਲ ਟਿਕਾਣੇ ਨਾ ਰਹਿਣਾ ਜਦ ਤੱਕ ਵਾਪਸ ਨਹੀਂ ਆਉਦੇ ਸੀ ਤਾਂ ਦਰਵਾਜ਼ਾ ਵਿਚ ਬੈਠੀ ਰਾਹ ਤੱਕਦੀ ਰਹਿੰਦੀ ਸੀ ।
ਫਿਰ ਅਸੀਂ ਪੜਨਾਨੀ ਕੋਲ ਵਾਹਰ ਲਗਾਉਣੀ ਤਾਂ ਪੜਨਾਨੀ ਨੇ ਨਾਨੀ ਨੂੰ ਝਿੜਕਦੇ ਕਹਿਣਾ ਕਿਉਂ ਰੋਕਦੀ ,ਨਿਆਣੇ ਆ ਕਰਨ ਦੇ ਜੋ ਕਰਦੇ ।ਨਾਨੀ ਨੇ ਰੋ ਪੈਣਾ ਕਿ ਡਰ ਲੱਗਦਾ ਹੁਣ ।ਉਦੋ ਛੋਟੇ ਸੀ ਨਹੀਂ ਪਤਾ ਸੀ ਕਿ ਨਾਨੀ ਨੂੰ ਕਿਡਾ ਦੁੱਖ ਲੱਗਾ ਜਿਸ ਕਰਕੇ ਉਹ ਸਾਨੂੰ ਅੱਖਾਂ ਤੋਂ ਦੂਰ ਨੀ ਕਰਨਾ ਚਾਹੁੰਦੀ ਸੀ ।
ਫਿਰ ਇੰਝ ਸਮਾਂ ਬੀਤ ਗਿਆ ।ਮੈਂ ਨਾਨਕੇ ਪਿੰਡ ਹੀ ਸੀ ।ਇਕ ਦਿਨ ਨਾਨੀ ਦੇ ਮਨ ਵਿੱਚ ਪਤਾ ਨੀ ਕੀ ਆਇਆ ।ਨਾਨੀ ਜੀ ਕਹਿੰਦੇ ਕਿ ਜਾ ਮੇਰੇ ਸੰਦੂਕ ਵਿੱਚ ਬੂਟੀਆਂ ਵਾਲੲ ਝੋਲਾ ਲੈ ਕੇ ਆ ।ਨਾਨੀ ਨੇ ਉਸ ਝੋਲੇ ਵਿਚੋਂ ਗੁੱਝੀ ਮੁੱਛੀ ਜਿਹੇ ਕੀਤੇ ਨੋਟ ਕੱਢੇ ਤਗ ਗਿਣਨ ਲਈ ਕਿਹਾ , ਉਹ ਗਿਣੇ ਤਾਂ ਗਿਆਰਾਂ ਕ ਹਜਾਰ ਹੋਇਆ ।ਫਿਰ ਨਾਨੀ ਨੇ ਮਾਂ ਅਤੇ ਮਾਮੀ ਨੂੰ ਬੁਲਾਇਆ ,ਕੋਲ ਹੀ ਪੜਨਾਨੀ ਵੀ ਬੈਠੇ ਸੀ ।ਕੁਝ ਸਮਾਂ ਚੁੱਪ ਰਹਿ ਕੇ ਮਾਂ ਨੂੰ ਪੈਸੇ ਫੜਾਉਦੇ ਕਹਿੰਦੇ ,ਦੇਖ ਧੀਏ ਦੋਹਤੇ ਦੋਹਤੀਆਂ ਦੇ ਵਿਆਹ ਤੱਕ ਪਤਾ ਨੀ ਮੈਂ ਰਹਿਣਾ ਜਾ ਨਹੀਂ ।ਮੈਂ ਸਭ ਦੇ ਸਾਹਮਣੇ ਨਾਨਕੀ ਸ਼ੱਕ ਕਹਿਲੋ ਜਾ ਨਿਸ਼ਾਨੀ ਕਹਿਲੋ ਉਦੇ ਲਈ ਇਹ ਦਸ ਹਜਾਰ ਦੇਣ ਲੱਗੀ ਆ ।ਭਾਈ ਕੁੜੀਏ ਇਹਦੀ ਕੋਈ ਸੋਨੇ ਦੀ ਟੂਮ ਬਣਾ ਕੇ ਕੁੜੀ ਨੂੰ ਵਿਆਹ ਵਿੱਚ ਮੇਰੀ ਨਿਸ਼ਾਨੀ ਵਜੋਂ ਦੇਵੀ । ਫਿਰ ਨਾਨੀ ਮਾਮੀ ਨੂੰ ਕਹਿੰਦੇ ਕਿ ਤੁਸੀਂ ਸਮੇਂ ਅਨੁਸਾਰ ਜੋ ਚਲਦਾ ਹੋਇਆ ਉਹ ਨਾਨਕੀ ਸ਼ੱਕ ਪੂਰ ਦਿਓ ।ਮੇਰੇ ਲਈ ਨੂੰਹ ਅਤੇ ਧੀ ਬਰਾਬਰ ਹੋ ਪੁੱਤ ।ਮੈ ਤਾਂਹੀ ਚੋਰੀ ਨਹ ਤੁਹਾਡੇ ਸਭ ਦੇ ਸਾਹਮਣੇ ਦਿੱਤਾ ਜੋ ਦਿੱਤਾ । ਉਦੋ ਦਾ ਦਸ ਹਜਾਰ ਹੀ ਅੱਜ ਦੇ ਪੰਜਾਹ ਹਜਾਰ ਬਰਾਬਰ ਸੀ ।ਕੁਝ ਸਾਲਾਂ ਬਾਅਦ ਇਕ ਦਿਨ ਦੇ ਫਰਕ ਨਾਲ ਨਾਨੀ ਅਤੇ ਪੜਨਾਨੀ ਦੋਨੋਂ ਦਾ ਸਾਥ ਛੁੱਟ ਗਿਆ ।
ਹੁਣ ਜਦ ਵੀ ਨਾਨਕੇ ਜਾਦੀਂ ਹਾਂ ਬੇਸ਼ਕ ਮਾਮਾ ਮਾਮੀ ਬਹੁਤ ਪਿਆਰ ਕਰਦੇ ।ਪਰ ਸਾਹਮਣੇ ਲੱਗੀ ਨਾਨੀ ਅਤੇ ਪੜਨਾਨੀ ਦੀ ਤਸਵੀਰ ਦੇਖ ਮਨ ਭਰ ਆਉਦਾ ।ਉਹਨਾਂ ਦੇ ਸਮੇਂ ਘਰ ਵਿੱਚ ਕਿੰਨੀ ਰੌਣਕ ਹੁੰਦੀ ਸੀ ਪਰ ਹੁਣ ਸਭ ਕੰਮ ਕਾਰ ਵਿੱਚ ਵਿਅਸਤ ਹੋਣ ਕਰਕੇ ਹਰ ਪਾਸੇ ਚੁੱਪ ਛਾਈ ਰਹਿੰਦੀ ਆ ।
ਹੁਣ ਜਦ ਵੀ ਨਾਨਕੇ ਜਾਈਦਾ ਤਾਂ ਕੋਈ ਨਾ ਕੋਈ ਬਹਾਨਾ ਲਾ ਸ਼ਾਮ ਤੱਕ ਹੀ ਘਰ ਵਾਪਸ ਮੁੜ ਆਈਦਾ ।