ਉਹ ਵੇਲੇ ਕਿੰਨੇ ਵਧੀਆ ਸਨ ਜਦੋਂ ਪਾਟਿਆਂ ਨੂੰ ਸਿਉਤਾਂ ਜਾਂਦਾ ਸੀ। ਟੁਟਿਆਂ ਨੂੰ ਗੰਡਾਇਆ ਜਾਂਦਾ ਸੀ। ਰੁੱਸਿਆਂ ਨੂੰ ਮਨਾਇਆ ਜਾਂਦਾ ਸੀ। ਪਾਉਣ ਵਾਲੇ ਕੱਪੜਿਆਂ ਤੇ ਟਾਕੀਆਂ ਲੱਗੀਆਂ ਹੁੰਦੀਆਂ ਜੁੱਤੀਆਂ ਦੇ ਵੀ ਟਾਕੀਆਂ। ਕਈ ਵਾਰੀ ਜੁੱਤੀਆਂ ਇੰਨੀਆਂ ਘੱਸ ਜਾਂਦੀਆਂ ਕਿ ਤਲੇ ਚ ਮੋਰੀ ਹੋ ਜਾਂਦੀ ਸੀ। ਕੋਈ ਮਹਿਸੂਸ ਨਹੀਂ ਸੀ ਕਰਦਾ। ਮੁੰਡੇ ਦੇ ਵਿਆਹ ਵੇਲੇ ਜੀਜੇ ਫੁਫੜ ਸ਼ਰੀਕਾ ਰੁੱਸ ਜਾਂਦਾ ਤਾਂ ਪੈਰੀਂ ਪੱਗ ਰੱਖਕੇ ਮਨਾਂ ਕੇ ਲਿਆਉਂਦੇ। ਇੱਕ ਰਿਸ਼ਤੇਦਾਰ ਰੁੱਸਿਆਂ ਹੁੰਦਾ ਦੂਜੇ ਕਹਿੰਦੇ ਜੇ ਉਹ ਨਹੀਂ ਜਾਂਦਾ ਤੇ ਤੁਸੀਂ ਉਸਨੂੰ ਨਹੀਂ ਮਨਾਉਣਾ ਤਾਂ ਜਾਂਦੇ ਅਸੀਂ ਵੀ ਨਹੀਂ। ਧੀਆਂ ਭੈਣਾਂ ਤੋੰ ਬਿਨਾਂ ਕਾਰਜ ਸੋਭਦੇ ਨਾ। ਹੁਣ ਜਮਾਨਾ ਬਦਲ ਗਿਆ। ਜੁੱਤੀ ਗੰਢਾਉਣਾ ਸ਼ਾਨ ਦੇ ਖਿਲਾਫ ਹੋ ਗਿਆ। ਕਪੜੇ ਦੇ ਟਾਕੀ ਤਾਂ ਕੀ ਲਵਾਉਣੀ ਸੀ ਕਪੜਾ ਦੂਜੀ ਵਾਰ ਪਾਉਣ ਦਾ ਰਿਵਾਜ ਹੀ ਨਹੀਂ ਰਿਹਾ। ਔਰਤਾਂ ਨੂੰ ਹਰ ਫ਼ੰਕਸ਼ਨ ਤੇ ਨਵਾਂ ਸੂਟ ਚਾਹੀਦਾ ਹੈ। ਫ਼ਿਰ ਟਾਕੀਆਂ ਵਾਲਾ ਸੂਟ ਕੋਣ ਪਾਵੇ। ਮੁਰੰਮਤ ਦਾ ਨਹੀਂ ਸੁੱਟਣ ਯ ਛੱਡਣ ਦਾ ਰਿਵਾਜ ਹੈ। ਜਿਵੇ ਅੱਜ ਦੀ ਡਾਕਟਰੀ ਅਨੁਸਾਰ ਨੁਕਸ ਪੈਣ ਤੇ ਪਿੱਤਾ, ਬੱਚੇਦਾਨੀ, ਛਾਤੀ ਤੇ ਸਰੀਰ ਦੀ ਹੋਰ ਅੰਗ ਰਿਮੂਵ ਕੀਤੇ ਜਾਂਦੇ ਹਨ। ਉਸੇ ਤਰਾਂ ਲ਼ੋਕ ਰਿਸ਼ਤੇ ਵੀ ਰਿਮੂਵ ਕਰਨ ਲੱਗ ਪਏ। ਕਿਉਂਕਿ ਜਰੂਰਤ ਜਾਨ ਬਚਾਉਣ ਦੀ ਹੈ ਨਾ ਕੇ ਅੰਗ। ਮਨਾਉਣ ਵਾਲਾ ਰਿਵਾਜ ਖਤਮ ਹੀ ਹੋ ਗਿਆ। ਭੂਆ ਆਪਣੇ ਘਰ ਵਿੱਚ ਬਾਹਲੀ ਦਖਲ ਅੰਦਾਜ਼ੀ ਕਰਦੀ ਹੈ ਛੱਡ ਦਿਓਂ। ਫੁਫੜ ਮਾਮਾ ਮਾਸੜ ਬਾਹਲੇ ਰੁੱਸਦੇ ਹਨ ਉਹਨਾਂ ਨੂੰ ਸੱਦਾ ਹੀ ਨਾ ਦਿਓਂ। ਜਦੋ ਕਪੜੇ ਜੁੱਤੇ ਯੂਜ ਐਂਡ ਥਰੋ ਹੋ ਗਏ ਤੇ ਰਿਸ਼ਤੇ ਵੀ। ਭਾਵੇ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਕੋਈ ਕਿੰਨੀ ਕ਼ੁ ਕਿਸੇ ਦੀ ਮਿਨਤ ਕਰੇ। ਗੱਲ ਸ਼ਹੀ ਹੈ। ਪਰ ਹੁਣ ਜ਼ਮਾਨਾ ਬਦਲ ਗਿਆ। ਕੋਈ ਟੁੱਟੇ ਨੂੰ ਜੋੜਨ ਗੰਢਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਅਖੇ ਜੇ ਮਾਮਾ/ਫੁਫੜ/ਮਾਸੜ ਸਾਡੇ ਵਿਆਹ ਤੇ ਨਾ ਆਉਣਗੇ ਤਾਂ ਸਾਡਾ ਕੀ ਵਿਆਹ ਅਟਕ ਜੂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ