ਮੰਗਣੀ ਹੋਣ ਮਗਰੋਂ ਬੇਅੰਤ ਆਪਣੀਆਂ ਸਹੇਲੀਆਂ ਪ੍ਰੀਤ ਅਤੇ ਲੱਖੀ ਨਾਲ ਗੱਲ ਕਰ ਰਹੀ ਸੀ । ਪ੍ਰੀਤ ਅਤੇ ਲੱਖੀ ਨੇ ਬੇਅੰਤ ਨੂੰ ਉਸਦੇ ਸਹੁਰੇ ਪਰਿਵਾਰ ਬਾਰੇ ਪੁੱਛਿਆ ਤਾਂ ਬੇਅੰਤ ਨੇ ਦੱਸ ਦਿੱਤਾ ਕਿ ਮੇਰੇ ਸਹੁਰੇ ਪਰਿਵਾਰ ਚ ਹੋਣ ਵਾਲਾ ਪਤੀ , ਸਹੁਰਾ ਅਤੇ ਨਨਾਣ ਹੈ , ਸੱਸ ਦੀ ਕੁਝ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ । ਪ੍ਰੀਤ ਅਤੇ ਲੱਖੀ ਇਕੱਠੀਆਂ ਬੋਲੀਆਂ ਕਿ ਫਿਰ ਤਾਂ ਘਰ ਚ ਤੇਰੀ ਮਰਜ਼ੀ ਚੱਲੂ । ਤੇਰਾ ਜੋ ਦਿਲ ਕਰੂ ਤੂੰ ਉਹ ਆਜ਼ਾਦੀ ਨਾਲ ਕਰ ਸਕੇਗੀ । ਸਾਡੇ ਹਾਲ ਦਾ ਤੈਨੂੰ ਪਤਾ ਹੀ ਹੈ ਕਿ ਕਿਦਾਂ ਸੱਸਾਂ ਤੰਗ ਕਰਦੀਆਂ । ਸਾਰਾ ਦਿਨ ਨੋਕ ਝੋਕ ਹੀ ਕਰਦੀਆਂ ਰਹਿੰਦੀਆਂ ,ਕੰਮ ਦਾ ਡੰਕਾ ਨੀ ਤੋੜਨਾ ਹੁੰਦਾ । ਦੋਨੋਂ ਲਗਾਤਾਰ ਬੋਲਦੀਆਂ ਜਾ ਰਹੀਆਂ ਸੀ । ਬੇਅੰਤ ਮਨ ਹੀ ਮਨ ਖੁਸ਼ ਹੋ ਰਹੀ ਸੀ ਕਿ ਮੈਨੂੰ ਰੋਕ ਟੋਕ ਕਰਨ ਵਾਲੀ ਸੱਸ ਨਹੀਂ ਹੈ ।
ਕੁਝ ਮਹੀਨੇ ਗੁਜ਼ਰੇ ਅਤੇ ਵਿਆਹ ਦਾ ਦਿਨ ਆ ਗਿਆ । ਕੁਝ ਦਿਨ ਵਿਆਹ ਦੀਆਂ ਰਸਮਾਂ ਦੀ ਭੱਜ ਦੌੜ ਚ ਨਿਕਲ ਗਏ । ਸਾਰੀਆਂ ਰਸਮਾਂ ਹੋਣ ਮਗਰੋਂ ਜਿੰਦਗੀ ਆਪਣੀ ਲੀਹੇ ਪੈ ਗਈ । ਨਨਾਣ ਵੀ ਵਿਆਹ ਮਗਰੋਂ ਸਹੁਰੇ ਘਰ ਚਲੀ ਗਈ ਤਾਂ ਬੇਅੰਤ ਘਰ ਵਿੱਚ ਇਕੱਲੀ ਰਹਿੰਦੀ । ਕੰਮ ਕਰਨ ਮਗਰੋਂ ਫੋਨ ਉੱਤੇ ਸਹੇਲੀਆਂ ਨਾਲ ਗੱਲਾਂ ਕਰਦੀ ਰਹਿੰਦੀ ।
ਕੁਝ ਮਹੀਨਿਆਂ ਬਾਅਦ ਸਹੁਰਿਆਂ ਦੀ ਰਿਸ਼ਤੇਦਾਰੀ ਚ ਵਿਆਹ ਆ ਗਿਆ । ਹੁਣ ਬੇਅੰਤ ਨੂੰ ਕੁਝ ਸਮਝ ਨਾ ਆਵੇ ਕਿ ਉਥੇ ਕੀ ਲੈ ਜਾਵੇ ਜਾਂ ਕੀ ਦੇਣ ਦਾ ਹੱਕ ਬਣਦਾ । ਬੇਅੰਤ ਨੇ ਫੋਨ ਕਰਕੇ ਆਪਣੀ ਮਾਂ ਨੂੰ ਪੁੱਛਿਆ ਤਾਂ ਮਾਂ ਨੇ ਜਵਾਬ ਦਿੱਤਾ ,ਪੁੱਤ ਮੈਂ ਕੀ ਦੱਸਾਂ । ਤੇਰੇ ਸਹੁਰਿਆਂ ਦਾ ਉਸ ਰਿਸ਼ਤੇਦਾਰੀ ਚ ਕਿਸ ਤਰ੍ਹਾਂ ਦਾ ਵਰਤਾਰਾ ਹੈ ਉਹ ਤਾਂ ਤੁਹਾਨੂੰ ਹੀ ਪਤਾ ਹੈ ,ਤੇਰੀ ਸੱਸ ਹੁੰਦੀ ਤਾਂ ਤੈਨੂੰ ਦੱਸ ਦਿੰਦੀ । ਚੱਲ ਬੇਅੰਤ ਨੇ ਆਸ ਪਾਸ ਤੋਂ ਪੁੱਛ ਕੇ ਮੌਕਾ ਲੰਘਾ ਲਿਆ ।
ਹੁਣ ਕੋਈ ਵੀ ਪ੍ਰੋਗਰਾਮ ਆਉਂਦਾ ਤਾਂ ਬੇਅੰਤ ਨੂੰ ਸ਼ਾਮ ਨੂੰ ਹੀ ਵਾਪਸ ਮੁੜਨਾ ਪੈਦਾ । ਸਵੇਰੇ ਸਾਰਾ ਕੰਮ ਕਰਕੇ ਰਿਸ਼ਤੇਦਾਰੀ ਚ ਮਿਲਣ ਜਾਂਦੀ ਅਤੇ ਉਥੋਂ ਵਾਪਸ ਮੁੜਨ ਲਈ ਵੀ ਕਾਹਲੀ ਰਹਿੰਦੀ ਕਿਉਂਕਿ ਵਾਪਸ ਘਰ ਜਾ ਕੇ ਕੰਮ ਜੋ ਕਰਨਾ ਹੁੰਦਾ ਸੀ ।
ਬੇਅੰਤ ਜਦ ਉਮੀਦ ਤੋਂ ਹੋਈ ਤਾਂ ਵੀ ਉਸਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ । ਕਿਉਂਕਿ ਰੁਝੇਵਿਆਂ ਭਰੀ ਜਿੰਦਗੀ ਚ ਕੋਈ ਦੋ ਚਾਰ ਦਿਨ ਤਾਂ ਕਟਾ ਸਕਦਾ ਸੀ ਪਰ ਕਿਸੇ ਦਾ ਵੀ ਲੰਮਾ ਸਮਾਂ ਬੇਅੰਤ ਕੋਲ ਰਹਿਣਾ ਸੰਭਵ ਨਹੀਂ ਸੀ । ਇਸ ਹਾਲਤ ਵਿੱਚ ਵੀ ਬੇਅੰਤ ਨੂੰ ਸਾਰਾ ਕੰਮ ਖੁਦ ਕਰਨਾ ਪੈਂਦਾ ਸੀ । ਔਖੇ ਸੌਖੇ ਸਮਾਂ ਬੀਤਿਆ ਅਤੇ ਬੱਚੇ ਦਾ ਜਨਮ ਹੋਇਆ । ਸਾਰੇ ਪਾਸੇ ਖੁਸ਼ੀਆਂ ਹੀ ਖ਼ੁਸ਼ੀਆ ਸੀ । ਹੁਣ ਬੇਅੰਤ ਦੀ ਸਿਰਦਰਦੀ ਹੋਰ ਵੱਧ ਗਈ ਸੀ । ਸਹੁਰਾ ਅਤੇ ਪਤੀ ਆਪਣੇ ਆਪਣੇ ਕੰਮ ਚਲੇ ਜਾਂਦੇ , ਬੇਅੰਤ ਬੱਚੇ ਨੂੰ ਸਾਂਭਦੀ ਅਤੇ ਉਸਦੇ ਸੌਣ ਉੱਤੇ ਭੱਜ ਭੱਜ ਕੰਮ ਨਿਬੇੜਦੀ ।
ਬੇਅੰਤ ਜਦ ਆਂਢ ਗੁਆਂਢ ਵਿੱਚ ਦੇਖਦੀ ਕਿ ਸੱਸ ਬੱਚੇ ਸਾਂਭਦੀ ਅਤੇ ਨੂੰਹਾਂ ਕੰਮ ਕਰਦੀਆਂ । ਜਦ ਨੂੰਹ ਬੱਚੇ ਨੂੰ ਦੇਖਣ ਲੱਗਦੀ ਤਾਂ ਸੱਸ ਸਬਜ਼ੀ ਕੱਟਣ ਜਾਂ ਕੱਪੜੇ ਜੋੜਨ ਆਦਿ ਦੇ ਨਿੱਕੇ ਮੋਟੇ ਕੰਮ ਕਰ ਦਿੰਦੀ । ਇਹ ਸਭ ਦੇਖ ਬੇਅੰਤ ਨੂੰ ਮਨ ਹੀ ਮਨ ਸੱਸ ਦੀ ਕਮੀ ਖਲਣ ਲੱਗੀ ।
ਫਿਰ ਜੂਨ ਮਹੀਨਾ ਆ ਗਿਆ ,ਬੇਅੰਤ ਦੀਆਂ ਸਾਰੀਆਂ ਸਹੇਲੀਆਂ ਜੂਨ ਦੀਆਂ ਛੁੱਟੀਆਂ ਕਰਕੇ ਬੱਚਿਆਂ ਨਾਲ ਪੇਕੇ ਰਹਿਣ ਆਈਆਂ । ਉਹ ਜਦ ਵੀ ਫੋਨ ਕਰਕੇ ਬੇਅੰਤ ਨੂੰ ਆਉਣ ਲਈ ਕਹਿੰਦੀਆਂ ਤਾਂ ਬੇਅੰਤ ਆਪਣੇ ਪਤੀ ਨੂੰ ਕੁਝ ਦਿਨ ਪੇਕੇ ਲਾ ਕੇ ਆਉਣ ਲਈ ਪੁੱਛਦੀ । ਪਤੀ ਕਹਿੰਦਾ ਭਲੀਏ ਸਾਡੀ ਰੋਟੀ ਦਾ ਕੀ ਬਣੂ । ਬੇਅੰਤ ਸੋਚੀ ਪੈ ਜਾਂਦੀ । ਫਿਰ ਮਨ ਸਮਝਾ ਕੇ ਇਕ ਦਿਨ ਚ ਹੀ ਮਿਲ ਕੇ ਮੁੜ ਆਉਂਦੀ ।
ਕੁਝ ਸਾਲਾਂ ਚ ਹੀ ਬੇਅੰਤ ਨੂੰ ਅਹਿਸਾਸ ਹੋ ਗਿਆ ਸੀ ਕਿ ਸੱਸ ਦਾ ਸੁਖ ਕੀ ਹੈ । ਇਕ ਦਿਨ ਪ੍ਰੀਤ ਦਾ ਫੋਨ ਆਇਆ ਅਤੇ ਬੇਅੰਤ ਕੋਲ ਆਪਣੀ ਸੱਸ ਬਾਰੇ ਗੱਲਾਂ ਕਰਨ ਲੱਗੀ । ਬੇਅੰਤ ਨੇ ਭਰੇ ਮਨ ਨਾਲ ਪ੍ਰੀਤ ਨੂੰ ਜਵਾਬ ਦਿੱਤਾ ਕਿ ਤੇਰੇ ਕੋਲ ਸੱਸ ਹੋਣ ਦੇ ਬਾਵਜੂਦ ਵੀ ਤੂੰ ਉਸ ਸੁੱਖ ਤੋਂ ਮੂੰਹ ਮੋੜ ਰਹੀ ਏ । ਮੇਰੇ ਕੋਲ ਸੱਸ ਨਹੀਂ ਹੈ ਇਸ ਕਰਕੇ ਤੂੰ ਮੈਨੂੰ ਪੁੱਛ ਕੇ ਦੇਖ ਕੇ ਸੱਸ ਤੋਂ ਬਿਨਾਂ ਕੀ ਜੂਨ ਹੈ ਮੇਰੀ । ਬੇਅੰਤ ਰੁਕ ਕੇ ਬੋਲੀ ਕਿ ਪ੍ਰੀਤ ਤੂੰ ਸੱਸ ਦੇ ਸਿਰ ਤੇ ਐਸ਼ ਵੀ ਕਰਦੀ ਅਤੇ ਉਸਦੀ ਕਦਰ ਵੀ ਨਹੀਂ ਤੈਨੂੰ । ਤੂੰ ਜਦ ਕਦੇ ਰਿਸ਼ਤੇਦਾਰੀ ਚ ਮਿਲਣ ਜਾਵੇ ਤਾਂ ਸ਼ਾਮ ਨੂੰ ਵਾਪਸੀ ਸਮੇਂ ਤੇਰਾ ਅੱਧ ਪਚੱਧ ਕੰਮ ਤੇਰੀ ਸੱਸ ਨੇ ਨਿਬੇੜਿਆ ਹੁੰਦਾ । ਤੂੰ ਜਦ ਚਾਹੇ ਆਪਣੇ ਪੇਕੇ ਮਨਮਰਜ਼ੀ ਦੇ ਦਿਨ ਲਾ ਕੇ ਆ ਸਕਦੀ ਕਿਉਂਕਿ ਤੇਰੇ ਬਾਅਦ ਉਹ ਪਰਿਵਾਰ ਦੀ ਦੇਖਭਾਲ ਕਰਦੀ । ਜੂਨ ਦੀਆਂ ਛੁੱਟੀਆਂ ਚ ਵੀ ਪੰਜ ਸੱਤ ਦਿਨ ਪੇਕੇ ਗੁਜ਼ਾਰ ਆਉਦੀਆਂ ਹੋ । ਇੰਨਾ ਕਹਿੰਦੇ ਹੀ ਬੇਅੰਤ ਦਾ ਭਰਿਆ ਮਨ ਛਲਕ ਉੱਠਿਆ । ਰੁਕ ਕੇ ਬੇਅੰਤ ਨੇ ਕਿਹਾ ,ਇਧਰ ਮੈਂ ਵਿਆਹ ਤੋਂ ਬਾਅਦ ਕਦੇ ਪੇਕੇ ਵੀ ਰਾਤ ਨਹੀਂ ਲਗਾ ਸਕਦੀ । ਸਵੇਰੇ ਜਾ ਕੇ ਸ਼ਾਮ ਨੂੰ ਮੁੜਨਾ ਹੀ ਪੈਂਦਾ ਜੋ ਸੱਸ ਦੇ ਨਾ ਹੋਣ ਉੱਤੇ ਖੁਸ਼ ਹੁੰਦੀ ਸੀ , ਹੁਣ ਪਤਾ ਲੱਗਦਾ ਸੱਸ ਦਾ ਸੁਖ ਕਿੰਨਾ ਹੁੰਦਾ । ਸੱਸ ਦੇ ਸਿਰ ਤੇ ਜੋ ਬੇਫਿਕਰੀ ਹੁੰਦੀ ਉਸ ਦਾ ਅਹਿਸਾਸ ਓਹੀ ਸਮਝ ਸਕਦੇ ਜਿਨ੍ਹਾਂ ਨੂੰ ਸੱਸ ਦੀ ਘਾਟ ਰੜਕਦੀ । ਇੰਨਾ ਕਹਿ ਬੇਅੰਤ ਨੇ ਫੋਨ ਕੱਟ ਦਿੱਤਾ ਅਤੇ ਉਦਾਸ ਮਨ ਨਾਲ ਫੇਰ ਤੋਂ ਅੱਧ ਵਿਚਾਲੇ ਛੱਡੇ ਕੰਮ ਦੇ ਆਹਰ ਲੱਗ ਗਈ।