ਉਹ ਵੇਲਾ ਯਾਦ ਹੈ ਜਦੋਂ ਕਿਸੇ ਖਾਸ ਮਹਿਮਾਨ ਦੇ ਆਉਣ ਤੇ ਹੀ ਘਰੇ ਮੰਜਾ ਡਾਹਿਆ ਜਾਂਦਾ ਸੀ। ਤੇ ਜਵਾਈ ਭਾਈ ਦੇ ਆਉਣ ਤੇ ਮੰਜੇ ਤੇ ਬਿਸਤਰਾ ਯ ਚਾਦਰ ਵਿਛਾਈ ਜਾਂਦੀ ਸੀ। ਉਂਜ ਮੰਜੇ ਸਾਰਾ ਦਿਨ ਖਡ਼ੇ ਹੀ ਰੱਖੇ ਜਾਂਦੇ ਸਨ ਤੇ ਰਾਤ ਨੂੰ ਡਾਹੇ ਤੇ ਬਿਛਾਏ ਜਾਂਦੇ ਸਨ। ਬਜ਼ੁਰਗਾਂ ਤੇ ਬਿਮਾਰਾਂ ਤੋਂ ਇਲਾਵਾ ਦਿਨੇ ਮੰਜੇ ਤੇ ਕੋਈ ਨਹੀਂ ਸੀ ਬੈਠਦਾ।ਲੇਟਨਾ ਤਾਂ ਦੂਰ ਦੀ ਗੱਲ ਹੈ। ਬੰਦੇ ਤੁਰਦੇ ਫਿਰਦੇ ਵਾਣ ਵੱਟਦੇ, ਰੱਸੇ ਵੱਟਦੇ ਸਣ ਕੱਢਦੇ, ਟੀਂਡੇ ਚੁਗਦੇ ਯ ਕੋਈ ਹੋਰ ਕੰਮ ਕਰਦੇ ਰਹਿੰਦੇ। ਯ ਦਰੱਖਤਾਂ ਥੱਲੇ ਬੈਠਕੇ ਕੋਈ ਕੰਮ ਕਰਦੇ ਤੇ ਜਿਆਦਾ ਵੇਹਲੇ ਭੁੰਜੇ ਬੈਠਕੇ ਹੀ ਤਾਸ਼ ਯ ਬਾਰਾਂ ਡੀਟੀ ਖੇਡਦੇ। ਤੇ ਔਰਤਾਂ ਰੋਟੀ ਬਨਾਉਣ ਤੋਂ ਲੈਕੇ ਚਰਖਾ ਕਤਣ, ਦਰੀਆਂ ਖੇਸ ਬੁਣਨ, ਅਟੇਰਨ,ਨਾਲੇ ਪੱਖੀਆਂ ਬਣਾਉਣ ਦਾ ਕੰਮ ਜਮੀਨ ਤੇ ਬੈਠਕੇ ਹੀ ਕਰਦੀਆਂ ਸਨ। ਪਿੰਡਾਂ ਸ਼ਹਿਰਾਂ ਵਿੱਚ ਹੱਟੀਆਂ ਵਾਲੇ ਸੇਠ ਵੀ ਭੁੰਜੇ ਹੀ ਬੈਠਦੇ। ਆੜਤੀਆਂ ਦੀਆਂ ਗੱਦੀਆਂ ਵੀ ਥੱਲੇ ਜਮੀਨ ਤੇ ਹੀ ਲੱਗੀਆਂ ਹੁੰਦੀਆਂ ਸਨ। ਕਪੜੇ ਦੀਆਂ ਦੁਕਾਨਾਂ, ਮੁਨੀਆਰੀ ਵਾਲੇ, ਸੁਨਿਆਰੇ ਸਭ ਥੱਲੇ ਜਮੀਨ ਤੇ ਬੈਠਕੇ ਕੰਮ ਕਰਦੇ। ਕੋਈ ਪੁਲਸ ਅਫਸਰ ਯ ਕੋਈ ਵੱਡਾ ਸਰਦਾਰ ਜਦੋ ਆਉਂਦਾ ਤਾਂ ਉਹ ਮੰਜੇ ਤੇ ਬੈਠਦਾ ਤੇ ਬਾਕੀ ਲੋਕ ਭੁੰਜੇ ਜਮੀਨ ਤੇ ਬੈਠਦੇ। ਸਕੂਲਾਂ ਵਿੱਚ ਜੁਆਕ ਜਮੀਨ ਤੇ ਤਪੜਾਂ ਤੇ ਬੈਠਕੇ ਪੜ੍ਹਾਈ ਕਰਦੇ। ਲੋਕ ਜਮੀਨ ਨਾਲ ਜੁੜੇ ਹੋਏ ਸਨ।
ਪਰ ਹੁਣ ਜ਼ਮਾਨਾ ਬਦਲ ਗਿਆ ਹੈ। ਲੋਕ ਜਮੀਨ ਤੋਂ ਕੁਰਸੀਆਂ ਤੇ ਆ ਗਏ ਹਨ। ਹੁਣ ਆੜਤੀ, ਹਲਵਾਈ, ਦਵਾਈਆਂ ਵਾਲੇ, ਕਪੜੇ ਵਾਲੇ ਸਭ ਕੁਰਸੀਆਂ ਤੇ ਬੈਠਦੇ ਹਨ। ਤੇ ਗ੍ਰਾਹਕਾਂ ਲਈ ਵੀ ਕੁਰਸੀਆਂ ਰੱਖੀਆਂ ਹੁੰਦੀਆਂ ਹਨ। ਗੱਲ ਕੀ ਮੋਹੱਲੇ ਵਿੱਚ ਗੋਲੀਆਂ ਟੌਫੀਆਂ ਦੀ ਦੁਕਾਨ ਕਰਨ ਵਾਲਾ ਵੀ ਪਹਿਲਾਂ ਕਾਊਂਟਰ ਤੇ ਘੁੰਮਣ ਵਾਲੀ ਕੁਰਸੀ ਦਾ ਪ੍ਰਬੰਧ ਕਰਦਾ ਹੈ। ਮੰਦਿਰ, ਮਸਜਿਦ, ਗੁਰੂਦਵਾਰੇ ਤੇ ਸ਼ਮਸ਼ਾਨ ਘਾਟ ਤੇ ਵੀ ਕੁਰਸੀਆਂ ਦਾ ਪ੍ਰਬੰਧ ਹੁੰਦਾ ਹੈ। ਰੈਲੀਆਂ ਤੇ ਵੀ ਕੁਰਸੀਆਂ ਲਗਵਾਉਣ ਦਾ ਰਿਵਾਜ ਨਹੀਂ ਜਰੂਰੀ ਹੋ ਗਿਆ। ਇੱਕ ਧਰਨੇ ਤੇ ਕੁਰਸੀ ਨਹੀਂ ਪਹੁੰਚੀ ਅਜੇ। ਘਰਾਂ ਵਿੱਚ ਜਿੰਨੇ ਕਮਰੇ ਓੰਨੇ ਡਬਲ ਬੈਡ ਲੱਗ ਗਏ ਹਨ। ਸੁਣਿਆ ਸੀ ਘੋੜਾ ਕਦੇ ਬੈਠਦਾ ਨਹੀਂ। ਜੇ ਉਹ ਬੈਠ ਜਾਵੇ ਤਾਂ ਸਮਝੋ ਉਹ ਬਿਮਾਰ ਹੈ। ਪਹਿਲਾਂ ਲੋਕ ਵੀ ਘੋੜੇ ਵਰਗੇ ਹੁੰਦੇ ਸਨ। ਪਰ ਅੱਜ ਕੱਲ ਬੈੱਡ ਲਗਿਆ ਵੇਖਕੇ ਹਰ ਕੋਈ ਲਿੱਟਣ ਦੀ ਕਰਦਾ ਹੈ। ਬਾਹਰੋਂ ਆਕੇ ਢੂਹੀ ਸਿੱਧੀ ਕਰਨ ਦੀ ਗੱਲ ਕਰਦਾ ਹੈ। ਕਈ ਸੋਫ਼ੇ ਤੇ ਹੀ ਲੇਟ ਜਾਂਦੇ ਹਨ। ਸਕੂਲਾਂ ਕਾਲਜਾਂ ਦੀਆਂ ਅਧਿਆਪਕਾਵਾਂ ਸਟਾਫ ਰੂਮ ਵਿੱਚ ਵਿਛੀ ਦਰੀ ਨੂੰ ਬਿਸਤਰ ਬਣਾ ਲੈਂਦੀਆਂ ਹਨ। ਹੁਣ ਜੁਆਕ ਵੀ ਜਮੀਨ ਤੇ ਨਹੀਂ ਖੇਡਦੇ। ਬਿਸਤਰ ਤੇ ਪਏ ਮੋਬਾਇਲ ਨਾਲ ਖੇਡਦੇ ਹਨ। ਲਗਦਾ ਹੈ ਹੁਣ ਸਾਰੇ ਬਿਮਾਰ ਹਨ ਯ ਬਿਮਾਰੀ ਵੱਲ ਵਧ ਰਹੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ