“ਹਾਂ ਰਾਮਕਲੀ ਬੋਲ।” ਫੋਨ ਚੁਕਦੇ ਹੀ ਮੈਡਮ ਨੇ ਪੁੱਛਿਆ।
“ਭਾਬੀ ਜੀ ਅਸੀਂ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ।” ਰਾਮਕਲੀ (ਬਦਲਿਆ ਹੋਇਆ ਨਾਮ) ਨੇ ਕਿਹਾ। ਰਾਮਕਲੀ ਕੋਈਂ ਚੌਵੀ ਪੱਚੀ ਸਾਲਾਂ ਤੋਂ ਸਾਡੇ ਘਰ ਕੰਮ ਕਰਦੀ ਹੈ। ਪਹਿਲਾਂ ਸਾਡੇ ਵੱਡੇ ਘਰੇ ਵੀ ਕੰਮ ਕਰਦੀ ਸੀ। ਫਿਰ ਇਧਰ ਵੀ ਆ ਗਈ। ਕਦੇ ਹੱਟ ਜਾਂਦੀ ਹੈ ਫਿਰ ਦੁਬਾਰਾ ਲੱਗ ਜਾਂਦੀ ਹੈ। ਨਾ ਸਾਨੂੰ ਉਸ ਬਿਨਾਂ ਸਰਦਾ ਹੈ ਨਾ ਉਸਨੂੰ ਸਾਡੇ ਬਿਨ। ਸਾਡੇ ਘਰ ਤੋਂ ਇਲਾਵਾ ਮੋਹੱਲੇ ਦੇ ਕਈ ਘਰਾਂ ਦੇ ਵੀ ਕੰਮ ਕਰਦੀ ਹੈ ਉਹ। ਰਾਮਕਲੀ ਮੂਲਰੂਪ ਵਿੱਚ ਯੂਪੀ ਦੀ ਹੈ। ਉਸਦੇ ਘਰ ਵਾਲਾ ਰਿਕਸ਼ਾ ਚਲਾਉਂਦਾ ਹੈ। ਸਾਡੇ ਵੇਖਦੇ ਵੇਖਦੇ ਹੀ ਉਸਦੇ ਚਾਰ ਬੱਚੇ ਹੋਏ ਤੇ ਉਹ ਵੀ ਜਵਾਨ ਹੋਕੇ ਕੰਮਕਾਰ ਕਰਨ ਲੱਗ ਪਏ। ਫਿਰ ਰਾਮਕਲੀ ਨੇ ਆਪਣਾ ਮੁੰਡਾ ਵੀ ਵਿਆਹ ਲਿਆ। ਪਹਿਲਾਂ ਉਹ ਆਪਣੀ ਮਾਂ ਦੇ ਨਾਲ ਹੀ ਰਹਿੰਦੀ ਸੀ। ਰਾਮਕਲੀ ਸ਼ੁਰੂ ਤੋਂ ਹੀ ਮੈਨੂੰ ਵੀਰ ਜੀ ਕਹਿੰਦੀ ਤੇ ਬੇਗਮ ਨੂੰ ਭਾਬੀ। ਉਹ ਕਿਰਾਏ ਤੇ ਰਹਿੰਦੀ ਅਤੇ ਉਸਨੂੰ ਸਾਲ ਦੋ ਸਾਲ ਬਾਅਦ ਮਕਾਨ ਬਦਲਣਾ ਪੈਂਦਾ। ਮੈਡਮ ਨੇ ਉਸਨੂੰ ਸਰਕਾਰੀ ਸਕੂਲ ਵਿੱਚ ਬਣਦੇ ਮਿਡ ਡੇ ਮੀਲ੍ਹ ਵਿੱਚ ਕੁੱਕ ਲਗਵਾ ਦਿੱਤੀ। ਓਥੋਂ ਉਸਨੂੰ ਬੱਝਵੀਂ ਤਨਖਾਹ ਆਉਣ ਲਗਪਈ। ਮੈਡਮ ਦੇ ਦਿੱਤੇ ਹੌਸਲੇ ਨਾਲ ਉਸਨੇ ਇੱਕ ਪਲਾਟ ਖਰੀਦ ਲਿਆ ਸੀ। ਹਰ ਬਾਰ ਮਿਲਣ ਤੇ ਮੈਡਮ ਉਸਨੂੰ ਮਕਾਨ ਬਣਾਉਣ ਦਾ ਪੁੱਛਦੀ। ਪਰ ਘਰੇਲੂ ਮਜਬੂਰੀਆਂ ਕਾਰਨ ਉਹ ਕਾਫੀ ਦੇਰ ਉਸਾਰੀ ਸ਼ੁਰੂ ਨਾ ਕਰ ਸਕੀ।
ਅੱਜ ਉਸਤੋਂ ਮਕਾਨ ਸ਼ੁਰੂ ਕਰਨ ਦਾ ਸੁਣਕੇ ਮੈਡਮ ਦਾ ਚੇਹਰਾ ਖਿੜ ਗਿਆ।
“ਰਾਮਕਲੀ ਤੂੰ ਫਿਕਰ ਨਾ ਕਰ। ਲੇਂਟਰ ਲਈ ਅਸੀਂ ਇਮਦਾਦ ਕਰ ਦਿਆਂ ਗੇ।” ਮੈਡਮ ਨੇ ਉਸਨੂੰ ਹੌਂਸਲਾ ਦਿੰਦੀ ਹੋਈ ਨੇ ਕਿਹਾ।
“ਬਾਕੀ ਰਾਮ ਕਲੀ ਮੈਂ ਤੇਰੇ ਵੀਰ ਜੀ ਨੂੰ ਕਹਿ ਦਿਆ ਗ਼ੀ। ਉਹ ਕਿਸੇ ਨਾ ਕਿਸੇ ਪਾਸਿਓਂ ਇਮਦਾਦ ਕਰਵਾ ਦੇਣਗੇ। ਬਹੁਤ ਸੰਸਥਾਵਾਂ ਮਕਾਨ ਬਣਾਉਣ ਵੇਲੇ ਮਦਦ ਕਰ ਦਿੰਦੀਆਂ ਹਨ।” ਮੈਡਮ ਨੇ ਕਿਹਾ।
ਨਹੀਂ ਭਾਬੀ ਜੀ। ਆਪਾਂ ਹੋਲੀ ਹੋਲੀ ਬਣਾ ਲਵਾਂਗੇ। ਕਿਸੇ ਨੂੰ ਮਦਦ ਦਾ ਕਾਹਨੂੰ ਕਹਿਣਾ ਹੈ।ਰਾਮਕਲੀ ਨੂੰ ਆਪਣੀ ਮਿਹਨਤ ਤੇ ਭਰੋਸਾ ਸੀ।
ਫਿਰ ਲੇਂਟਰ ਵਾਲੇ ਦਿਨ ਮੈਡਮ ਨੇ ਮੈਨੂੰ ਕਹਿਕੇ ਸੀਮੈਂਟ ਦੇ ਗਟਿਆਂ ਦੀ ਗੂਗਲ ਪੇ ਰਾਹੀਂ ਪੇਮੈਂਟ ਕਰਵਾ ਦਿੱਤੀ।
ਮਿਹਨਤੀ ਇਨਸਾਨ ਨੂੰ ਕਿਸੇ ਦੀ ਇਮਦਾਦ ਨਾਲੋਂ ਆਪਣੀ ਮਿਹਨਤ ਤੇ ਵੱਧ ਭਰੋਸਾ ਹੁੰਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ