“ਸੇਠੀ ਯਾਰ ਗੁੱਸਾ ਨਾ ਮੰਨੀ ਇਹ ਕੀ ਕਤੀੜ ਪਾਲ ਰੱਖਿਆ ਹੈ ਤੁਸੀਂ। ਮੁਸ਼ਕ ਦਾ ਘਰ।” ਉਸ ਦਿਨ ਬਾਹਰ ਗਲੀ ਚ ਬੈਠੇ ਨੂੰ ਮੇਰੇ ਗੁਆਂਢੀ ਨੇ ਮੈਨੂੰ ਕਿਹਾ। ਮੈਨੂੰ ਉਸਦੀ ਗੱਲ ਤੀਰ ਵਾੰਗੂ ਚੁਬੀ।ਵਿਸ਼ਕੀ ਸਾਡੇ ਪਰਿਵਾਰ ਦਾ ਜੀਅ ਹੀ ਹੈ। ਇਹ ਦਸ ਕੁ ਦਿਨਾਂ ਦਾ ਸੀ ਜਦੋਂ ਇਹ ਆਇਆ ਸੀ। ਇਸ ਨੂੰ ਬੋਤਲ ਨਾਲ ਦੁੱਧ ਪਿਆਕੇ ਪਾਲਿਆ ਹੈ। ਨੋ ਸਾਲਾਂ ਦਾ ਹੋ ਗਿਆ ਹੁਣ ਵੀ ਖਾਣਾ ਖਵਾਉਣ ਵੇਲੇ ਹੱਥੀ ਬੁਰਕੀਆਂ ਪਾਉਂਦੇ ਹਾਂ ਇਸਦੇ ਮੂੰਹ ਵਿੱਚ। ਆਖੇ ਬਿਨਾਂ ਤਾਂ ਇਹ ਡੋਂਗੇ ਵਿੱਚ ਪਈ ਫੀਡ ਨਹੀਂ ਖਾਂਦਾ। ਨਵੰਬਰ 2017 ਵਿੱਚ ਬੇਟੇ ਦੀ ਸ਼ਾਦੀ ਤੋਂ ਬਾਅਦ ਜਦੋਂ ਅਸੀਂ ਰਾਜਪੁਰੇ ਬੇਟੇ ਦੀ ਸਾਲੀ ਘਰ ਫੇਰੀ ਪਾਉਣ ਗਏ ਤਾਂ ਉਹਨਾਂ ਨੇ ਦੂਜਿਆਂ ਦੀ ਤਰ੍ਹਾਂ ਵਿਸ਼ਕੀ ਲਈ ਵੀ ਇੱਕ ਸ਼ਗਨ ਵਾਲਾ ਲਿਫ਼ਾਫ਼ਾ ਦਿੱਤਾ। ਉਸੇ ਮਹੀਨੇ ਮੈਡਮ ਦੀ ਸੇਵਾਮੁਕਤੀ ਸੀ। ਸਕੂਲ ਵਾਲਿਆਂ ਨੇ ਪੂਰੇ ਪਰਿਵਾਰ ਦਾ ਸਨਮਾਨ ਕੀਤਾ ਤੇ ਵਿਸ਼ਕੀ ਨੂੰ ਵੀ ਇਕ ਕੰਬਲ ਗਿਫਟ ਵਜੋਂ ਦਿੱਤਾ। ਕੁੜਮਾਂ ਵੱਲੋਂ ਜਦੋਂ ਵੀ ਕਿਸੇ ਨਾ ਕਿਸੇ ਮੌਕੇ ਤੇ ਪਰਿਵਾਰ ਨੂੰ ਕਪੜੇ ਲੀੜੇ ਦੇਣ ਦਾ ਮੌਕਾ ਆਉਂਦਾ ਹੈ ਤਾਂ ਵਿਸ਼ਕੀ ਲਈ ਵੀ ਕੁਝ ਨਾ ਕੁਝ ਹੁੰਦਾ ਹੀ ਹੈ। ਇਦਾਂ ਹੀ ਇੱਕ ਵਾਰੀ ਅਸੀਂ ਸਾਡੇ ਪਰਿਵਾਰਿਕ ਦੋਸਤ ਦੇ ਘਰ ਗਏ। ਉਹਨਾਂ ਨੇ ਵਿਸ਼ਕੀ ਨੂੰ ਦੋ ਸੌ ਰੁਪਈਆ ਉਚੇਚਾ ਸ਼ਗਨ ਦਿੱਤਾ ਤੇ ਕਿਹਾ “ਇਹ ਸਾਡੇ ਘਰ ਪਹਿਲੀ ਵਾਰੀ ਆਇਆ ਹੈ।”
ਬੀਤੇ ਦਿਨ ਅਸੀਂ ਪੰਜਾਬ ਦੀ ਲੋਕ ਗਾਇਕਾ ਸੁਖੀ ਬਰਾੜ ਦੀ ਭੈਣ ਪਿੰਕ ਸੇਖੋਂ ਨੂੰ ਉਸ ਦੀ ਥਰਮਲ ਕਲੋਨੀ ਨੇੜਲੀ ਕੋਠੀ ਤੇ ਮਿਲਣ ਗਏ। ਹਰ ਵਾਰ ਦੀ ਤਰ੍ਹਾਂ ਉਸ ਦਿਨ ਅਸੀਂ ਵਿਸ਼ਕੀ ਨੂੰ ਨਾਲ ਲ਼ੈ ਗਏ ਤੇ ਇਸਨੂੰ ਬਾਹਰ ਕਾਰ ਵਿਚ ਹੀ ਬਿਠਾ ਦਿੱਤਾ।
“ਜਾਓ ਣੀ ਕੁੜੀਓ ਵਿਸ਼ਕੀ ਨੂੰ ਆਹ ਫਰੂਟ ਕੇਕ ਹੀ ਖਵਾ ਆਓ। ਉਹ ਕੀ ਆਖੂ ਕਿ ਮਾਸੀ ਨੇ ਘਰੇ ਗਏ ਨੂੰ ਕੁਝ ਵੀ ਨਹੀਂ ਖਵਾਇਆ।” ਜਦੋਂ ਪਿੰਕ ਨੂੰ ਵਿਸ਼ਕੀ ਦੇ ਬਾਹਰ ਹੋਣ ਦਾ ਪਤਾ ਲਗਿਆ ਤਾਂ ਉਸਨੇ ਆਪਣੀਆਂ ਪੋਤੀਆਂ ਨੂੰ ਕਿਹਾ।
ਕੁਝ ਕੁ ਦਿਨ ਹੋਏ ਗੁਰਦੇ ਦੀ ਪੱਥਰੀ ਹਿਲਣ ਕਰਕੇ ਇਸ ਨੂੰ ਇਨਫੈਕਸ਼ਨ ਹੋ ਗਈ ਤੇ ਪਿਸ਼ਾਬ ਨਾਲ਼ ਖੂਨ ਆਉਣ ਲੱਗ ਗਿਆ। ਇਸਦਾ ਅਲਟਰਾ ਸਾਉਂਡ ਕਰਵਾਇਆ ਤੇ ਡਾਕਟਰ ਤੋਂ ਦਵਾਈ ਲਿਆਂਦੀ ਤਾਂਕਿ ਅਪਰੇਸ਼ਨ ਤੋਂ ਬਚਿਆ ਜਾ ਸਕੇ। ਕਿਉਂਕਿ ਇਸਦੇ ਪਹਿਲੇ ਅਪਰੇਸ਼ਨ ਦਾ ਜਖਮ ਹੀ ਮਸਾਂ ਭਰਿਆ ਸੀ।
ਹੁਣ ਇਸ ਗੁਆਂਢੀ ਨੂੰ ਕਿਵੇਂ ਸਮਝਾਈਐ ਕਿ ਇਹ ਕਤੀੜ ਨਹੀਂ ਹੁੰਦੇ ਸਗੋਂ ਘਰ ਦੇ ਜੀਅ ਹੁੰਦੇ ਹਨ। ਬੇਂਜ਼ੁਬਾਨ ਹੁੰਦੇ ਹਨ ਪਰ ਵਫ਼ਾਦਾਰ ਹੁੰਦੇ ਹਨ। ਜਿਹੜੇ ਮੈਨੂੰ ਪਿਆਰ ਕਰਦੇ ਹਨ ਉਹ ਮੇਰੇ ਪਾਲਤੂ ਨੂੰ ਵੀ ਪਿਆਰ ਕਰਦੇ ਹਨ। ਜਿੰਨਾਂ ਨੂੰ ਇਸ ਚੋ ਮੁਸ਼ਕ ਆਉਂਦੀ ਹੈ ਉਹਨਾਂ ਨੂੰ ਮੇਰੇ ਚੋ ਵੀ ਮੁਸ਼ਕ ਆਉਂਦੀ ਹੈ। ਮੇਰੇ ਬਹੁਤੇ ਦੋਸਤ ਘਰੇ ਆਕੇ ਯ ਫੋਨ ਤੇ ਮੇਰਾ ਹਾਲ ਪੁੱਛਣ ਨਾ ਪੁੱਛਣ ਵਿਸ਼ਕੀ ਬਾਰੇ ਜਰੂਰ ਪੁੱਛਦੇ ਹਨ। ਇਹ ਪਾਲਤੂ ਬਹੁਤੇ ਰਿਸ਼ਤੇਦਾਰਾਂ ਤੋਂ ਵੀ ਚੰਗੇ ਹੁੰਦੇ ਹਨ ਕਿਉਂਕਿ ਇਹ ਸਮਝਦਾਰ ਹੁੰਦੇ ਹਨ ਲਾਲਚੀ ਨਹੀਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ