“ਲ਼ੈ ਅੱਜ ਇਹਨਾਂ ਨੂੰ ਲ਼ੈ ਜਾਣਗੇ।” ਉਸਨੇ ਅਖਬਾਰ ਪੜ੍ਹਦੇ ਹੋਏ ਆਪਣੇ ਘਰਵਾਲੇ ਨਾਲ ਆਪਣੀ ਚਿੰਤਾ ਜਾਹਿਰ ਕੀਤੀ। ਉਹ ਸੁਭਾ ਤੋਂ ਹੀ ਉਦਾਸ ਸੀ। ਉਹ ਕਦੇ ਅੰਦਰ ਜਾਂਦੀ ਕਦੇ ਬਾਹਰ ਆਉਂਦੀ। ਮੋਹੱਲੇ ਦੇ ਕੁੱਤੇ ਵੀ ਸਵੇਰ ਤੋਂ ਪ੍ਰੇਸ਼ਾਨ ਸਨ। ਕਿਉਂਕਿ ਕੱਲ੍ਹ ਪਿੰਡ ਦੀ ਪੰਚਾਇਤ ਨੇ ਆਵਾਰਾ ਕੁੱਤਿਆਂ ਨੂੰ ਮਾਰਨ ਯ ਭਜਾਉਣ ਦਾ ਫੈਸਲਾ ਕੀਤਾ ਸੀ। ਉਹ ਆਉਣ ਵਾਲੇ ਖਤਰੇ ਨੂੰ ਭਾਂਪ ਗਏ ਸਨ। ਇਸ ਲਈ ਹੀ ਉਹ ਇੱਧਰ ਉੱਧਰ ਨੱਸ ਰਹੇ ਸਨ। ਕਹਿੰਦੇ ਕੁੱਤਿਆਂ ਨੂੰ ਰੱਬ ਨੇ ਇੰਨੀ ਸੋਝੀ ਦਿੱਤੀ ਹੈ ਕਿ ਓਹਨਾ ਨੂੰ ਆਉਣ ਵਾਲੇ ਮਾੜੇ ਸਮੇਂ ਦਾ ਪਹਿਲਾਂ ਹੀ ਅਹਿਸਾਸ ਹੋ ਜਾਂਦਾ ਹੈ।
ਉਹ ਸਾਡੇ ਘਰ ਦੇ ਨਾਲ ਇੱਕ ਘਰ ਛੱਡਕੇ ਰਹਿੰਦੀ ਹੈ। ਉਸਦੇ ਆਪਣੇ ਬੱਚੇ ਬਾਹਰਲੇ ਮੁਲਕ ਵਿੱਚ ਸੈਟਲ ਹਨ। ਘਰ ਵਿੱਚ ਉਹ ਦੋਨੇ ਜੀਅ ਹੀ ਹੁੰਦੇ ਹਨ। ਮਨ ਪਰਚਾਉਣ ਲਈ ਉਹਨਾਂ ਨੇ ਇੱਕ ਵਿਦੇਸ਼ੀ ਨਸਲ ਦਾ ਕੁੱਤਾ ਪਾਲਿਆ ਤੇ ਉਹ ਦੋਨੇ ਉਸਦੇ ਆਹਰੇ ਲੱਗੇ ਰਹਿੰਦੇ। ਫਿਰ ਅਚਾਨਕ ਕੁੱਤਾ ਪੂਰਾ ਹੋ ਗਿਆ। ਉਹ ਫਿਰ ਇਕੱਲੇ ਹੋ ਗਏ। ਜੀਅ ਲਵਾਉਣ ਲਈ ਉਹ ਗਲੀ ਦੇ ਆਵਾਰਾ ਕੁੱਤਿਆਂ ਨੂੰ ਰੋਟੀ ਪਾਉਣ ਲੱਗੀ। ਹੁਣ ਗਲੀ ਦੇ ਪੰਜ ਚਾਰ ਕੁੱਤੇ ਹਮੇਸ਼ਾ ਉਸਦੇ ਘਰ ਅੱਗੇ ਬੈਠੇ ਰਹਿੰਦੇ। ਇੱਕ ਭੂਰੀ ਜਿਹੀ ਕੁੱਤੀ ਹਰ ਆਉਂਦੇ ਜਾਂਦੇ ਨੂੰ ਕੱਟਦੀ। ਉਲਾਂਭਾ ਦੇਣ ਵਾਲੇ ਉਸਨੂੰ ਬੁਰਾ ਭਲਾ ਕਹਿੰਦੇ। ਪਰ ਉਹ ਤਾਂ ਕੁੱਤਿਆਂ ਨੂੰ ਰੋਟੀ ਹੀ ਪਾਉਂਦੀ ਸੀ। ਮੋਹੱਲੇ ਵਾਲਿਆਂ ਦੀਆਂ ਨਜ਼ਰਾਂ ਵਿੱਚ ਉਹ ਦੋਸ਼ੀ ਸੀ।
ਮੈਂ ਉਸਦਾ ਨਾਮ ਨਹੀਂ ਸੀ ਜਾਣਦੀ। ਪਰ ਘਰੇ ਗੱਲਬਾਤ ਕਰਦੇ ਸਮੇਂ ਅਸੀਂ ਉਸਨੂੰ ਆਸਟਰੇਲੀਆ ਵਾਲੀ ਹੀ ਆਖਦੇ ਸੀ।
“ਭੈਣ ਜੀ ਪਤਾ ਨਹੀਂ ਇਹਨਾਂ ਦਾ ਅੱਜ ਕੀ ਬਣੂ?” ਉਸਨੇ ਮੇਰੇ ਕੋਲ ਝੋਰਾ ਕੀਤਾ ਤੇ ਨਾਲ ਅੱਖ ਵਿੱਚ ਆਇਆ ਹੰਝੂ ਸੱਜੇ ਹੱਥ ਦੀ ਤਲੀ ਨਾਲ਼ ਪੂੰਝ ਲਿਆ। ਖੋਰੇ ਇਹ ਉਸ ਦਾ ਬੇਜ਼ੁਬਾਨਾਂ ਪ੍ਰਤੀ ਪ੍ਰੇਮ ਸੀ ਯ ਚਲੇ ਗਏ ਆਪਣੇ ਉਸ ਪਾਲਤੂ ਦੀ ਯਾਦ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ