#ਟੁੱਕ
ਓਦੋਂ ਤਕਰੀਬਨ ਹਰ ਘਰ ਦੇ ਆਪਣਾ ਤੰਦੂਰ ਹੁੰਦਾ ਸੀ। ਕਿਸੇ ਕਿਸੇ ਨੇ ਘਰ ਮੂਹਰੇ ਦੋ ਘਰਾਂ ਦਾ ਸਾਂਝਾ ਵੀ। ਘੁਮਿਆਰੇ ਸਾਡੇ ਗੁਆਂਢ ਚਾਚੀ ਜਸਕੁਰ ਅਤੇ ਸ਼ਿੰਦੀ ਕਾ ਸਾਂਝਾ ਹੁੰਦਾ ਸੀ। ਅੰਬੋ ਬੌਣੀ ਕੇ ਘਰ ਮੂਹਰੇ ਤਿੰਨ ਘਰਾਂ ਦਾ ਸਾਂਝਾ ਤੇ ਚਾਚੇ ਜੱਗਰ ਕੇ ਘਰ ਅੰਦਰ ਹੀ ਤੰਦੂਰ ਬਣਿਆ ਹੋਇਆ ਸੀ। ਸਾਡਾ ਘਰ ਛੋਟਾ ਸੀ ਇਸ ਲਈ ਮੇਰੀ ਮਾਂ ਕਿਸੇ ਨਾ ਕਿਸੇ ਦੇ ਤੰਦੂਰ ਤੇ ਰੋਟੀਆਂ ਲਾਕੇ ਲਿਆਉਂਦੀ। ਓਦੋਂ ਕੋਈਂ ਬਾਲਣ ਦਾ ਚੱਕਰ ਨਹੀਂ ਸੀ ਹੁੰਦਾ। ਛਟੀਆਂ ਵਾਧੂ ਹੁੰਦੀਆਂ ਸਨ ਹਰ ਘਰੇ।
ਉਹ ਬਹੁਤਾ ਚਾਚੇ ਜੱਗਰ ਘਰੇ ਹੀ ਰੋਟੀਆਂ ਲਾਉਣ ਜਾਂਦੀ। ਕਿਉਂਕਿ ਚਾਚੇ ਜੱਗਰ ਦੀ ਮਾਂ ਦਾ ਸੁਭਾਅ ਬਹੁਤ ਵਧੀਆ ਸੀ। ਉਹ ਮੇਰੀ ਮਾਂ ਨਾਲ ਖੂਬ ਗੱਲਾਂ ਮਾਰਦੀ ਤੇ ਰੋਟੀਆਂ ਲਾਉਣ ਵਿੱਚ ਮਦਦ ਵੀ ਕਰਦੀ। ਉਸਦੇ ਤਿੰਨ ਚਾਰ ਪੋਤੀਆਂ ਸਨ ਬਾਲੜੀਆਂ ਜਿਹੀਆਂ। ਉਹ ਭੁੰਜੇ ਹੀ ਤੰਦੂਰ ਨੇੜੇ ਬਹਿਕੇ ਮਿਰਚਾਂ ਦੀ ਚੱਟਣੀ ਯ ਦਾਲ ਸਾਗ ਨਾਲ ਰੋਟੀ ਖਾਂਦੀਆਂ।
“ਬੇਬੇ ਟੁੱਕ ਦੇ ਦੇ।”
“ਬੱਸ ਖੰਨਾ ਹੀ ਦੇਈਂ।” ਉਹ ਆਪਣੀ ਅੰਬੋ ਨੂੰ ਵਾਰੀ ਵਾਰੀ ਕਹਿੰਦੀਆਂ।
“ਅੰਬੋ ਰੋਜ਼ ਟੁੱਕ ਬਣਾਉਂਦੀ ਹੈ। ਤੂੰ ਰੋਜ਼ ਹੀ ਰੋਟੀ ਬਣਾ ਦਿੰਦੀ ਹੈ।” ਮੈ ਮੇਰੀ ਮਾਂ ਨਾਲ ਲੜਾਈ ਕਰਦਾ। ਮੈਨੂੰ ਟੁੱਕ ਰੋਟੀ ਨਾਲੋਂ ਵੱਖਰਾ ਲੱਗਦਾ। ਕਿਉਂਕਿ ਸਾਡੀ ਰੋਟੀ ਸਮਾਲ ਸਾਈਜ਼ ਪੀਜ਼ੇ ਵਰਗੀ ਹੁੰਦੀ ਸੀ ਤੇ ਅੰਬੋ ਲਾਰਜ ਸਾਈਜ਼ ਪੀਜ਼ੇ ਵਰਗੀ ਭਾਰੀ ਰੋਟੀ ਪਕਾਉਂਦੀ। ਮੈਂ ਜਿੱਦ ਕਰਦਾ ਤੇ ਰੋਂਦਾ ਅਤੇ ਜ਼ਮੀਨ ਤੇ ਵਿਟਰ ਜਾਂਦਾ। ਆਪਣੀ ਮਾਂ ਨੂੰ ਟੁੱਕ ਬਣਾਉਣ ਲਈ ਕਹਿਂਦਾ। ਫਿਰ ਅੰਬੋ ਮੈਨੂੰ ਆਪਣੇ ਛਾਬੇ ਵਿਚੋਂ ਰੋਟੀ ਦੇ ਦਿੰਦੀ। ਜਿਸ ਨੂੰ ਮੈਂ ਟੁੱਕ ਸਮਝਕੇ ਖਾਂਦਾ ਤੇ ਰੋਣੋ ਹੱਟ ਜਾਂਦਾ। ਬਾਦ ਵਿੱਚ ਪਤਾ ਲੱਗਿਆ ਕਿ ਉਹ ਰੋਟੀ ਨੂੰ ਹੀ ਟੁੱਕ ਆਖਦੀਆਂ ਸਨ ਤੇ ਅੱਧੀ ਰੋਟੀ ਨੂੰ ਖੰਨਾ।
ਅੱਜ ਕੱਲ੍ਹ ਨਾ ਉਹ ਤੰਦੂਰ ਰਹੇ ਤੇ ਨਾ ਉਹ ਅੰਬੋ ਵਰਗੀਆਂ ਦਾਦੀਆਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ