ਲੌਕ ਡਾਊਨ ਦੇ ਪਹਿਲੇ ਦਿਨ ਹੀ ਮਾਂ ਪੁੱਤਾਂ ਤੇ ਬੇਟੀ ਨੇ ਫੈਸਲਾ ਸੁਣਾ ਦਿੱਤਾ ਕਿ ਡੱਬਵਾਲੀ ਵਿਚਲੀਆਂ ਤੇ ਨੋਇਡਾ ਵਾਲੀਆਂ ਕੰਮ ਵਾਲੀਆਂ ਦੀ ਤਨਖਾਹ ਨਹੀਂ ਕੱਟੀ ਜਾਵੇਗੀ। ਬਿਨਾਂ ਕੰਮ ਤੋਂ ਹੀ ਤਨਖਾਹ ਦਿੱਤੀ ਜਾਵੇਗੀ। ਆਪਾਂ ਵੀ ਹੁੰਗਾਰਾ ਭਰ ਦਿੱਤਾ। ਜਦੋਂ ਦੇਣੇ ਉਹਨਾਂ ਨੇ ਆਪਾਂ 3260 ਰੁਪਏ ਪੈਨਸ਼ਨ ਲੈਣ ਵਾਲੇ ਸੇਵਾ ਮੁਕਤ ਕਿਓੰ ਪੁੰਨ ਵਿੱਚ ਅੜਿੱਕਾ ਬਣੀਏ।
ਇੱਕ ਦੋ ਨੂੰ ਤਾਂ ਮਹੀਨੇ ਮਹੀਨੇ ਦਾ ਰਾਸ਼ਨ ਵੀ ਦੇ ਦਿੱਤਾ। ਸਕੂਨ ਮਿਲਿਆ ਬਈ ਔਲਾਦ ਦਾ ਹੱਥ ਵੀ ਖੁੱਲ੍ਹਾ ਹੈ। ਕਿਸੇ ਲੋੜਵੰਦ ਦਾ ਚੁੱਲ੍ਹਾ ਠੰਡਾ ਨਹੀਂ ਵੇਖ ਸਕਦੇ।
ਰਾਮੀ ਤੂੰ ਦੱਸ ਤੈਨੂੰ ਵੀ ਰਾਸ਼ਨ ਹੀ ਲਿਆ ਦੇਈਏ ਕਿ ਆਪੇ ਲੈ ਆਵੇਗੀ ਪੈਸੇ ਦੇ ਦੇਈਏ। ਮੈਡਮ ਨੇ ਕਈ ਦਿਨਾਂ ਬਾਅਦ ਆਈ ਕੰਮ ਵਾਲੀ ਨੂੰ ਪੁੱਛਿਆ।
ਬੀਬੀ ਜੀ ਮੈਨੂੰ ਰਾਸ਼ਨ ਤਾਂ ਨਹੀਂ ਚਾਹੀਦਾ। ਇੰਨੀ ਕ਼ੁ ਕਮਾਈ ਹੋ ਜਾਂਦੀ ਹੈ। ਮੈਨੂੰ ਥੋੜੇ ਜਿਹੇ ਪੈਸੇ ਉਧਾਰੇ ਦੇ ਦਿਓਂ। ਘਰੇ ਲੋੜ ਪੈ ਜਾਂਦੀ ਹੈ। ਮੈਂ ਕੰਮ ਕਰਕੇ ਹੋਲੀ ਹੋਲੀ ਕਟਵਾ ਦੇਵਾਂਗੀ। ਉਸ ਦੇ ਰਾਸ਼ਨ ਲਈ ਰੱਖਿਆ ਰੁਪਈਆ ਉਸਨੂੰ ਦੇ ਦਿੱਤਾ।
ਉਸਦਾ ਸਬਰ ਸੰਤੋਖ ਵੇਖਕੇ ਮੇਰੀਆਂ ਅੱਖਾਂ ਗਿੱਲੀਆਂ ਹੋ ਗਈਆਂ। ਇੱਥੇ ਤਾਂ ਰੱਜੇ ਪੁੱਜਿਆਂ ਨੇ ਘਰ ਭਰ ਲਏ। ਛੇ ਛੇ ਮਹੀਨੇ ਦਾ ਰਾਸ਼ਨ ਇਕੱਠਾ ਕਰ ਲਿਆ। ਕਿੱਥੇ ਇਹ ਕਮਲੀ ਉਧਾਰ ਮੰਗ ਕੇ ਹੀ ਸਬਰ ਕਰ ਗਈ।
ਊਂ ਗੱਲ ਆ ਇੱਕ
#ਰਮੇਸ਼ਸੇਠੀਬਾਦਲ