ਅਕਤੂਬਰ 1984 ਦੇ ਪਹਿਲੇ ਹਫਤੇ ਮੈਨੂੰ ਸਕੂਲੀ ਬੱਚਿਆਂ ਦੇ ਨਾਲ ਦਿੱਲੀ ਆਗਰਾ ਦੇ ਟੂਰ ਤੇ ਜਾਣ ਦਾ ਮੌਕਾ ਮਿਲਿਆ। ਦਿੱਲੀ ਵਿੱਚ ਅਸੀਂ ਜਥੇਦਾਰ ਬਸਤਾ ਸਿੰਘ ਦੀ ਬਦੌਲਤ ਗੁਰਦੁਆਰਾ ਸ੍ਰੀ ਸ਼ੀਸ਼ ਗੰਜ ਸਾਹਿਬ ਵਿਖੇ ਠਹਿਰੇ। ਉਹ ਸਾਡੇ ਸਕੂਲ ਮੁਖੀ ਦੇ ਪਿੰਡ ਦਾ ਸੀ ਅਤੇ ਮੋਜੂਦਾ ਪ੍ਰਧਾਨ ਦਾ ਨਿੱਜੀ ਗਾਰਡ ਸੀ। ਅਸੀਂ ਓਥੇ ਬਣੀ ਸਰਾਂ ਦੇ ਕਮਰਿਆਂ ਵਿਚ ਠਹਿਰੇ। ਸਾਨੂੰ ਗੁਰਦੁਆਰਾ ਕਮੇਟੀ ਵੱਲੋਂ ਵਧੀਆ ਸਹੂਲਤਾਂ ਦਿੱਤੀਆਂ ਗਈਆਂ। ਗੁਰਦੁਆਰਾ ਸਾਹਿਬ ਦੇ ਬਾਹਰ ਦੇਗ ਲਈ ਪਰਚੀ ਲੈਣੀ ਹੁੰਦੀ ਸੀ। ਫਿਰ ਦੇਗ ਪੱਤਿਆਂ ਦੇ ਬਣੇ ਡੂੰਨਿਆ ਵਿੱਚ ਦਿੱਤੀ ਜਾਂਦੀ ਸੀ। ਇਥੇ ਪੋਖਰ ਦੇ ਪਕੌੜਿਆਂ ਵਾਲਾ ਹਾਲ ਸੀ। ਸਵਾ ਰੁਪਏ ਸਵਾ ਪੰਜ ਰੁਪਏ ਯ ਗਿਆਰਾਂ ਦੀ ਦੇਗ ਇੱਕੋ ਜਿੰਨੀ ਮਿਲਦੀ ਸੀ। ਕਣਕ ਨੂੰ ਭੁੰਨ ਕੇ ਦਲੇ ਹੋਏ ਮੋਟੇ ਆਟੇ ਦੀ ਦੇਗ ਬਹੁਤ ਹੀ ਸਵਾਦ ਹੁੰਦੀ ਹੈ। ਫਿਰ ਗੁਰੂਘਰ ਦੀ ਰਹਿਮਤ ਨਾਲ ਤਾਂ ਹੋਰ ਵੀ ਸੁਵਾਦ ਹੁੰਦੀ ਹੈ। ਸਰਾਂ ਚ ਲੰਗਰ ਛਕਣ ਤੋਂ ਬਾਦ ਮੈਂ ਬਾਹਰ ਆਕੇ ਸਵਾ ਰੁਪਏ ਦੀ ਦੇਗ ਲੈ ਕੇ ਇਕੱਲਾ ਹੀ ਛੱਕ ਲੈਂਦਾ। ਦੇਗ ਦਾ ਪ੍ਰਸ਼ਾਦ ਅੰਦਰ ਤਾਬਿਆ ਵਿੱਚ ਚੜਾਉਣਾ ਹੁੰਦਾ ਹੈ ਓਥੇ ਉਹ ਅੱਧੀ ਦੇਗ ਭੋਗ ਲਾ ਕੇ ਰੱਖ ਲੈਂਦੇ ਹਨ ਫਿਰ ਬਾਕੀ ਦੀ ਬਚੀ ਦੇਗ ਨੂੰ ਸੰਗਤ ਵਿੱਚ ਵੰਡਣਾ ਵੀ ਹੁੰਦਾ ਹੈ। ਵੈਸੇ ਮੈਂ ਵੀ ਸਟਾਫ ਤੇ ਬੱਚਿਆਂ ਨਾਲ ਗੁਰਦੁਆਰਾ ਸਾਹਿਬ ਜਾਂਦਾ ਅਤੇ ਇਸ ਮਰਿਆਦਾ ਦੀ ਪਾਲਣਾ ਕਰਦਾ। ਪਰ ਮੇਰੇ ਇਕੱਲੇ ਦਾ ਦੇਗ ਖਾਣ ਦਾ ਕਿਸੇ ਨੂੰ ਨਹੀਂ ਸੀ ਪਤਾ। ਫਿਰ ਮੇਰੇ ਨਾਲ ਗਏ ਸਕੂਲ ਦੇ ਡਰਾਇੰਗ ਤੇ ਬੈੰਡ ਮਾਸਟਰ ਨੂੰ ਇਸ ਦਾ ਪਤਾ ਲੱਗਿਆ। ਤੇ ਉਹ ਵੀ ਲੰਗਰ ਖਾ ਕੇ ਮੇਰੇ ਨਾਲ ਹੀ ਬਾਹਰ ਪਰਚੀ ਕਟਾਉਂਣ ਲਈ ਆਉਣ ਲੱਗੇ। ਚਾਰ ਕ਼ੁ ਦਿਨਾਂ ਬਾਅਦ ਅਸੀਂ ਅੱਗੇ ਆਗਰਾ ਦੇ ਟੂਰ ਲਈ ਚੱਲ ਪਏ।
#ਰਮੇਸ਼ਸੇਠੀਬਾਦਲ