#ਪ੍ਰਸਾਦ
“ਹੈਲੋ! ਹਾਂਜੀ ਸੀਮਾ ਮੈਡਮ।”
“ਕੀ ਹਾਲ ਹੈ?”
“ਠੀਕ ਹੈ ਸਰੋਜ ਸੇਠੀ ਮੈਡਮ। ਕਿੱਥੇ? ਬਠਿੰਡੇ ਹੀ ਹੋ ਗਣਪਤੀ ਚ?”
“ਨਹੀਂ ਸੀਮਾ ਮੈਡਮ ਅਸੀਂ ਸ਼ੀਸ਼ ਮਹਿਲ ਚ ਹੁੰਦੇ ਹਾਂ 114 ਨੰਬਰ ਚ।” ਸੀਮਾ ਮੈਡਮ ਦਾ ਫੋਨ ਵੇਖਕੇ ਹੀ ਬੇਗਮ ਦਾ ਚੇਹਰਾ ਖਿੜ ਜਾਂਦਾ ਹੈ।
“ਅਸੀਂ ਸਵਾ ਮਣੀ ਲਗਾਈ ਸੀ। ਮੈਂ ਪ੍ਰਸਾਦ ਭੇਜਣਾ ਸੀ। ਸੋਚਿਆ ਸੇਠੀ ਮੈਡਮ ਨੂੰ ਪੁੱਛ ਲਵਾਂ।” ਇਹ Seema Mehta ਬੇਗਮ ਦੀ ਕੁਲੀਗ ਸੀ ਸਰਕਾਰੀ ਸਕੂਲ ਡੱਬਵਾਲੀ ਚ। ਬੇਗਮ ਨਵੰਬਰ 2017 ਚ ਸੇਵਾਮੁਕਤ ਹੋ ਗਈ ਸੀ। ਪਰ ਸੀਮਾ ਨਾਲ ਦੋਸਤਾਨਾ ਓਵੇਂ ਹੀ ਕਾਇਮ ਰਿਹਾ। ਨੌਕਰੀ ਦੌਰਾਨ ਵੀ ਜਿਹੜਾ ਰਜਿਸਟਰ ਵਰਕ ਬੇਗਮ ਤੋਂ ਨਾ ਹੁੰਦਾ ਤਾਂ ਉਹ ਸੀਮਾ ਮੈਡਮ ਕਰ ਦਿੰਦੇ। ਬੇਗਮ ਸੀਮਾ ਮੈਡਮ ਦੇ ਵਿਹਾਰ ਤੋਂ ਹਮੇਸ਼ਾ ਖੁਸ਼ ਰਹਿੰਦੇ ਸਨ। ਘਰੇ ਆਕੇ ਉਸਦੀਆਂ ਸਿਫ਼ਤਾਂ ਕਰਦੇ। ਉਂਜ ਵੀ ਸੀਮਾ ਮਹਿਤਾ ਮੈਡਮ ਹਰ ਦੁੱਖ ਸੁੱਖ ਤੇ ਬਰਾਬਰ ਸ਼ਰੀਕ ਹੁੰਦੇ। ਵੱਡੀ ਪੋਤੀ ਦੇ ਜਨਮ ਤੇ ਫਿਰ ਛੋਟੇ ਬੇਟੇ ਦੇ ਵਿਆਹ ਤੇ ਬੇਗਮ ਸੀਮਾ ਨੂੰ ਬਲਾਉਣਾ ਨਾ ਭੁੱਲੀ। ਤੇ ਸੀਮਾ ਮੈਡਮ ਵੀ ਪਹਿਲੇ ਸੱਦੇ ਹਾਜ਼ਿਰ ਹੁੰਦੇ। ਸਮਾਜ ਵਿੱਚ ਕੁਝ ਕੁ ਲੋਕ ਹੀ ਹੁੰਦੇ ਹਨ ਜਿੰਨਾ ਨੂੰ ਰਿਸ਼ਤੇ ਬਣਾਉਣੇ ਹੀ ਨਹੀਂ ਆਉਂਦੇ ਨਿਭਾਉਣੇ ਵੀ ਆਉਂਦੇ ਹਨ।
“ਸੇਠੀ ਮੈਡਮ ਸਾਡਾ ਤਾਂ ਬਠਿੰਡੇ ਆਉਣ ਦਾ ਪ੍ਰੋਗਰਾਮ ਨਹੀਂ ਬਣਿਆ। ਡਰਾਈਵਰ ਹੱਥ ਪ੍ਰਸਾਦ ਭੇਜਿਆ ਹੈ ਜੋ ਉਸਨੇ ਸ਼ੀਸ਼ ਮਹਿਲ ਕਲੋਨੀ ਦੇ ਗੇਟ ਤੇ ਪਕੜਾ ਦਿੱਤਾ। ਪਲੀਜ ਓਥੋਂ ਲ਼ੈ ਲਿਓਂ।” ਸ਼ਾਮੀ ਜਿਹੇ ਸੀਮਾ ਮੈਡਮ ਨੇ ਫੋਨ ਕਰਕੇ ਦੱਸਿਆ ਤੇ ਅਸੀਂ ਝੱਟ ਹੀ ਜਾਕੇ ਸਕਿਊਰਿਟੀ ਗਾਰਡ ਤੋਂ ਪ੍ਰਸਾਦ ਵਾਲਾ ਡਿੱਬਾ ਲ਼ੈ ਆਏ।
“ਮਖਿਆ ਆਪਣੇ ਬਹੁਤ ਸਾਰੇ ਜਾਣਕਾਰ ਸਵਾ ਮਣੀ ਲਵਾਉਂਦੇ ਹੋਣਗੇ ਪਰ ….।” ਬੇਗਮ ਨੇ ਆਪਣੀ ਗੱਲ ਵਿਚਾਲੇ ਹੀ ਛੱਡ ਦਿੱਤੀ।
“ਪਰ ਸੀਮਾ ਮਹਿਤਾ ਜਿੰਨੀ ਹਿੰਮਤ ਕੋਈਂ ਕੋਈਂ ਕਰਦਾ।” ਮੈਂ ਉਸਦੀ ਵਿਚਾਲੇ ਛੱਡੀ ਗੱਲ ਪੂਰੀ ਕਰ ਦਿੰਦਾ ਹਾਂ। ਤੇ ਉਹ ਹੱਸ ਪੈਂਦੀ ਹੈ। ਉਂਜ ਲਾਣੇਦਾਰਨੀ ਨੂੰ ਹਸਾਉਣਾ ਕੋਈਂ ਸੁਖਾਲਾ ਨਹੀਂ ਹੁੰਦਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ