ਮੇਰੀ ਵੱਡੀ ਭੂਆ ਚੱਕ ਸ਼ੇਰੇ ਵਾਲੇ ਰਹਿੰਦੀ ਸੀ। ਫੁਫੜ ਜੀ ਵੈਦ ਸਨ ਤੇ ਦਵਾਈਆਂ ਦੀ ਦੁਕਾਨ ਵੀ ਸੀ। ਨਾਲ ਹੀ ਕਰਿਆਨੇ ਦਾ ਕੰਮ ਵੀ ਕਰਦੇ ਸੀ। ਕਰਿਆਨੇ ਦੀ ਦੁਕਾਨ ਨੂੰ ਭੂਆ ਦੇ ਮੁੰਡੇ ਸੰਭਾਲਦੇ। ਸਕੂਲੋਂ ਆ ਕੇ ਵਰਦੀ ਲਾਹ ਕੇ ਪੂਰੀ ਡਿਊਟੀ ਦਿੰਦੇ। ਬਹੁਤ ਵੱਡਾ ਪਿੰਡ ਸੀ ਉਹ। ਦੋਨਾਂ ਪਾਸੇ ਪੱਕੀ ਸੜਕ ਵਾਲੀ ਫਿਰਨੀ। ਘਰ ਦੇ ਨਾਲ ਗੁਜ਼ਰਦੀ ਸੜਕ ਤੋਂ ਬੱਸਾਂ ਗੁਜਰਦੀਆਂ। ਸੜਕ ਦੇ ਪਰਲੇ ਪਾਸੇ ਦਿਹਾੜੀ ਦਾਰ ਮਜ਼ਦੂਰਾਂ ਦੀ ਬਸਤੀ। ਬਸ ਇੱਕ ਕੱਚਾ ਕੋਠਾ ਤੇ ਕੰਡਿਆਲੀ ਝਾੜੀ ਦੀ ਵਲਗਣ। ਹਰੁ ਘਰ ਨੇ ਮੁਰਗੀਆਂ ਬੱਕਰੀਆਂ ਯ ਭੇਡਾਂ ਪਾਲੀਆਂ ਹੋਈਆਂ। ਤਾਜ਼ੀ ਕਮਾ ਕੇ ਖਾਣ ਵਾਲੇ ਲੋਕ। ਫੁਫੜ ਦੀ ਹੱਟੀ ਤੇ ਆਟਾ ਬਹੁਤ ਵਿਕਦਾ। ਸ਼ਾਮ ਨੂੰ ਆਟੇ ਤੇ ਦਾਲ ਆਲੇ ਹੀ ਗ੍ਰਾਹਕ ਹੁੰਦੇ। ਗਰਮੀ ਦੀਆਂ ਛੁੱਟੀਆਂ ਸ਼ੁਰੂ ਹੁੰਦੇ ਹੀ ਮੈਂ ਜਾ ਚੱਕ ਸ਼ੇਰੇ ਵਾਲੇ ਡੇਰੇ ਲਾਏ। ਤੇ ਓਹਣੀ ਦਿਨੀ ਹੀ ਭੂਆ ਦੀ ਨਨਾਣ ਦਾ ਮੁੰਡਾ ਆਪਣੇ ਨਾਨਕੇ ਆ ਗਿਆ। ਉਹ ਮੇਰਾ ਹਮ ਉਮਰ ਹੀ ਸੀ। ਜੋੜੀ ਬਣ ਗਈ ਸਾਡੀ।ਸਾਰਾ ਦਿਨ ਸਾਈਕਲ ਚਲਾਉਂਦੇ ਰਹਿੰਦੇ। ਬਸ ਆਹੀ ਚਾਅ ਹੁੰਦਾ ਸੀ। ਕਦੇ ਤਾਸ਼ ਖੇਡਦੇ ਭਾਬੀ ਦਿਉਰ। ਕਦੇ ਉਹ ਸਾਈਕਲ ਚਲਾਉਂਦਾ ਮੈਂ ਪਿੱਛੇ ਬੈਠਦਾ। ਤੇ ਕਦੇ ਮੈਂ ਚਲਾਉਂਦਾ। ਸਿਖਰ ਦੁਪਹਿਰੇ ਵੀ ਨਾ ਹੱਟਦੇ।ਭੂਆ ਕਲਪਦੀ। ਪਰ ਲੜ੍ਹਦੀ ਨਾ। ਇੱਕ ਦਿਨ ਸ਼ਾਮੀ ਜਦੋ ਉਹ ਸਾਇਕਲ ਚਲਾ ਰਿਹਾ ਸੀ ਤੇ ਮੈਂ ਪਿੱਛੇ ਬੈਠਾ ਸੀ। ਕਿਸੇ ਘਰੋਂ ਮੁਰਗੀ ਨਿਕਲ ਕੇ ਸਾਡੇ ਸਾਈਕਲ ਥੱਲੇ ਆ ਗਈ। ਕੁਕੜੀ ਦੀ ਕੁਡ਼ ਕੁਡ਼ ਦਾ ਸ਼ੋਰ ਸੁਣ ਕੇ ਅਸੀਂ ਦੋਨੋ ਡਰ ਗਏ ਤੇ ਉਸ ਵੇਹੜੇ ਦੇ ਲੋਕ ਵੀ ਬਾਹਰ ਨਿਕਲ ਆਏ। ਅਸੀਂ ਸਾਈਕਲ ਭਜਾ ਲਿਆ ਤੇ ਸਾਰੇ ਪਿੰਡ ਦਾ ਗੇੜਾ ਲਾ ਕੇ ਦੂੱਜੇ ਰਸਤੇ ਘਰੇ ਆਏ। ਹੁਣ ਅਸੀਂ ਦੋਨੋ ਹੱਟੀ ਤੋਂ ਆਟਾ ਲੈਣ ਆਏ ਗ੍ਰਹਕਾਂ ਤੋਂ ਵੀ ਡਰਦੇ ਕਿ ਕਿਤੇ ਸਾਨੂ ਉਹ ਪਹਿਚਾਣ ਨਾ ਲੈਣ। ਮੁਕਤਸਰੋਂ ਵਾਪਿਸ ਲੋਟੇ ਫੁਫੜ ਦੀਆਂ ਗਾਲਾਂ ਦਾ ਵੀ ਡਰ ਸੀ। ਫਿਰ ਅਸੀਂ ਕਈ ਦਿਨ ਸਾਈਕਲ ਤੇ ਗੇੜੀ ਲਾਉਣ ਨਾ ਗਏ। ਉਹ ਵੀ ਆਪਣੇ ਮਾਮੇ ਯਨੀ ਮੇਰੇ ਫੁਫੜ ਤੋਂ ਬਹੁਤ ਡਰਦਾ ਸੀ। ਇਸ ਤਰਾਂ ਇੱਕ ਕੁਕੜੀ ਦੀ ਕੁਡ਼ ਕੁਡ਼ ਨੇ ਸਾਡੀਆਂ ਕਈ ਛੁਟੀਆਂ ਦਾ ਮਜ਼ਾ ਕਿਰਕਿਰਾ ਕਰ ਦਿੱਤਾ।
ਭੂਆ ਦੀ ਨਨਾਣ ਦਾ ਮੁੰਡਾ ਸੰਦੀਪ ਸੇਠੀ ਹੁਣ ਵੀ ਜਦੋ ਮਿਲਦਾ ਹੈ ਤਾਂ ਅਸੀਂ ਉਸ ਗੱਲ ਨੂੰ ਜਰੂਰ ਯਾਦ ਕਰਦੇ ਹਾਂ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ