ਕਹਿੰਦੇ ਹਨ ਜੋੜੀਆਂ ਸਵਰਗ ਤੋਂ ਬਣ ਕੇ ਆਉਦੀਆਂ ਹਨ। ਜਿਸ ਦਾ ਮਿਲਣਾ ਲਿਖਿਆ ਹੋਵੇ,ਉਹ ਕਿਸੇ ਵੀ ਤਰ੍ਹਾਂ ਮਿਲ ਹੀ ਜਾਂਦੇ ਹਨ ,ਚਾਹੇ ਹਲਾਤ ਕਿਸੇ ਤਰ੍ਹਾਂ ਦੇ ਵੀ ਹੋਣ ।
ਸ਼ਰਨ ਅਤੇ ਪ੍ਰੀਤ ਦੋਨੋਂ ਸਕੀਆਂ ਭੈਣਾਂ ਸਨ ।ਬਚਪਨ ਵਿਚ ਹੀ ਇਨ੍ਹਾਂ ਦੇ ਪਿਤਾ ਜੀ ਦੀ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।ਦੋਹਾਂ ਦ ਪਾਲਣ ਪੋਸ਼ਣ ਮਾਂ ਹੀ ਕਰਦੀ ਸੀ ।ਪਿਓ ਮਰਨ ਉਪਰੰਤ ਦੋਵਾਂ ਲਈ ਚੰਗੀ ਜ਼ਮੀਨ ਜਾਇਦਾਦ ਛੱਡ ਕੇ ਗਿਆ ਸੀ । ਸ਼ਰਨ ਅਤੇ ਪ੍ਰੀਤ ਦੇ ਕੋਈ ਭਰਾ ਨਾ ਹੋਣ ਕਰਕੇ ਚਾਚੇ ,ਤਾਏ ਉਸ ਜ਼ਮੀਨ ਉੱਤੇ ਕਬਜ਼ਾ ਕਰਨਾ ਚਾਹੁੰਦੇ ਸਨ ।ਪਰ ਸ਼ਰਨ ਤੇ ਪ੍ਰੀਤ ਦੇ ਮਾਮੇ ਨੇ ਭੱਜ ਨੱਸ ਕੇ ਆਪਣੀ ਭੈਣ ਨੂੰ ਬਣਦਾ ਹੱਕ ਦਵਾ ਕੇ ਅਲੱਗ ਕਰਵਾ ਦਿੱਤਾ ।
ਸਮਾਂ ਬੀਤਦਾ ਗਿਆ ਅਤੇ ਦੋਹਾਂ ਭੈਣਾਂ ਦੀ ਉਮਰ ਵਿਆਹੁਣ ਯੋਗ ਹੋ ਗਈ ।ਮਾਮੇ ਨੇ ਵਧੀਆ ਰਿਸ਼ਤਾ ਲੱਭ ਸ਼ਰਨ ਦਾ ਵਿਆਹ ਕਰ ਦਿੱਤਾ ।ਮਾਮਾ ਸ਼ਰਨ ਦੇ ਪਤੀ ਨੂੰ ਸਾਰੇ ਘਰ ਦੀ ਜਿੰਮੇਵਾਰੀ ਦੇ ਕੇ ਆਪ ਸੁਰਖਰੂ ਹੋ ਗਿਆ ।ਸਮੇਂ ਨਾਲ ਪ੍ਰੀਤ ਵੀ ਆਪਣੇ ਜੀਜੇ ਨਾਲ ਘੁਲਮਿਲ ਗਈ ।ਹੁਣ ਸਾਰੇ ਘਰ ਦੀ ਜਿੰਮੇਵਾਰੀ ਸ਼ਰਨ ਅਤੇ ਉਸਦੇ ਪਤੀ ਦੇ ਹੱਥ ਵੱਸ ਸੀ ।ਕੁਝ ਸਮੇਂ ਮਗਰੋਂ ਪ੍ਰੀਤ ਲਈ ਰਿਸ਼ਤਾ ਆਇਆ ਅਤੇ ਜੀਜੇ ਨੇ ਰਿਸ਼ਤੇ ਲਈ ਮਨਾਂ ਕਰ ਦਿੱਤਾ ।ਪਰ ਮਾਮੇ ਨੇ ਵਿੱਚ ਪੈ ਕੇ ਰਿਸ਼ਤਾ ਪੱਕਾ ਕਰ ਦਿੱਤਾ ।ਸ਼ਰਨ ਦਾ ਪਤੀ ਰਿਸ਼ਤੇ ਤੋਂ ਨਾਖੁਸ਼ ਸੀ ਪਰ ਮਾਮੇ ਸਾਹਮਣੇ ਨਾ ਕਰਨ ਚ ਸ਼ਰਮ ਮਹਿਸੂਸ ਕਰਦਾ ਚੁੱਪ ਕਰ ਰਿਹਾ ।
ਦੋ ਕ ਮਹੀਨੇ ਦੀ ਵਿਥ ਨਾਲ ਹਰਮਨ ਅਤੇ ਪ੍ਰੀਤ ਦਾ ਵਿਆਹ ਕਰ ਦਿੱਤਾ ।ਵਿਆਹ ਤੋਂ ਬਾਅਦ ਪ੍ਰੀਤ ਅਤੇ ਹਰਮਨ ਬਹੁਤ ਖੁਸ਼ ਸਨ ।ਹਰਮਨ ਪ੍ਰੀਤ ਦਾ ਬਹੁਤ ਧਿਆਨ ਰੱਖਦਾ ਸੀ ।ਜਿਸ ਕਰਕੇ ਸ਼ਰਨ ਨੂੰ ਪ੍ਰੀਤ ਤੋਂ ਜਲਣ ਮਹਿਸੂਸ ਹੋਣ ਲੱਗੀ ।ਇਸ ਜਲਣ ਕਰਕੇ ਸ਼ਰਨ ਅਤੇ ਉਸਦੇ ਪਤੀ ਨੇ ਮਿਲ ਕੇ ਪ੍ਰੀਤ ਨੂੰ ਹਰਮਨ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ ।ਅਸਲ ਚ ਸ਼ਰਨ ਅਤੇ ਉਸਦੇ ਪਤੀ ਨੂੰ ਹੁਣ ਪ੍ਰੀਤ ਦਾ ਜ਼ਮੀਨ ਚ ਬਰਾਬਰ ਦੀ ਹਿਸੇਦਾਰ ਬਣਨਾ ਚੁੱਭਦਾ ਸੀ ।ਦੋਹਾਂ ਪਤੀ ਪਤਨੀ ਦੇ ਮਨ ਵਿਚ ਪ੍ਰੀਤ ਦੇ ਹਿੱਸੇ ਦੀ ਜ਼ਮੀਨ ਹੜ੍ਹਪਨ ਦਾ ਲਾਲਚ ਆ ਗਿਆ ਸੀ ।
ਦੋਵੇਂ ਪ੍ਰੀਤ ਨੂੰ ਹਰਮਨ ਵਿਰੁੱਧ ਭੜਕਾਉਣ ਦੀ ਕੋਸ਼ਿਸ਼ ਕਰਦੇ ਅਤੇ ਉਸ ਕੋਸ਼ਿਸ਼ ਵਿੱਚ ਸਫਲ ਵੀ ਹੋ ਜਾਂਦੇ ।ਸ਼ਰਨ ਅਤੇ ਉਸਦੇ ਪਤੀ ਦੁਆਰਾ ਸੁੱਟੀ ਚੰਗਿਆੜੀ ਕਰਕੇ ਹਰਮਨ ਅਤੇ ਪ੍ਰੀਤ ਦਾ ਰਿਸ਼ਤਾ ਧੁਖਣ ਲੱਗਾ ।ਹੁਣ ਦੋਨੋਂ ਨਿੱਕੀ ਨਿੱਕੀ ਗੱਲ ਉੱਤੇ ਖਿਝੇ ਰਹਿੰਦੇ ਅਤੇ ਲੜਨ ਲੱਗਦੇ ।ਪ੍ਰੀਤ ਥੋੜ੍ਹੀ ਜਿਹੀ ਗੱਲ ਵੀ ਨਾ ਸਹਾਰਦੀ ਅਤੇ ਗੁੱਸੇ ਹੋ ਕੇ ਪੇਕੇ ਆ ਜਾਂਦੀ ।ਸ਼ਰਨ ਅਤੇ ਉਸਦਾ ਪਤੀ ਪ੍ਰੀਤ ਨੂੰ ਸਮਝਾਉਣ ਦੀ ਥਾਂ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕਰਦੇ ।
ਪ੍ਰੀਤ ਅਤੇ ਹਰਮਨ ਦੇ ਰਿਸ਼ਤੇ ਚ ਦਰਾਰ ਲਗਾਤਾਰ ਵੱਧਦੀ ਗਈ ।ਜੀਜੇ ਦੇ ਕਹਿਣ ਉੱਤੇ ਪ੍ਰੀਤ ਨੇ ਹਰਮਨ ਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ ।ਹਰਮਨ ਨੇ ਪ੍ਰੀਤ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰੀਤ ਆਪਣੇ ਫੈਸਲੇ ਉੱਤੇ ਅੜੀ ਰਹੀ ।ਅੰਤ ਦੋਹਾਂ ਵਿਚ ਤਲਾਕ ਹੋ ਗਿਆ ।
ਹਰਮਨ ਬੁਝਿਆ ਬੁਝਿਆ ਰਹਿਣ ਲੱਗਾ ਤਾਂ ਘਰਦਿਆ ਨੇ ਹਰਮਨ ਨੂੰ ਇਟਲੀ ਭੇਜ ਦਿੱਤਾ ।ਇਟਲੀ ਜਾ ਹਰਮਨ ਨੇ ਆਪਣੇ ਆਪ ਨੂੰ ਹਰ ਸਮੇਂ ਕੰਮ ਲਾਈ ਰੱਖਣਾ ।ਜਿਸ ਕਰਕੇ ਹਰਮਨ ਆਪਣੇ ਅਤੀਤ ਨੂੰ ਭੁੱਲ ਨੂੰ ਕੋਸ਼ਿਸ਼ ਕਰਦਾ ਰਹਿੰਦਾ ।
ਇਧਰ ਭੈਣ ਅਤੇ ਜੀਜੇ ਨੇ ਪ੍ਰੀਤ ਲਈ ਆਉਣ ਵਾਲੇ ਹਰ ਰਿਸ਼ਤੇ ਚ ਕੋਈ ਨੁਕਸ ਕੱਢ ਕੇ ਇਨਕਾਰ ਕਰ ਦੇਣਾ ।ਕਿਉਂਕਿ ਦੋਨੋਂ ਪਤੀ ਪਤਨੀ ਪ੍ਰੀਤ ਲਈ ਅਜਿਹਾ ਰਿਸ਼ਤਾ ਲੱਭਦੇ ਸੀ ਜੋ ਸਿਰਫ ਉਹਨਾਂ ਦੇ ਹੱਥ ਦੀ ਕਠਪੁਤਲੀ ਬਣ ਕੇ ਰਹੇ ।ਅੱਠ ਨੌ ਸਾਲ ਰਿਸ਼ਤੇ ਆਉਦੇ ਰਹੇ ਪਰ ਭੈਣ ਅਤੇ ਜੀਜੇ ਨੇ ਕਿਸੇ ਰਿਸ਼ਤੇ ਲਈ ਹਾਂ ਨਾ ਕੀਤੀ ।ਮਾਂ ਜੇ ਕਿਸੇ ਰਿਸ਼ਤੇ ਨੂੰ ਮਨ ਬਣਾਉਦੀ ਤਾਂ ਦੋਨੋਂ ਉਸ ਮੁੰਡੇ ਦੀ ਕਮੀਆਂ ਦੱਸ ਦੱਸ ਕੇ ਇਨਕਾਰ ਕਰ ਦਿੰਦੇ ।ਬੇਵਸ ਮਾਂ ਚੁੱਪ ਕਰ ਰਹਿੰਦੀ ।ਹੌਲੀ ਹੌਲੀ ਵਿਆਹ ਦੀ ਉਮਰ ਲੰਘ ਗਈ ਅਤੇ ਪ੍ਰੀਤ ਦੇ ਮੱਥੇ ਤਲਾਕ ਦਾ ਕਲੰਕ ਸਦਾ ਲਈ ਲੱਗ ਗਿਆ ।
ਸ਼ਰਨ ਅਤੇ ਉਸਦੇ ਪਤੀ ਨੇ ਆਪਣੇ ਰਸਤੇ ਦਾ ਰੋੜਾ ਕੱਢਣ ਦੀ ਤਰਕੀਬ ਬਣਾਈ ।ਦੋਹਾਂ ਨੇ ਮਿੱਠੇ ਹੋ ਕੇ ਪ੍ਰੀਤ ਨੂੰ ਬਾਹਰ ਜਾਣ ਦੇ ਸੁਪਨੇ ਦਿਖਾਏ ।ਫੇਰ ਬਾਹਰ ਜਾਣ ਦੇ ਕਾਗਜ਼ ਬਣਾਉਣ ਦੇ ਬਹਾਨੇ ਜਮੀਨ ਦੇ ਕਾਗਜ਼ ਬਣਾ ਕੇ ਪ੍ਰੀਤ ਤੋਂ ਦਸਤਖਤ ਕਰਵਾਏ ।ਦੋਹਾਂ ਨੇ ਚਲਾਕੀ ਨਾਲ ਜ਼ਮੀਨ ਆਪਣੇ ਨਿਮ ਕਰਵਾ ਲਈ ।ਇਕ ਦਿਨ ਕਿਸੇ ਨੁਕਸਾਨ ਦਾ ਬਹਾਨਾ ਬਣਾ ਕੇ ਸ਼ਰਨ ਅਤੇ ਉਸਦੇ ਪਤੀ ਨੇ ਪ੍ਰੀਤ ਨੂੰ ਘਰੋਂ ਬਾਹਰ ਕੱਢ ਦਿੱਤਾ ।ਮਾਂ ਨੇ ਬਹੁਤ ਤਰਲੇ ਪਾਏ ਕਿ ਇਹ ਤੁਹਾਡੇ ਘਰ ਦਾ ਕੰਮ ਕਰਕੇ ਦੋ ਵਕਤ ਦੀ ਰੋਟੀ ਉੱਤੇ ਦਿਨ ਕੱਟੀ ਕਰਲੂ ਪਰ ਇਸ ਮਾਸੂਮ ਨੂੰ ਬਾਹਰ ਨਾ ਕੱਢੋ ।ਉਹ ਤਾਂ ਪਹਿਲਾਂ ਹੀਵਕਤ ਦੀ ਮਾਰੀ ਆ ।ਪਰ ਦੋਹਾਂ ਉਤੇ ਮਾਂ ਦੇ ਤਰਲਿਆਂ ਦਾ ਕੋਈ ਅਸਰ ਨਹੀਂ ਹੋਇਆ ।ਹੁਣ ਦੋਹਾਂ ਨੇ ਪ੍ਰੀਤ ਦੇ ਨਾਲ ਮਾਂ ਨੂੰ ਵੀ ਘਰੋਂ ਬਾਹਰ ਕੱਢ ਦਿੱਤਾ ।
ਪ੍ਰੀਤ ਨੂੰ ਹੁਣ ਹਰਮਨ ਨੂੰ ਛੱਡਣ ਕਰਕੇ ਪਛਤਾ ਰਹੀ ਸੀ ਪਰ ਹੁਣ ਕੁਝ ਨਹੀਂ ਹੋ ਸਕਦਾ ਸੀ ।ਗੁਜ਼ਾਰਾ ਕਰਨ ਲਈ ਪ੍ਰੀਤ ਨੇ ਨੌਕਰੀ ਲੱਭੀ ਅਤੇ ਕਿਰਾਏ ਉਤੇ ਕਮਰਾ ਲੈ ਕੇ ਮਾਂ ਨਾਲ ਰਹਿਣ ਲੱਗੀ ।ਮਾਂ ਧੀ ਨਾਲ ਹੋਏ ਧੋਖੇ ਦਾ ਦੁੱਖ ਨਾ ਸਹਾਰਦੀ ਹੋਈ ਬਿਮਾਰ ਰਹਿਣ ਲੱਗੀ ।ਪ੍ਰੀਤ ਮਾਂ ਨੂੰ ਬਹੁਤ ਹੌਸਲਾ ਦਿੰਦੀ ਪਰ ਮਾਂ ਦੇ ਦਿਲ ਨੂੰ ਫੇਰ ਵੀ ਪ੍ਰੀਤ ਦੀ ਪੀੜ ਦਾ ਅਹਿਸਾਸ ਹੋ ਜਾਂਦਾ ।ਛੇ ਸਾਲ ਬਾਅਦ ਮਾਂ ਚੱਲ ਵਸੀ ।ਮਾਂ ਦੇ ਜਾਣ ਬਾਅਦ ਪ੍ਰੀਤ ਬਿਲਕੁਲ ਇਕੱਲੀ ਰਹਿ ਗਈ।
ਮਾਂ ਦੇ ਜਾਣ ਬਾਅਦ ਪੱਚੀ ਸਾਲ ਹੋਰ ਬੀਤ ਜਾਣ ਉੱਤੇ ਵੀ ਪ੍ਰੀਤ ਲਈ ਸਭ ਕੁਝ ਸਹਿਣ ਕਰਨਾ ਬਹੁਤ ਔਖਾ ਸੀ ।ਪ੍ਰੀਤ ਫੇਰ ਵੀ ਹਿੰਮਤ ਕਰ ਸਭ ਸਹਿ ਰਹੀ ਸੀ ।ਪ੍ਰੀਤ ਆਪਣੇ ਆਪ ਨੂੰ ਹਰ ਸਮੇਂ ਨੌਕਰੀ ਦੇ ਕੰਮ ਵਿੱਚ ਲਾਈ ਰੱਖਦੀ ।ਕਿਸੇ ਨਾਲ ਵੀ ਗੱਲ ਨਾ ਕਰਦੀ ਬਸ ਚੁੱਪ ਕਰਕੇ ਹਰ ਸਮੇਂ ਖੁਦ ਨੂੰ ਕੰਮ ਵਿਚ ਉਲਝਾਈ ਰੱਖਦੀ ।ਪ੍ਰੀਤ ਨਾਲ ਕੰਮ ਕਰਦੀ ਔਰਤ ਨੇ ਪ੍ਰੀਤ ਨੂੰ ਆਪਣੇ ਮੁੰਡੇ ਦੇ ਵਿਆਹ ਦੀ ਪਾਰਟੀ ਉੱਤੇ ਬੁਲਾਇਆ ।
ਪਾਰਟੀ ਦੋ ਦਿਨ ਬਾਅਦ ਸੀ ।ਪਾਰਟੀ ਦਾ ਦਿਨ ਆ ਗਿਆ ।ਪ੍ਰੀਤ ਸਮੇਂ ਸਿਰ ਪਾਰਟੀ ਤੇ ਪਹੁੰਚ ਗਈ ।ਪ੍ਰੀਤ ਇਕ ਟੇਬਲ ਤੇ ਇਕੱਲੀ ਬੈਠੀ ਪਾਰਟੀ ਵਿਚ ਹੋ ਰਹੀ ਹਲਚਲ ਦੇਖ ਰਹੀ ਸੀ ਕਿ ਅਚਾਨਕ ਉਸਦੇ ਟੇਬਲ ਤੇ ਕੋਈ ਆ ਕੇ ਬੈਠ ਗਿਆ ।ਪ੍ਰੀਤ ਚੌਕ ਗਈ।ਪ੍ਰੀਤ ਨੇ ਹੈਰਾਨੀ ਜਾਹਰ ਕਰਦੇ ਹੋਏ ਕਿਹਾ ,ਹਰਮਨ ਤੁਸੀਂ ਇਥੇ ਕਿਦਾਂ?ਹਰਮਨ ਨੇ ਕਿਹਾ ਕਿ ਮੁੰਡੇ ਦਾ ਬਾਪ ਮੇਰਾ ਪੱਕਾ ਦੋਸਤ ਹੈ ।ਮੈਂ ਉਸਦੇ ਮੁੰਡੇ ਦੇ ਵਿਆਹ ਕਰਕੇ ਸ਼਼ਪੈਸ਼ਲ ਇਟਲੀ ਤੋਂ ਆਇਆ।ਫੇਰ ਦੋਨੋਂ ਕਾਫੀ ਸਮੇਂ ਤੱਕ ਗੱਲਾਂ ਕਰਦੇ ਰਹੇ।
ਚਾਲੀ ਸਾਲ ਬਾਅਦ ਮਿਲਣ ਦੀ ਖੁਸ਼ੀ ਦੋਹਾਂ ਦੇ ਚਿਹਰਿਆਂ ਉੱਤੇ ਸਾਫ ਝਲਕ ਰਹੀ ਸੀ ।ਦੋਹਾਂ ਨੇ ਕਿਸੇ ਦਿਨ ਬਾਹਰ ਮਿਲਣ ਦਾ ਪ੍ਰੋਗਰਾਮ ਬਣਾ ਕੇ ਇਕ ਦੂਜੇ ਤੋਂ ਵਿਦਾ ਹੋਣ ਦੀ ਆਗਿਆ ਲਈ।ਫੇਰ ਹਰਮਨ ਨੇ ਜਗ੍ਹਾਂ ਦੱਸ ਕੇ ਪ੍ਰੀਤ ਨੂੰ ਮਿਲਣ ਲਈ ਬੁਲਾਇਆ ।ਪ੍ਰੀਤ ਸਮੇਂ ਸਿਰ ਦੱਸੀ ਜਗ੍ਹਾ ਤੇ ਪਹੁੰਚ ਗਈ ।ਕੁਝ ਸਮਾਂ ਗੱਲਾਂ ਕਰਨ ਮਗਰੋਂ ਹਰਮਨ ਨੇ ਪ੍ਰੀਤ ਦੀ ਤਲਾਕ ਬਾਅਦ ਦੀ ਜਿੰਦਗੀ ਬਾਰੇ ਪੁਛਿਆ ।ਪ੍ਰੀਤ ਨੇ ਸਾਰੀ ਹੱਡਬੀਤੀ ਸੁਣਾ ਦਿੱਤੀ ।
ਫਿਰ ਹਰਮਨ ਨੇ ਦੱਸਿਆ ਕਿ ਮੈਂ ਵੀ ਵਿਆਹ ਨਹੀਂ ਕਰਵਾਇਆ ।ਦੋਹਾਂ ਨੇ ਫੇਰ ਤੋਂ ਇਕ ਦੂਜੇ ਨਾਲ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ।ਚਾਲੀ ਸਾਲ ਬਾਅਦ ਦੋਹਾਂ ਨੇ ਉਸੇ ਕੋਰਟ ਚ ਜਾ ਕੇ ਕੋਰਟ ਮੈਰਿਜ ਕਰਵਾਈ ਜਿਥੇ ਚਾਲੀ ਸਾਲ ਪਹਿਲਾਂ ਤਲਾਕ ਲੈ ਕੇ ਅਲੱਗ ਹੋਏ ਸੀ।
ਆਪਣਿਆਂ ਦੇ ਮਤਲਬ ਕਰਕਗ ਹਰਮਨ ਅਤੇ ਪ੍ਰੀਤ ਚਾਲੀ ਸਾਲ ਇਕ ਦੂਜੇ ਤੋਂ ਦੂਰ ਰਹੇ ਪਰ ਚਾਲ ਸਾਲ ਬਾਅਦ ਕਿਸਮਤ ਨੇ ਫੇਰ ਬਹਾਨਾ ਬਣਾ ਕੇ ਦੋਹਾਂ ਨੂੰ ਮਿਲਾ ਹੀ ਦਿੱਤਾ ।