ਜਦੋ ਛੋਟੇ ਹੁੰਦੇ ਪੰਜਵੀ ਛੇਵੀਂ ਵਿੱਚ ਪੜ੍ਹਦੇ ਸੀ। ਲਿਖਣ ਲਈ ਨੀਲੀ ਸਿਆਹੀ ਵਾਲੇ ਪੈਨ ਦਾ ਪ੍ਰਯੋਗ ਕਰਦੇ ਹੁੰਦੇ ਸੀ। ਉਸ ਤੋਂ ਪਹਿਲਾਂ ਤਾਂ ਖੈਰ ਅੰਧੇਰਾ ਹੀ ਸੀ। ਕਾਲੀ ਸਿਆਹੀ ਨਾਲ ਫੱਟੀ ਲਿਖਦੇ। ਤੇ ਕਾਲੀ ਪੈਨਸਲ ਨਾਲ ਕਾਪੀ ਤੇ ਲਿਖਦੇ। ਨੀਲੀ ਸਿਆਹੀ ਵਾਲੇ ਪੈਨ ਦੇ ਨਾਲ ਹੀ ਨੀਲੇ ਰਿਫਿਲ ਵੀ ਆ ਗਏ। ਪਰ ਰਿਫਿਲ ਵਰਤਣ ਦੀ ਮਨਾਹੀ ਹੁੰਦੀ ਸੀ। ਜਿਆਦਾਤਰ ਰਿਫਿਲ ਜੀਫਲੋ ਕੰਪਨੀ ਦੇ ਹੀ ਹੁੰਦੇ ਸਨ। ਅਸੀਂ ਨੀਲੇ ਪੈਨ ਨਾਲ ਸਕੂਲ ਦਾ ਕੰਮ ਕਰਦੇ ਬਸ ਸ਼ਬਦ ਅਰਥ ਦਾ ਹੈਡਿੰਗ ਲਿਖਣ ਲਈ ਲਾਲ ਸਿਆਹੀ ਦੀ ਜਰੂਰਤ ਪੈਂਦੀ। ਫਿਰ ਪ੍ਰਸ਼ਨ ਲਿਖਣ ਲਈ ਵੀ ਲਾਲ ਸਿਆਹੀ ਵਰਤਣ ਦੀ ਇਜਾਜ਼ਤ ਮਿਲ ਗਈ। ਹਾਂ ਅਧਿਆਪਕਾਂ ਨੇ ਕਾਪੀਆਂ ਲਾਲ ਪੈਨ ਨਾਲ ਚੈੱਕ ਕਰਨੀਆਂ ਹੁੰਦੀਆਂ ਸਨ ਤੇ ਬਹੁਤੇ ਵਾਰੀ ਉਹ ਅਧਿਆਪਕ ਵੀ ਘਾਉਲ ਕਰ ਜਾਂਦੇ। ਕਾਲਜ ਆਕੇ ਪਤਾ ਚੱਲਿਆ ਕਿ ਸਿਰਫ ਹੈਡ ਮਾਸਟਰ ਸਾਹਿਬ ਯ ਵੱਡੇ ਅਹੁਦੇ ਵਾਲਿਆਂ ਨੂੰ ਹੀ ਹਰੀ ਸਿਆਹੀ ਵਾਲਾ ਪੈਨ ਵਰਤਣ ਦਾ ਅਧਿਕਾਰ ਹੁੰਦਾ ਹੈ। ਜਿਵੇਂ ਪਿੱਛੇ ਜਿਹੇ ਭਗਵੰਤ ਮਾਨ ਨੇ ਹਰਾ ਪੈਨ ਜਨਤਾ ਦੀ ਭਲਾਈ ਲਈ ਵਰਤਣ ਦਾ ਐਲਾਨ ਕੀਤਾ ਸੀ।
ਖੈਰ ਗੱਲ ਹਰੇ ਲਾਲ ਨੀਲੇ ਪੈਨ ਦੀ ਹੀ ਸੀ। ਜਦੋਂ ਪਹਿਲੀ ਦੂਜੀ ਵਾਰੀ ਬਠਿੰਡੇ ਆਏ ਯ ਚੰਡੀਗੜ੍ਹ ਦਾ ਗੇੜਾ ਵੱਜਿਆ ਤਾਂ ਹਰੀ ਲਾਲ ਪੀਲੀ ਲਾਇਟ ਨੇ ਬਹੁਤ ਤੰਗ ਕੀਤਾ। ਚੌਂਕਾ ਤੇ ਲੱਗੀਆਂ ਲਾਲ ਪੀਲੀਆਂ ਹਰੀਆਂ ਲਾਈਟਾਂ ਨੇ ਭੰਬਲ ਭੂਸੇ ਵਿੱਚ ਪਾ ਦੇਣਾ। ਕਦੇ ਗੱਡੀ ਰੋਕੋ ਤੇ ਕਦੇ ਗੱਡੀ ਚਲਾਓ। ਨੋਇਡਾ ਵਿੱਚ ਜਗ੍ਹਾ ਜਗ੍ਹਾ ਪਏ ਹਰੇ ਲਾਲ ਨੀਲੇ ਡਸਟ ਬਿੰਨਾ ਦਾ ਚੱਕਰ ਸਮਝ ਨਾ ਆਇਆ। ਕਿੱਥੇ ਇੱਕ ਡਸਟ ਬਿੰਨ ਨਹੀਂ ਸੀ ਹੁੰਦਾ ਕਿੱਥੇ ਰੰਗ ਬਰੰਗੇ ਤਿੰਨ ਤਿੰਨ। ਹੁਣ ਤਾਂ ਖ਼ੈਰ ਇਥੇ ਵੀ ਕੂੜੇ ਵਾਲੀ ਗੱਡੀ ਹਰੇ ਲਾਲ ਨੀਲੇ ਡਸਟ ਬਿੰਨ ਬਾਰੇ ਸਮਝਾਉਂਦੀ ਰਹਿੰਦੀ ਹੈ। ਕਈ ਮਹੀਨੇ ਲਾਲ ਹਿੱਟ ਤੇ ਕਾਲਾ ਹਿੱਟ ਦਾ ਰੌਲਾ ਟੀਵੀ ਤੇ ਪੈਂਦਾ ਰਿਹਾ ਸਮਝ ਨਾ ਆਇਆ। ਫਿਰ ਨੀਲਾ ਹਾਰਪਿਕ ਤੇ ਲਾਲ ਹਾਰਪਿਕ ਦਾ ਝਮੇਲਾ।
ਮੇਰਾ ਭਤੀਜਾ ਐਂਕਲ ਚਿਪਸ ਖਾਂਦਾ ਸੀ। ਮੈਨੂੰ ਹੁਣ ਤੱਕ ਸਮਝ ਨਹੀਂ ਆਇਆ ਕਿ ਘੱਟ ਮਿਰਚਾਂ ਵਾਲਾ ਐਂਕਲ ਚਿਪਸ ਲਾਲ ਹੁੰਦਾ ਹੈ ਯ ਪੀਲਾ। ਹੁਣ ਪੋਤੀ ਨੂੰ ਚਿਪਸ ਦਿਵਾਉਣ ਵੇਲੇ ਵੀ ਆਹੀ ਸਮੱਸਿਆ ਆਉਂਦੀ ਹੈ। ਖਾਣ ਪੀਣ ਦੀਆਂ ਵਸਤੂਆਂ ਦੀ ਪੈਕਿੰਗ ਤੇ ਬਣਿਆ ਹਰਾ ਨਿਸ਼ਾਨ ਉਸਦੇ ਸ਼ਾਕਾਹਾਰੀ ਹੋਣ ਦਾ ਸਬੂਤ ਹੁੰਦਾ ਹੈ। ਦੂਸਰਾ ਨਿਸ਼ਾਨ ਸ਼ਾਇਦ ਉਸ ਵਿੱਚ ਪਾਏ ਨਾਨ ਵੇੱਜ ਦੀ ਪੁਸ਼ਟੀ ਕਰਦਾ ਹੈ। ਅਫਸਰਾਂ ਦੀ ਗੱਡੀ ਤੇ ਲਾਲ ਬੱਤੀ ਲੱਗੀ ਹੁੰਦੀ ਹੈ ਤੇ ਸਿਹਤ ਸਹੂਲਤਾਂ ਵਾਲੀ ਗੱਡੀ ਤੇ ਨੀਲੀ। ਪਰ ਪੁਲਸ ਦੀ ਗੱਡੀ ਤੇ ਲਾਲ ਤੇ ਨੀਲੀਆਂ ਦੋਨੇ ਲਾਈਟਾਂ ਲੱਗੀਆਂ ਹੁੰਦੀਆਂ ਹਨ। ਪੁਲਸ ਸਟੇਸ਼ਨ ਦੇ ਤਾਂ ਬੋਰਡ ਵੀ ਲਾਲ ਤੇ ਨੀਲੇ ਰੰਗ ਦੇ ਹੁੰਦੇ ਹਨ। ਆਮ ਆਦਮੀ ਨੂੰ ਹਰਾ ਪੈਨ ਵਰਤਣ ਦਾ ਅਧਿਕਾਰ ਤਾਂ ਨਹੀਂ ਮਿਲ ਸਕਦਾ ਪਰ ਉਸ ਨੂੰ ਹਰੀ ਬੱਤੀ ਲਾਉਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਤਾਂ ਕਿ ਨਾਕੇ ਤੇ ਖਡ਼ੇ ਅਫਸਰ ਦੂਰੋਂ ਸਮਝ ਲੈਣ ਕਿ ਉਹ ਆ ਗਿਆ #ਮੁਰਗਾ ਯਾਨੀ ਆਮ ਆਦਮੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ