ਮੇਰੇ ਦਾਦਾ ਜੀ ਦੀਆਂ ਚਾਰ ਭੈਣਾਂ ਸਨ। ਭੂਆ ਸਾਧੋ ਸੋਧਾਂ ਗਿਆਨੋ ਤੇ ਰਾਜ ਕੁਰ। ਦਾਦਾ ਜੀ ਇੱਕਲੇ ਹੀ ਸਨ। ਦਾਦਾ ਜੀ ਦੀ ਭੂਆ ਬਿਸ਼ਨੀ ਵੀ ਸਾਡੇ ਪਿੰਡ ਹੀ ਰਹਿੰਦੀ ਸੀ। ਮੇਰੀਆਂ ਵੀ ਦੋ ਭੂਆ ਸਨ ਮਾਇਆ ਤੇ ਸਰੁਸਤੀ। ਦਾਦੀ ਜੀ ਛੋਟੀ ਉਮਰੇ ਹੀ ਦੁਨੀਆਂ ਛੱਡ ਗਏ। ਘਰ ਨੂੰ ਚਲਾਉਣ ਦੀ ਸਾਰੀ ਜਿੰਮੇਦਾਰੀ ਮੇਰੀਆਂ ਤੇ ਮੇਰੇ ਪਾਪਾ ਜੀ ਦੀਆਂ ਭੂਆ ਦੀ ਸੀ। ਮੁਕਦੀ ਗੱਲ ਤੰਗੀ ਤੁਰਸ਼ੀ ਦੇ ਬਾਵਜੂਦ ਵੀ ਮੇਰੇ ਦਾਦਾ ਜੀ ਆਪਣੀ ਭੂਆ ਭੈਣਾਂ ਤੇ ਧੀਆਂ ਨੂੰ ਸੰਭਾਲਦੇ। ਹਰ ਤਿੱਥ ਤਿਉਹਾਰ ਤੇ ਤਿਲ ਫੁੱਲ ਜਰੂਰ ਦਿੰਦੇ। ਘਰ ਦੀ ਮਾਲਕਿਨ ਤੋਂ ਬਿਨਾਂ ਇਹਨਾਂ ਕਾਰਜਾਂ ਨੂੰ ਪੂਰਾ ਕਰਨਾ ਔਖਾ ਹੁੰਦਾ ਹੈ। ਇਹਨਾਂ ਜਿੰਮੇਦਾਰੀਆਂ ਦੇ ਬੋਝ ਨੇ ਉਹਨਾਂ ਦਾ ਸੁਭਾਅ ਕੁਝ ਕੜਕ ਬਣਾ ਦਿੱਤਾ। ਜਦੋ ਮੇਰੀ ਵੱਡੀ ਭੈਣ ਨੇ ਇੱਕ ਪੋਤੀ ਦੇ ਰੂਪ ਵਿੱਚ ਜਨਮ ਲਿਆ ਤਾਂ ਫਿਰ ਵੀ ਘਰੇ ਖੁਸ਼ੀ ਦਾ ਮਾਹੌਲ ਸੀ। ਦਾਦਾ ਜੀ ਦੀ ਹੱਟੀ ਘਰ ਵਿੱਚ ਹੀ ਸੀ। ਸਵੇਰੇ ਸ਼ਾਮ ਦਾਲ ਸਬਜ਼ੀ ਚਾਹ ਪੱਤੀ ਦੁੱਧ ਹੱਟੀ ਤੋਂ ਮੰਗਣਾ ਪੈਂਦਾ ਸੀ। ਮੇਰੀ ਮਾਂ ਘੁੰਡ ਵਿੱਚ ਹੀ ਹੋਲੀ ਜਿਹੇ ਮੇਰੇ ਦਾਦਾ ਜੀ ਤੋਂ ਜਰੂਰਤ ਅਨੁਸਾਰ ਚੀਜ਼ ਮੰਗ ਲੈਂਦੀ। ਬਾਈ ਚਾਹ ਬਾਈ ਦੁੱਧ ਬਾਈ ਦਾਲ। ਕਿਉਂਕਿ ਸਾਰੇ ਮੇਰੇ ਦਾਦਾ ਜੀ ਨੂੰ ਰੀਸੋ ਰੀਸ ਬਾਈ ਹੀ ਆਖਦੇ ਸਨ।
ਜਦੋ ਮੇਰੀ ਭੈਣ ਸਾਲ ਕੁ ਦੀ ਹੋਈ ਤਾਂ ਮੇਰੀ ਮਾਂ ਨੇ ਕੋਲ ਖੜ ਕੇ ਉਸਨੂੰ ਚਾਹ ਲਈ ਆਖਿਆ।
ਬਾ ਬਾ ਤਾਹ ।
ਬਾ ਬਾ ਤਾਹ।
ਮੇਰੇ ਦਾਦਾ ਜੀ ਸਮਝ ਗਏ ਕਿ ਇਹ ਚਾਹ ਪੱਤੀ ਮੰਗਦੀ ਹੈ। ਉਸ ਦਿਨ ਮੇਰੀ ਭੈਣ ਨੇ ਪਹਿਲੀ ਵਾਰੀ ਬਾਬਾ ਸ਼ਬਦ ਆਖਿਆ ਸੀ। ਮੇਰੇ ਦਾਦਾ ਜੀ ਬਹੁਤ ਖੁਸ਼ ਹੋਏ। ਨਿੱਕੜੀ ਬੋਲਣ ਲੱਗਪੀ। ਉਸ ਦਿਨ ਦਾਦਾ ਜੀ ਮੁੱਠੀ ਭਰ ਭਰ ਖਿੱਲਾਂ ਗ੍ਰਾਹਕਾਂ ਨੂੰ ਵੰਡੀਆਂ। ਕਈਆਂ ਨੂੰ ਦੋ ਦੋ ਪਤਾਸੇ ਦਿੱਤੇ। ਪੰਜਾਬੀ ਸਭਿਆਚਾਰ ਵਿਚ
ਧੀਆਂ ਨੂੰ ਪਿਆਰ ਤੇ ਸਤਿਕਾਰ ਸ਼ੁਰੂ ਤੋਂ ਹੀ ਦਿੱਤਾ ਜਾਂਦਾ ਹੈ।
ਪੋਤੀ ਧੀ ਭੈਣ ਭੂਆ ਨੂੰ ਘਰ ਦੀਆਂ ਜਾਈਆਂ ਆਖਿਆ ਜਾਂਦਾ ਹੈ। ਹਰ ਖੁਸ਼ੀ ਦੇ ਮੌਕੇ ਓਹਨਾ ਦਾ ਸਨਮਾਨ ਕਰਨ ਦੀ ਪਰੰਪਰਾ ਹੈ।
#ਰਮੇਸ਼ਸੇਠੀਬਾਦਲ