ਘਰ ਵਿੱਚ ਪਾਠ ਦਾ ਭੋਗ ਸੀ ।ਸਭ ਪਿੰਡ ਵਾਲੇ ਅਤੇ ਮਿੱਤਰ ਕੰਮ ਕਰ ਰਹੇ ਸਨ । ਰਾਜ ਉਹਨਾਂ ਨੂੰ ਕੰਮ ਕਰਦੇ ਦੇਖਦਾ ਰਹਿੰਦਾ। ਘਰ ਦੀ ਨੁਕਰੇ ਉਦਾਸ ਬੈਠਾ ਆਪਣੇ ਬਚਪਨ ਵਿਚ ਚਲਾ ਜਾਂਦਾ ।
ਬਚਪਨ ਸਮੇਂ ਪਾਠ ਵਾਲੇ ਘਰ ਜਾਂ ਗੁਰਦੁਆਰਾ ਸਾਹਿਬ ਕੰਮ ਕਰਨ ਦੀ ਕਿੰਨੀ ਰੀਝ ਹੁੰਦੀ ਸੀ।ਚਾਈਂ ਚਾਈਂ ਤਿਆਰ ਹੋ ਕੇ ਜਾਣਾ ,ਫਿਰ ਨਿੱਕੇ ਨਿੱਕੇ ਹੱਥਾਂ ਨਾਲ ਪਾਣੀ ਦੀ ਸੇਵਾ ਕਰਦੇ ਰਹਿਣਾ ,ਜੇ ਕਿਸੇ ਕਹਿਣਾ, ਪੁੱਤ ,ਥੱਕ ਗਿਆ ਹੋਏਗਾ ,ਤਾਂ ਵੀ ਪਾਣੀ ਵਾਲੀ ਕੇਤਲੀ ਨਾ ਦੇਣੀ ਉਹਨੂੰ।
ਪਰ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਤਾਂ ਸਭ ਕੁਝ ਕਿੰਝ ਵਿਸਰ ਗਿਆ ਸੀ ਜਿੰਦਗੀ ਵਿਚੋਂ ।ਦਸਵੀਂ ਦੇ ਇਮਤਿਹਾਨਾਂ ਤੋਂ ਬਾਅਦ ਅਖੀਰਲੀ ਵਾਰ ਗਿਆ ਸੀ ਗੁਰਦੁਆਰਾ ਸਾਹਿਬ ਸੇਵਾ ਕਰਨ,ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ।ਉਸ ਦਿਨ ਸਾਰਾ ਦਿਨ ਸ਼ਬੀਲ ਤੇ ਸੇਵਾ ਕਰਦਾ ਰਿਹਾ ਸੀ ।
ਫਿਰ ਨਵੀਂ ਜਮਾਤ ਵਿੱਚ ਨਵੇਂ ਦੋਸਤ ਬਣ ਗਏ ।ਤੇ ਮੈਂ ਉਹਨਾਂ ਦੀ ਬੁਰੀ ਸੰਗਤ ਵਿੱਚ ਚਲਾ ਗਿਆ ।ਜੋ ਕੋਈ ਵੀ ਵਰਜਦਾ ਉਹਨਾਂ ਨਾਲ ਰਹਿਣ ਤੋਂ ,ਮੈਨੂੰ ਉਹ ਵਿਓ (ਜ਼ਹਿਰ)ਵਰਗਾ ਲੱਗਦਾ । ਪਰ ਚੰਗਾ ਨਹੀਂ ਸੀ ਮੇਰਾ ਉਹਨਾਂ ਨਾਲ ਰਹਿਣਾ ।ਕਿਦਾਂ ਉਹਨਾਂ ਪਹਿਲਾਂ ਸ਼ਰਾਬ ਦੀ ਪਾਰਟੀ ਕਰਨੀ ਤੇ ਮੈਨੂੰ ਕਹਿਣਾ ਸਰੀਰ ਬਣ ਜਾਂਦਾ ਘੁੱਟ ਲਾ ਲੈ ਫਿਰ ਦੇਖੀ ਨਜ਼ਾਰੇ ਆਉਦੇ ।ਇਕ ਦੋ ਵਾਰ ਮਨਾਂ ਕੀਤਾ ਤਾਂ ਉਹਨਾਂ ਮੈਨੂੰ ਕੋਲਡਰਿੰਕ ਵਿੱਚ ਮਿਲਾ ਕੇ ਪਿਆਈ। ਫਿਰ ਮੈਨੂੰ ਵੀ ਚੰਗੀ ਲੱਗਣ ਲੱਗੀ ।ਮੈਂ ਸ਼ਰਾਬ ਪੀਣੀ ਤੇ ਰਾਤ ਨੂੰ ਹਨੇਰੇ ਹੋਏ ਘਰ ਜਾ ਕੇ ਸੌ ਜਾਣਾ ।
ਜਿਦਾਂ ਜਿਦਾਂ ਜਮਾਤ ਪਾਸ ਕਰ ਅੱਗੇ ਵੱਧਦਾ ਗਿਆ ਉਵੇਂ ਉਵੇਂ ਮੇਰਾ ਨਸ਼ਾ ਵੱਧਦਾ ਗਿਆ ।ਪਹਿਲਾਂ ਘਰ ਨਹੀਂ ਪਤਾ ਸੀ ਕਿ ਮੈਂ ਨਸ਼ੇ ਦਾ ਆਦੀ ਹੋ ਚੁੱਕਿਆ ।ਪਰ ਜਦ ਸ਼ਹਿਰ ਕਾਲਜ ਵਿੱਚ ਦਾਖਲਾ ਲਿਆ ਤਾਂ ਦੋਸਤੀ ਵੱਡੇ ਘਰਾਂ ਦੇ ਮੁੰਡਿਆਂ ਨਾਲ ਹੋ ਗਈ।ਉਹਨਾਂ ਨੇ ਪਹਿਲਾਂ ਪਹਿਲਾਂ ਫਰੀ ਵਿੱਚ ਨਵਾਂ ਨਸ਼ਾ ਦਿੱਤਾ ਮੈਨੂੰ । ਜਿਸਨੂੰ ਚਿੱਟਾ ਕਹਿੰਦੇ ਆ।ਉਦੋਂ ਨਹੀ ਪਤਾ ਸੀ ਵੀ ਕੀ ਬਲਾ ਇਹ ,ਨਵਾ ਨਵਾਂ ਜੋ ਆਇਆ ਸੀ । ਉਦੋਂ ਇਕ ਵਾਰ ਨਸ਼ਾ ਕਰਨ ਤੇ ਲੱਗਣਾ ਵੀ ਕਾਟੋ ਫੁੱਲਾਂ ਤੇ ਖੇਡਦੀ ਆ ।ਹਰ ਸਮੇਂ ਮਸਤੀ ਛਾਈ ਰਹਿਣੀ ।ਫਿਰ ਜਦ ਆਦਤ ਪੈ ਗਈ ਤਾਂ ਪੈਸੈ ਮੰਗਣੇ ਸ਼ੁਰੂ ਕਰ ਦਿੱਤੇ ।ਪਹਿਲਾਂ ਮਾਂ ਤੋਂ ਜਾਂ ਭੈਣ ਤੋਂ ਬਹਾਨਾ ਲਾ ਕੇ ਲੈ ਜਾਣੇ ।ਪਰ ਸਮੇਂ ਨਾਲ ਨਸ਼ਾ ਜਿਆਦਾ ਚਾਹੀਦਾ ਸੀ ਕਿਉਂਕਿ ਤੋੜ ਪੂਰੀ ਜੋ ਨਹੀਂ ਹੁੰਦੀ ਸੀ ਨਸ਼ੇ ਦੀ ।
ਹੁਣ ਘਰੋਂ ਸਮਾਨ ਚੋਰੀ ਕਰਨਾ ਤੇ ਵੇਚ ਕੇ ਉਹਨਾਂ ਨੂੰ ਪੈਸਾ ਦੇਣੇ ।ਜਦ ਤੱਕ ਇਕ ਦਿਨ ਦੀ ਡੋਜ ਤਿੰਨ ਕ ਹਜਾਰ ਤੱਕ ਦੀ ਸੀ ਤਾਂ ਪੂਰੀ ਕਰ ਲੈਂਦਾ ਸੀ ਪਰ ਹੁਣ ਤੇ ਦਿਨ ਦਾ ਦਸ ਜਾਂ ਪੰਦਰਾਂ ਹਜਾਰ ਵੀ ਕੁਝ ਨਹੀਂ ਕਰਦਾ ਸੀ ।ਘਰਦਿਆਂ ਨੂੰ ਮੇਰੀਆਂ ਚੋਰੀਆਂ ਦਾ ਪਤਾ ਸੀ ਉਹਨਾਂ ਥਾਂ ਥਾਂ ਜਿੰਦਰੇ ਲਾ ਦਿੱਤੇ ਜਿੰਨਾ ਨੂੰ ਦੇਖ ਦੇਖ ਮੇਰਾ ਮਨ ਗੁੱਸੇ ਨਾਲ ਭਰ ਜਾਂਦਾ ਤੇ ਮੈਂ ਮਾਰ ਕੁਟਾਈ ਕਰਕੇ ਪੈਸੇ ਲੈਣੇ ਸ਼ੁਰੂ ਕਰਤੇ ।ਉਹਨਾਂ ਨਾਲ ਵੀ ਮੇਰਾ ਜਿਆਦਾ ਸਮਾਂ ਨਾ ਨਿਕਲਦਾ ।
ਮਾਂ ਨੇ ਰੋਦੀਂ ਰਹਿਣਾ ਤਾਂ ਦੇਖ ਦੇਖ ਮੈਨੂੰ ਉਹਨਾਂ ਨਾਲ ਈਰਖਾ ਹੋਣੀ ।ਪਿਓ ਮਰਨ ਮਗਰੋਂ ਮਾਂ ਨੇ ਹੀ ਤਾਂ ਪਾਲਿਆ ਸੀ ਦੋਹਾਂ ਭੈਣ ਭਰਾਵਾਂ ਨੂੰ ।ਮੈਂ ਨਸ਼ਾ ਉਧਾਰ ਲੈ ਲੈ ਕੀਤਾ ਜਦ ਇਕ ਦਿਨ ਉਹਨਾਂ ਨਸ਼ਾ ਨਾ ਦਿੱਤਾ ਤਾਂ ਮੈਨੂੰ ਲੱਗਾ ਮੈਂ ਮਰ ਜਾਵਾਂਗਾ ਮੇਰਾ ਦਮ ਘੁੱਟ ਰਿਹਾ ਸੀ ਬਹੁਤ ਤਰਲੇ ਕੀਤੇ ਪਰ ਉਹ ਆਪਣੀ ਅੜੀ ਤੇ ਅੜੇ ਰਹੇ ।ਉਸ ਦਿਨ ਉਹਨਾਂ ਕਿਹਾ ਕਿ ਜ਼ਮੀਨ ਵੇਚ ਕੇ ਦੇ ਜਾਂ ਘਰ ਵੇਚਕੇ ਦੇ ਸਾਨੂੰ ਸਾਡੀ ਰਕਮ ਵਸੂਲਣੀ ਆਉਦੀ ਹੈ ।ਫਿਰ ਕੀ ਸੀ ਮੈਂ ਘਰ ਮਾਂ ਨਾਲ ਫਿਰ ਕੁੱਟਮਾਰ ਕੀਤੀ ਤੇਮਾਂ ਕਹੇ ਜ਼ਮੀਨ ਨਹੀਂ ਵੇਚਣੀ ਉਹਦੇ ਠੇਕੇ ਨਾਲ ਘਰ ਚੱਲਦਾ ਆ ਤੇਰੀ ਭੈਣ ਵਿਆਹੁਣੀ ਵੀ ਆ ।
ਮੈਨੂੰ ਸਿਰਫ ਨਸ਼ਾ ਦਿਸਦਾ ਸੀ ਉਦੋ ਤੇ ਮੈਂ ਮਾਂ ਤੇ ਭੈਣ ਨੂੰ ਕੁੱਟ ਜ਼ਮੀਨ ਦੇ ਕਾਗਜ਼ ਲੈ ਲਏ ।ਉਹ ਨਸ਼ੇ ਦੇ ਲਾਲਚ ਵਿੱਚ ਕੌਡੀਆਂ ਦੇ ਭਾਅ ਵੇਚ ਦਿੱਤੀ ।ਫਿਰ ਪਹਿਲਾਂ ਕਰਜਾ ਲਾ ਸੁਰਖਰੂ ਹੋ ਕੇ ਇਕ ਮਹੀਨਾ ਹੀ ਲੰਘਿਆ ਸੀ ਤੀਆਂ ਵਾਂਗ ।ਸਾਰੇ ਪੈਸੇ ਮੁੱਕ ਗਏ ਤੇ ਮੇਰਾ ਨਸ਼ਾ ਪਹਿਲਾਂ ਤੋਂ ਵੀ ਦੁੱਗਣਾ ਚੌਗਣਾ ਹੋ ਗਿਆ ਸੀ ।ਘਰ ਵਿੱਚ ਵੀ ਭੰਗ ਭੁੱਜਦੀ ਸੀ ਹੁਣ ਪਰ ਮੈਨੂੰ ਹੁਣ ਵੀ ਮਾਂ ਤੇ ਭੈਣ ਦੀ ਫਿਕਰ ਨਹੀਂ ਸੀ ।ਮਾਂ ਨੇ ਕਿਸੇ ਘਰ ਕੰਮ ਕਰਕੇ ਘਰ ਚਲਾਉਣਾ ਸ਼ੁਰੂ ਕੀਤਾ ।ਜਦ ਭੈਣ ਨੇ ਕਾਲਜ ਹੋਣਾ ਤੇ ਮਾਂ ਨੇ ਕੰਮ ਤੇ ਚੱਲ ਜਾਣਾ ਤਾਂ ਮੈਂ ਪੇਟੀ ਚੋ ਦਰੀਆ ਜਾਂ ਭਾਂਡੇ ਕੱਢ ਵੇਚ ਕੇ ਰੋਜ ਦੇ ਟੀਕੇ ਦਾ ਖਰਚ ਕੱਢ ਲੈਣਾ ।ਇਕ ਦਿਨ ਮਾਂ ਨੂੰ ਇਹ ਗੱਲ ਪਤਾ ਲੱਗੀ ਤਾਂ ਬਹੁਤ ਰੋਈ, ਕਹਿੰਦੀ ਵੇ ਤੂੰ ਜੰਮਦਾ ਕਿਉਂ ਨੀ ਮਰ ਗਿਆ ਦੁੱਖ ਦੇਣਿਆ । ਇਸ ਕੰਮ ਲਈ ਤੈਨੂੰ ਪਾਲਿਆ ਸੀ ਮੈਂ ।ਇਕ ਧੀ ਹੋਰ ਹੋ ਜਾਂਦੀ ਜਾਂ ਰੱਬ ਮੈਨੂੰ ਔਤ ਈ ਰੱਖਦਾ ।
ਮਾਂ ਰੋਦੀਂ ਰਹੀ ਮੈਨੂੰ ਤਰਸ ਆਇਆਂ ਉਸ ਦਿਨ ਮਾਂ ਦੀ ਹਾਲਤ ਦੇਖ ।ਮੈਂ ਕਿਹਾ ਮਾਂ ਮੈਂ ਛੱਡਣਾ ਨਸ਼ਾ ਪਰ ਨਹੀਂ ਛੱਡ ਹੁੰਦਾ ਮੇਰੇ ਤੋਂ ।ਨਸ਼ੇ ਬਿਨਾਂ ਮੈਂ ਪਲ ਪਲ ਮਰਦਾ ,ਤੂੰ ਹੀ ਮਾਰ ਦੇ ਮੈਨੂੰ ,ਨਸ਼ੇ ਬਿਨਾ ਨਹੀਂ ਰਿਹਾ ਜਾਂਦਾ ।ਮਾਂ ਦਾ ਦਿਲ ਸੀ ਉਹ ਰੋਈ ਗਈ ।ਤੇ ਘਰ ਨੂੰ ਗਹਿਣੇ ਪਾ ਮੈਨੂੰ ਨਸ਼ਾ ਛਡਾਊ ਸੈਟਰ ਛੱਡ ਆਈ ।ਪਤਾ ਨੀ ਕਿਦਾ ਵੱਡਾ ਦਿਲ ਸੀ ਮਾਂ ਦਾ ਜੋ ਇਨੀ ਜਲਦੀ ਮਾਫ ਕਰ ਦਿੱਤਾ ਸੀ ਮੈਂਨੂੰ ।ਤਿੰਨ ਕ ਮਹੀਨੇ ਦਾ ਖਰਚ ਦਿੱਤਾ ਮਾਂ ਨੇ ਫਿਰ ਮੈਨੂੰ ਘਰ ਲੈ ਆਈ ।ਸੈਟਰ ਵਿੱਚ ਪਤਾ ਨੀ ਕੀ ਦਵਾਈ ਦਿੰਦੇ ਸੀ ਜੋ ਮੈਨੂੰ ਜਿਆਦਾ ਤੋੜ ਨਹੀਂ ਲੱਗਦੀ ਸੀ ਪਰ ਘਰ ਆ ਮੇਰਾ ਫਿਰ ਓਹੀ ਹਾਲ ਹੋ ਗਿਆ ।ਮਾਂ ਕੰਮ ਤੇ ਗਈ ਸੀ ਤੇ ਮੈਂ ਨਸ਼ੇ ਲਈ ਭੈਣ ਨੂੰ ਦਾਅ ਤੇ ਲਾ ਆਇਆ ।ਮੈਨੂੰ ਤੇ ਨਸ਼ਾ ਮਿਲ ਗਿਆ ਪਰ ਭੈਣ ਨੇ ਬਦਨਾਮੀ ਕਰਕੇ ਫਾਹਾ ਲੈ ਖੁਦਕੁਸ਼ੀ ਕਰ ਲਈ ।
ਨਸ਼ੇ ਦੀ ਲੋੜ ਵਿੱਚ ਮੈਂ ਸਭ ਕੁਝ ਗਵਾ ਰਿਹਾ ਸੀ ਜੋ ਵੀ ਸਮਝਾਉਣ ਆਉਦਾ ਉਹ ਮੈਨੂੰ ਬਹੁਤ ਬੁਰਾ ਲੱਗਦਾ ।ਮਾਂ ਹੁਣ ਕਦੇ ਵੀ ਮੇਰੇ ਨਾਲ ਗੱਲ ਨਹੀਂ ਕਰਦੀ ਸੀ ।ਮੈਂ ਦਿਨ ਬਦਿਨ ਉਹਨੂੰ ਹੋਰ ਤੰਗ ਕਰਦਾ ਜਾ ਰਿਹਾ ਸੀ ।ਇਕ ਦਿਨ ਨਸ਼ੇ ਦੀ ਤੋੜ ਵਿਚ ਹੀ ਇਧਰ ਉਧਰ ਹੱਥ ਮਾਰ ਰਿਹਾ ਸੀ ਵੀ ਕੁਝ ਮਿਲ ਜਾਵੇ ਤਾਂ ਮੈਨੂੰ ਸੋਨੇ ਦੇ ਗਹਿਣੇ ਮਿਲੇ ਬੇਸ਼ੱਕ ਉਹ ਘੱਟ ਸੀ ਪਰ ਮੇਰੇ ਨਸ਼ੇ ਲਈ ਬਹੁਤ ਸੀ ।ਅਚਾਨਕ ਆ ਕੇ ਮਾਂ ਨੇ ਮੇਰੇ ਹੱਥੋਂ ਉਹ ਗਹਿਣੇ ਖੋਹ ਲਏ ਤੇ ਬਾਹਰ ਵੱਲ ਭੱਜ ਗਈ ।ਮੈਂ ਵੀ ਪਿੱਛੇ ਭੱਜਿਆ ਤੇ ਕਾਫੀ ਹੱਥੋਂਪਾਈ ਹੋਈ ।ਮਾਂ ਉਹ ਗਹਿਣੇ ਦੇਣ ਲਈ ਤਿਆਰ ਹੀ ਨਹੀਂ ਸੀ ਤੇ ਮੈਂ ਗਹਿਣੇ ਲਏ ਬਿਨਾਂ ਹੱਟਣ ਵਾਲਾ ਨਹੀਂ ਸੀ ।ਮੈਨੂੰ ਘੋਟਣਾ ਪਿਆ ਦਿਸਿਆ ਤੇ ਮੈਂ ਨਸ਼ੇ ਲਈ ਉਸ ਘੋਟਣੇ ਨਾਲ ਤਦ ਤੱਕ ਮਾਂ ਤੇ ਵਾਰ ਕਰਦਾ ਰਿਹਾ ਜਦ ਤੱਕ ਮਾਂ ਮਰ ਨਹੀਂ ਗਈ ।
ਫਿਰ ਪੁਲਿਸ ਆਈ ਤੇ ਲੈ ਗਈ ਮੈਨੂੰ ।ਪਿੰਡ ਵਾਲਿਆਂ ਮਾਂ ਦਾ ਸੰਸਕਾਰ ਕੀਤਾ ਤੇ ਮੈਨੂੰ ਸੱਤ ਸਾਲ ਦੀ ਸਜ਼ਾ ਹੋ ਗਈ।ਸਜ਼ਾ ਦੌਰਾਨ ਵੀ ਨਸ਼ੇ ਦੀ ਤੋੜ ਨੇ ਬੇਹਾਲ ਕੀਤਾ ਪਰ ਜੇਲ ਵਿੱਚ ਇਕ ਪੁਲਿਸ ਵਾਲੇ ਨੂੰ ਮੈਂ ਆਪਣੀ ਹੱਡਬੀਤੀ ਸੁਣਾਈ।ਉਸ ਭਲੇ ਪੁਰਸ਼ ਦਾ ਪੁੱਤਰ ਵੀ ਨਸ਼ੇ ਦੀ ਭੇਟ ਚੜ੍ਹਿਆ ਸੀ ।ਉਸ ਨੇ ਤਰਸ ਕਰਕੇ ਜਾ ਮੇਰਾ ਦਰਦ ਸਮਝ ਕੇ ਜੇਲ ਵਿੱਚ ਹੀ ਮੇਰਾ ਨਸ਼ਾ ਛੱਡਣ ਦਾ ਇਲਾਜ ਕਰਵਾਇਆ ਸੀ ਸੱਤ ਸਾਲ ।ਜਿਸ ਕਰਕੇ ਮੈਂ ਨਸ਼ਾ ਛੱਡ ਕੇ ਸਾਧਾਰਨ ਇਨਸਾਨ ਬਣ ਗਿਆ ।
ਸਜ਼ਾ ਪੂਰੀ ਹੋਣ ਤੇ ਬਾਹਰ ਆਇਆ ਤੇ ਨਸ਼ਾ ਵੀ ਛੱਡ ਚੁੱਕਾ ਪਰ ਫਿਰ ਵੀ ਸਾਰੀ ਸਜ਼ਾ ਸਮੇਂ ਤੇ ਹੁਣ ਵੀ ਸੋਚਦਾ ਕਿ ਮੈਂ ਕੌਣ ਹਾਂ ? ਨਸ਼ੇੜੀ ਜਾਂ ਕਾਤਲ ।ਜਿਸ ਨੇ ਨਸ਼ੇ ਦੀ ਦਲਦਲ ਵਿਚ ਫਸ ਕੇ ਮਾਂ ਦਾ ਕਤਲ ਕੀਤਾ ਅਤੇ ਭੈਣ ਦਾ ਸੌਦਾ ।
ਸਜ਼ਾ ਪੂਰੀ ਹੋਣ ਬਾਅਦ ਘਰ ਆ ਕੇ ਸੋਚਿਆ ਕਿ ਮੈਂ ਆਪਣੇ ਨਸ਼ੇ ਕਰਕੇ ਮਾਂ ਅਤੇ ਭੈਣ ਦੀ ਅੰਤਿਮ ਅਰਦਾਸ ਵੀ ਨਹੀਂ ਕਰਵਾਈ ਸੀ ਕਿਉ ਨਾ ਹੁਣ ਉਹਨਾਂ ਤੋਂ ਮਾਫੀ ਮੰਗਣ ਲਈ ਅਤੇ ਵਿਛੜੀਆਂ ਰੂਹਾਂ ਲਈ ਅਰਦਾਸ ਹੀ ਕਰਵਾ ਦੇਵਾਂ।ਉਦੋਂ ਨੂੰ ਪਾਠੀ ਸਿੰਘ ਬੁਲਾਉਦਾ ਆ ਕਿ ਭਾਈ ਸਭ ਤਿਆਰੀ ਹੋ ਗਈ ਆ ਆਓ ਪਾਠ ਆਰੰਭ ਕਰੀਏ ।ਮੈਂ ਭਰੇ ਮਨ ਨਾਲ ਜਾ ਕੇ ਪਾਠੀ ਸਿੰਘ ਕੋਲ ਜਾ ਜੇ ਬੈਠ ਗਿਆ ।