ਜਿੰਦਗੀ ਦਾ ਦਸਤੂਰ ਅਜੀਬ ਹੈ। ਬੰਦਾ ਕਿਸੇ ਦੂਸਰੇ ਲਈ ਪੂਰੀ ਮੇਹਨਤ ਕਰਕੇ ਉਸਨੂੰ ਚੋਣ ਜਿਤਾਉਂਦਾ ਹੈ ਉਸਦੀ ਜਿੱਤ ਨੂੰ ਆਪਣੀ ਜਿੱਤ ਸਮਝਦਾ ਹੈ। ਯ ਕਿਸੇ ਦੂਸਰੇ ਲਈ ਸਖਤ ਮਿਹਨਤ ਕਰਕੇ ਉਸਨੂੰ ਕਿਸੇ ਉੱਚੇ ਅਹੁਦੇ ਤੱਕ ਪਹੁੰਚਾ ਕੇ ਅਥਾਹ ਖੁਸ਼ ਹੁੰਦਾ ਹੈ। ਪਰ ਉੱਚੇ ਅਹੁਦੇ ਤੇ ਪਹੁੰਚਦੇ ਹੀ ਉਹ ਬੰਦਾ ਆਪਣੀ ਅਫ਼ਸਰੀ ਉਸੇ ਬੰਦੇ ਤੇ ਘੋਟਨ ਲਗ ਜਾਂਦਾ ਹੈ। ਮੇਰੀ ਬਿੱਲੀ ਮੈਨੂੰ ਹੀ ਮਿਆਉਂ ਵਾਲੀ ਗੱਲ ਹੋ ਜਾਂਦੀ ਹੈ। ਅਫ਼ਸਰੀ ਦਾ ਨਸ਼ਾ ਇਸ ਹੱਦ ਤੱਕ ਹਾਵੀ ਹੋ ਜਾਂਦਾ ਹੈ ਉਹ ਦੁਸ਼ਮਣਾਂ ਨਾਲ ਵੀ ਸਮਝੌਤੇ ਕਰਨ ਲੱਗ ਜਾਂਦਾ ਹੈ। ਆਪਣੇ ਇਸ ਸਮਰਥਕ ਨੂੰ ਹੀ ਬੇਂ ਈਮਾਨ ਸਮਝਦਾ ਹੈ। ਫਿਰ ਦੁੱਖ ਹੋਣਾ ਸੁਭਾਵਿਕ ਹੀ ਹੈ।
ਇਸੇ ਤਰਾਂ ਪੋਤੇ ਪੋਤੀ ਦੇ ਜਨਮ ਦੇ ਓਹ ਸਮਝਦਾ ਹੈ ਕਿ ਹੁਣ ਉਸਨੇ ਬਹੁਤ ਵੱਡਾ ਕੰਮ ਕਰ ਲਿਆ। ਅਜਿਹਾ ਹੀ ਉਹ ਮੁੰਡਾ ਵਿਆਹ ਕੇ ਸੋਚਦਾ ਹੈ। ਯਾਨੀ ਕਿਸੇ ਲਈ ਸਖਤ ਘਾਲਣਾ ਕਰਕੇ ਉਸਨੂੰ ਕਾਮਜਾਬ ਕਰਕੇ ਉਸਦਾ ਸਿਹਰਾ ਖੁਦ ਲੈ ਕੇ ਮਾਣ ਮਹਿਸੂਸ ਕਰਦਾ ਹੈ। ਯਾਨੀ ਦੂਸਰੇ ਦੀ ਕਾਮਜਾਬੀ ਨੂੰ ਆਪਣਾ ਸਮਝਣ ਦੀ ਭੁੱਲ ਕਰ ਬੈਠਦਾ ਹੈ। ਤੇ ਆਪਣੇ ਸੁਫ਼ਨੇ ਬੁਣਦਾ ਹੈ।
ਪਰ ਅਸਲੀਅਤ ਇਹ ਨਹੀਂ ਹੁੰਦੀ। ਚੋਣ ਜਿੱਤਣ ਤੋਂ ਬਾਦ ਬਣਿਆ ਨੇਤਾ ਮੰਤਰੀ ਵਿਧਾਇਕ ਸਾਂਸਦ ਆਪਣੇ ਨਜ਼ਦੀਕੀਆਂ ਨੂੰ ਜਲਦੀ ਭੁੱਲ ਜਾਂਦਾ ਹੈ। ਤੁਹਾਡੀ ਮੇਹਨਤ ਨਾਲ ਉਚੇ ਅਹੁਦੇ ਤੇ ਪਹੁੰਚਿਆ ਬੰਦਾ ਤੁਹਾਨੂੰ ਹੀ ਅੱਖਾਂ ਦਿਖਾਉਂਦਾ ਹੈ ਅਤੇ ਤੁਹਾਡੇ ਵਿਰੋਧੀਆਂ ਨਾਲ ਹੱਥ ਮਿਲਾਉਂਦਾ ਹੈ। ਤੁਹਾਡੇ ਖਿਡਾਏ ਪੋਤੇ ਵੀ ਤੁਹਾਨੂੰ ਗੈਰ ਸਮਝਦੇ ਹਨ। ਮੇਰੇ ਪੁੱਤ ਨੂੰ ਇੰਜ ਨਾ ਆਖੀ ਕਿਹ ਕੇ ਉਸਦੀ ਮਾਂ ਵਰਜਦੀ ਹੈ। ਸੱਧਰਾਂ ਨਾਲ ਲਿਆਂਦੀ ਬਹੂ ਵੀ ਤੁਹਾਨੂੰ ਦੂਜਾ ਸਮਝਦੀ ਹੈ ਤੁਹਾਡੀ ਮੇਹਨਤ ਨਾਲ ਮਿਲੀ ਕਾਮਜਾਬੀ ਤੁਹਾਡੇ ਦੇਖਦੇ ਦੇਖਦੇ ਹੱਥਾਂ ਤੋਂ ਦੂਰ ਹੋ ਜਾਂਦੀ ਹੈ। ਤੁਹਾਡੀ ਮੇਹਨਤ ਨਾਲ ਜਿੱਤਿਆ ਤੁਹਾਡਾ ਮੰਤਰੀ ਤੁਹਾਡੇ ਵਿਰੋਧੀ ਨੂੰ ਤੁਹਾਡੇ ਸਾਹਮਣੇ ਜੱਫੀ ਪਾਕੇ ਮਿਲਦਾ ਹੈ। ਤੇ ਤੁਹਾਡਾ ਹੀ ਨੁਕਸਾਨ ਕਰਦਾ ਹੈ ਤਾਂ ਤੁਹਾਡੇ ਦਿਲ ਤੇ ਕੀ ਬੀਤਦੀ ਹੈ। ਰਾਤਾਂ ਜਾਗ ਕੇ ਮੇਹਨਤ ਕਰਕੇ ਬਣਾਇਆ ਆਪਣਾ ਡਾਕਟਰ ਪੁੱਤ ਹੀ ਤੁਹਾਨੂੰ ਹਰ ਗੱਲ ਤੇ ਟੋਕ ਦਿੰਦਾ ਹੈ। ਤਾਂ ਅਗਲਾ ਖੱਟਰ ਸਰਕਾਰ ਦੀ ਉਦਾਹਰਣ ਦਿੰਦਾ ਹੈ। ਆਪਣੇ ਜਜ਼ਬੇ ਨਾਲ ਬਣਾਈ ਸਰਕਾਰ ਨੇ ਹੀ ਦੇਸ਼ ਧ੍ਰੋਹੀ ਵਰਗੇ ਇਲਜ਼ਾਮ ਲਗਾ ਦਿੱਤੇ। ਦੁਖ ਤਾਂ ਹੁੰਦਾ ਹੀ ਹੈ ਪਰ ਕਿਸ ਕਿਸ ਨੂੰ ਦੋਸ਼ ਦੇਈਏ ਸਾਰਾ ਆਵਾ ਹੀ ਉਤਿਆ ਪਿਆ ਹੈ।
ਹਰ ਕੋਈ ਇਸੇ ਦੁਖ ਤੋਂ ਪ੍ਰੇਸ਼ਾਨ ਹੈ।
#ਰਮੇਸ਼ਸੇਠੀਬਾਦਲ