ਜਦੋ ਅਸੀਂ ਸਾਗ ਵੱਟੇ ਆਲੂ ਦਿੱਤੇ।
ਅਸੀਂ ਪਿੰਡ ਰਹਿੰਦੇ ਸੀ। ਸਾਡੇ ਘਰ ਨਾਲ ਕਿਸੇ ਹੋਰ ਘਰ ਦੀ ਪਿੱਠ ਲਗਦੀ ਸੀ। ਉਸ ਘਰ ਵਿੱਚ ਬਸ ਉਹ ਦੋ ਭੈਣਾਂ ਤੇ ਉਹਨਾਂ ਦੇ ਛੋਟੇ ਛੋਟੇ ਦੋ ਭਰਾ ਹੀ ਰਹਿੰਦੇ ਸਨ। ਉਸਦੇ ਮਾਂ ਪਿਓ ਦੋਨੋ ਹੀ ਘਰ ਨਹੀਂ ਸੀ ਹੁੰਦੇ। ਘਰ ਵਿੱਚ ਅੱਤ ਦੀ ਗਰੀਬੀ ਸੀ। ਥੋੜੀ ਬਹੁਤ ਜਮੀਨ ਸੀ ਓਹਨਾ ਦੀ ਜੋ ਉਸਦੇ ਤਾਏ ਚਾਚੇ ਵਾਹੁੰਦੇ ਸਨ। ਮੁੰਡੇ ਖੇਤੋਂ ਸਾਗ ਤੋੜ ਲਿਆਉਂਦੇ, ਘਰ ਦੀਆਂ ਲਾਲ ਮਿਰਚਾਂ ਤੇ ਡਲੇ ਵਾਲਾ ਮੋਟਾ ਨਮਕ ਪਾਕੇ ਉਹ ਸਾਗ ਰਿੰਨ ਲੈਂਦੇ, ਘਰੇ ਪਾਈ ਕਣਕ ਦਾ ਆਟਾ ਪਿਸਵਾ ਕੇ ਬਸ ਦੋਨੋ ਟਾਈਮ ਰੋਟੀ ਉਸੇ ਸਾਗ ਨਾਲ ਖਾਂਦੇ। ਕਦੇ ਖੇਤੋਂ ਮੂਲੀਆ ਪੁੱਟ ਲਿਆਉਂਦੇ ਤੇ ਉਸਦੀ ਸ਼ਬਜ਼ੀ ਬਣਾਉਂਦੇ। ਓਹਨਾ ਦਾ ਕਿਸੇ ਘਰੇ ਆਉਣ ਜਾਣ ਨਹੀਂ ਸੀ ਤੇ ਨਾ ਹੀ ਕੋਈ ਓਹਨਾ ਨਾਲ ਗੱਲ ਕਰਦਾ। ਸਮਾਜ ਵੱਲੋਂ ਉਹ ਪਰਿਵਾਰ ਦੁਰਕਾਇਆ ਹੋਇਆ ਸੀ। ਯ ਓਹਨਾ ਦੇ ਵੈਲੀ ਪਿਓ ਦੀ ਦਹਿਸ਼ਤ ਸੀ। ਇਹ ਇੱਕ ਦਿਨ ਦੀ ਗੱਲ ਨਹੀਂ ਸੀ। ਕਾਫੀ ਅਰਸੇ ਤੋਂ ਓਹਨਾ ਨਾਲ ਲੋਕਾਂ ਦਾ ਇਹੀ ਵਰਤਾਰਾ ਸੀ। ਕਦੇ ਕਦੇ ਉਹ ਆਪਣੀ ਛੱਤ ਤੇ ਚੜਦੇ। ਓਹਨਾ ਦੀ ਛੱਤ ਤੋਂ ਸਾਡੇ ਘਰ ਦਾ ਵੇਹੜਾ ਸਾਫ ਦਿਸਦਾ ਸੀ । ਬਸ ਵਿਚਾਲੇ ਅੱਠ ਕੁ ਫੁੱਟ ਦੀ ਗਲੀ ਸੀ।
ਭਾਬੀ ਸਾਨੂ ਪਾਈਆ ਕੁ ਆਲੂ ਦੇ ਦਿਓ। ਰੋਜ਼ ਸਾਗ ਖਾ ਖਾ ਕੇ ਅੱਕੇ ਪਏ ਹਾਂ। ਅਸੀਂ ਸੋਨੂ ਸਾਗ ਦੇ ਦਿਆਂ ਗੇ। ਇੱਕ ਦਿਨ ਓਹਨਾ ਦੀ ਵੱਡੀ ਕੁੜੀ ਨੇ ਅਚਾਨਕ ਹੀ ਆਵਾਜ਼ ਮਾਰ ਕੇ ਮੇਰੀ ਮਾਂ ਨੂੰ ਆਖਿਆ। ਅਸੀਂ ਸਾਰੇ ਡਰ ਜੇ ਗਏ। ਇਹ ਸਾਡੇ ਨਾਲ ਕਿਓਂ ਬੋਲਦੀਆਂ ਹਨ। ਅਸੀਂ ਨਹੀਂ ਆਲੂ ਦੇਣੇ ਇਹਨਾਂ ਨੂੰ। ਸਾਡਾ ਤਿੰਨਾਂ ਭੈਣ ਭਰਾਵਾਂ ਦਾ ਖਿਆਲ ਸੀ। ਅਸੀਂ ਉਹਨਾਂ ਨਾਲ ਬੋਲਣਾ ਵੀ ਨਹੀਂ ਸੀ ਚਾਹੁੰਦੇ। ਕੋਈ ਨਾ ਬੇਟਾ ਸ਼ਾਮੀ ਆਲੂ ਲੈ ਲਿਓਂ। ਮੇਰੀ ਮਾਂ ਨੇ ਹਾਮੀ ਭਰ ਦਿੱਤੀ। ਅਸੀਂ ਮਾਂ ਤੇ ਗੁੱਸੇ ਹੋਏ। ਕੋਈ ਨੀ ਪੁੱਤ, ਗਰੀਬ ਹਨ, ਜੁਆਕ ਹਨ, ਫਿਰ ਕੀ ਹੋਇਆ। ਵਿਚਾਰੇ ਇੱਕਲੇ ਹਨ। ਮੇਰੀ ਮਾਂ ਦੇ ਤਰਕ ਜਬਰਦਸਤ ਸਨ ਤੇ ਮਮਤਾ ਬੋਲ ਰਹੀ। ਫਿਰ ਅਸੀਂ ਚੁੱਪ ਕਰ ਗਏ ਪਰ ਅਸੀਂ ਸਹਿਮਤੀ ਵੀ ਨਹੀਂ ਦਿੱਤੀ। ਸ਼ਾਮ ਨੂੰ ਵੱਡੀ ਕੁੜੀ ਨੇ ਦੋ ਪਰਨੇ ਜੋੜ ਕੇ ਸਾਡੇ ਘਰ ਵੱਲ ਲਮਕਾ ਦਿੱਤੇ ਤੇ ਮੇਰੀ ਮਾਂ ਨੇ ਪਾਈਆ ਕੁ ਆਲੂ ਪਰਨੇ ਨਾਲ ਬੰਨ ਦਿੱਤੇ। ਉਹ ਬਹੁਤ ਖੁਸ਼ ਹੋਈ ਤੇ ਅੱਧੇ ਕੁ ਘੰਟੇ ਬਾਅਦ ਉਸਨੇ ਮੇਰੀ ਮਾਂ ਦੇ ਰੋਕਣ ਅਤੇ ਇਨਕਾਰ ਕਰਨ ਦੇ ਬਾਵਜੂਦ ਸੁੱਬੀ ਨਾਲ ਬੰਨ ਕੇ ਸਰੋਂ ਦਾ ਸਾਗ ਸਾਡੇ ਵੇਹੜੇ ਵਿੱਚ ਜਬਰੀ ਸੁੱਟ ਦਿੱਤਾ। ਮੇਰੀ ਮਾਂ ਨੇ ਸਾਡੇ ਰੋਕਣ ਦੇ ਬਾਵਜੂਦ ਵੀ ਉਹ ਸਾਗ ਰਿੰਨ ਲਿਆ। ਅਸੀ ਤਿੰਨਾਂ ਨੇ ਸਾਗ ਖਾਣ ਤੋਂ ਮਨਾ ਕਰ ਦਿੱਤਾ। ਪਰ ਮੇਰੀ ਮਾਂ ਨੇ ਹੋਲੀ ਹੋਲੀ ਸਾਨੂ ਵਲਚਾ ਹੀ ਲਿਆ। ਇਸ ਤਰਾਂ ਉਹ ਓਹਨਾ ਪ੍ਰਤੀ ਸਾਡੇ ਮਨ ਵਿੱਚ ਭਰੀ ਨਫਰਤ ਨੂੰ ਦਇਆ ਵਿੱਚ ਬਦਲਣ ਚ ਕਾਮਜਾਬ ਹੋ ਗਈ। ਬਾਕੀ ਸਮਾਜ ਦੀ ਤਰ੍ਹਾਂ ਉਸ ਪਰਿਵਾਰ ਨਾਲ ਦੂਰੀ ਬਰਕਰਾਰ ਹੀ ਰਹੀ। ਸਮਾਜ ਤੋਂ ਬਾਹਰ ਹੋ ਕੇ ਚੱਲਣਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ।
#ਰਮੇਸ਼ਸੇਠੀਬਾਦਲ