ਉਹ ਘਰਾਂ ਦਾ ਕੰਮ ਕਰਨ ਜਾਂਦੀ ਮੇਰੇ ਖੋਖੇ ਅੱਗਿਓਂ ਹੀ ਲੰਘਦੀ..ਇੱਕ ਦਿਨ ਪੁੱਤ ਨੂੰ ਲੈ ਆਈ..ਕੰਮ ਤੇ ਰੱਖ ਲਵੋ..ਮੁੰਡੇ ਨੂੰ ਪੁੱਛਿਆ ਸਕੂਲ ਜਾਂਦਾ?
ਕਹਿੰਦਾ ਹਾਂਜੀ ਪਰ ਹੁਣ ਛੁੱਟੀਆਂ ਨੇ!
ਓਦੇ ਗਲ਼ ਹਮੇਸ਼ਾਂ ਇੱਕੋ ਬੁਨੈਣ ਹੀ ਹੁੰਦੀ..ਥੱਲੇ ਨਿੱਕਰ..ਵਗਦੇ ਪਾਣੀ ਨਾਲ ਬੜਾ ਮੋਹ..ਹੱਥ ਵਾਲੇ ਨਲਕੇ ਚੋ ਵਗਦੇ ਜਾਂਦੇ ਪਾਣੀ ਦੇ ਖਾਲ ਵਿਚ ਖੇਡੇ ਲੱਗ ਜਾਂਦਾ!
ਖੋਖੇ ਦੇ ਕੋਲ ਹੀ ਇੱਕ ਵੱਡਾ ਸਾਰਾ ਪਾਰਕ..ਕਿੰਨੇ ਲੋਕ ਸੈਰ ਨੂੰ ਆਉਂਦੇ..ਥੱਕ ਟੁੱਟ ਕੇ ਕੋਈ ਸਕੰਜਵੀ ਤੇ ਕੋਈ ਚਾਹ ਦਾ ਆਡਰ ਦਿੰਦਾ!
ਮੈਂ ਉਸਨੂੰ ਹੀ ਘੱਲਦਾ..ਲੋਕ ਉਸ ਨਾਲ ਗੱਲੀਂ ਲੱਗ ਜਾਂਦੇ..ਪਰ ਉਹ ਅੱਗਿਓਂ ਚੁੱਪ ਰਹਿੰਦਾ..ਸ਼ਾਇਦ ਡਰਦਾ ਮੈਂ ਕਿਧਰੇ ਗੁੱਸੇ ਹੀ ਨਾ ਹੋ ਜਾਵਾਂ!
ਉਸਨੂੰ ਸਪਸ਼ਟ ਜੂ ਆਖ ਰੱਖਿਆ ਸੀ ਕੇ ਕੋਈ ਬਖਸ਼ਿਸ਼ ਦੇਵੇ ਤਾਂ ਉਹ ਤੇਰੀ ਪਰ ਮੈਨੂੰ ਦੱਸਣਾ ਪਿਆ ਕਰਨਾ..!
ਇੱਕ ਦਿਨ ਨਜਰ ਪਈ..ਕਾਹਲੀ ਨਾਲ ਬੋਝੇ ਵਿਚ ਕੁਝ ਪਾ ਰਿਹਾ ਸੀ..ਮੈਂ ਵੀ ਘੇਸ ਵੱਟੀ ਰੱਖੀ ਭਲਾ ਦੱਸਦਾ ਕੇ ਨਹੀਂ!
ਆਥਣ ਵੇਲੇ ਤੱਕ ਚੁੱਪ ਰਿਹਾ..ਤੁਰਨ ਲੱਗਾ ਤਾਂ ਪੁੱਛ ਲਿਆ ਬੋਝੇ ਵਿਚ ਕੀ ਪਾਇਆ ਸੀ?
ਕਹਿੰਦਾ ਪੰਜ ਰੁਪਈਏ ਸਨ..!
ਮੈਨੂੰ ਕਿਓਂ ਨਹੀਂ ਦੱਸਿਆ?
ਚੁੱਪ ਰਿਹਾ..ਫੇਰ ਆਖਣ ਲੱਗਾ ਮੇਲੇ ਚੋਂ ਖਿਡੌਣੇ ਵਾਲਾ ਟਰੱਕ ਲੈਣਾ..ਪਰ ਮਾਂ ਵਰਜਦੀ ਏ!
ਪੁੱਛਿਆ ਟਰੱਕ ਚੰਗੇ ਲੱਗਦੇ?
ਆਖਣ ਲੱਗਾ ਡੈਡੀ ਕਲੀਨਰ ਸੀ..ਗੋਹਾਟੀ ਵੱਲ ਐਕਸੀਡੈਂਟ ਹੋ ਗਿਆ..ਟਰੱਕ ਦਰਿਆ ਵਿੱਚ ਜਾ ਪਿਆ..ਡਰਾਈਵਰ ਤਾਂ ਤਰਨਾ ਜਾਣਦਾ ਸੀ ਪਰ ਡੈਡੀ ਨਹੀਂ!
ਬਾਕੀ ਦੀ ਕਹਾਣੀ ਮੈਂ ਖੁਦ-ਬੇਖ਼ੁਦ ਸਮਝ ਗਿਆ..ਸੋਚਣ ਲੱਗਾ ਰੱਬ ਨੇ ਬਾਲ ਮਨ ਵੀ ਕੀ ਬਣਾਇਆ..ਕਈ ਵੇਰ ਓਹਨਾ ਸ਼ੈਵਾਂ ਨਾਲ ਹੀ ਮੋਹ ਪਾ ਲੈਂਦਾ ਜਿਹਨਾਂ ਨੇ ਕਿਸੇ ਆਪਣੇ ਨੂੰ ਹਮੇਸ਼ਾਂ ਲਈ ਦੂਰ ਕੀਤਾ ਹੁੰਦਾ!
ਮੈਂ ਵੀ ਜੰਗ ਵਿੱਚ ਲਾਪਤਾ ਹੋ ਗਏ ਆਪਣੇ ਬਾਪ ਵਾਂਙ ਫੌਜੀ ਹੁੰਦਾ ਜੇ ਮਾਂ ਨੇ ਅੜਿੱਕਾ ਨਾ ਡਾਹਿਆ ਹੁੰਦਾ..ਮੇਰਾ ਵਰਦੀ ਨਾਲ ਸ਼ੁਰੂ ਤੋਂ ਹੀ ਬੜਾ ਪਿਆਰ ਸੀ..!
ਉਹ ਇੱਕ ਦਿਨ ਟਰੱਕ ਲੈ ਆਇਆ..ਖਿਡੌਣਾ ਟਰੱਕ..ਵੇਹਲੇ ਟਾਈਮ ਮਿੱਟੀ ਭਰ ਕੇ ਪਾਣੀ ਦੇ ਭਰੇ ਹੋਏ ਓਸੇ ਖਾਲ ਵਿਚੋਂ ਦੀ ਲੰਘਾਉਂਦਾ..ਬਾਲ ਮਨ ਸ਼ਾਇਦ ਸੋਚਦਾ..ਬਾਪੂ ਭਲਾ ਕਿੱਦਾਂ ਡੁੱਬਿਆ ਹੋਣਾ!
ਹਰਪ੍ਰੀਤ ਸਿੰਘ ਜਵੰਦਾ