ਬਚਪਨ ਵਿਚ ਸਮੇਂ ਸਿਰ ਸਕੂਲ ਪਹੁੰਚਣਾ ਇੱਕ ਮਜਬੂਰੀ ਹੁੰਦੀ ਸੀ। ਕਿਉਂਕਿ ਸਕੂਲ ਵੱਲੋਂ ਲੇਟ ਆਉਣ ਵਾਲਿਆਂ ਦਾ ਸਵਾਗਤ ਤੂਤ ਦੀ ਛਟੀ ਨਾਲ ਕੀਤਾ ਜਾਂਦਾ ਸੀ। ਕਦੇ ਕਦੇ ਥੱਪੜ ਦਾ ਪ੍ਰਸ਼ਾਦ ਵੀ ਮਿਲਦਾ ਸੀ। ਹੋਰਨਾਂ ਜੁਆਕਾਂ ਦੇ ਉਲਟ ਨਿੱਤ ਨਹਾਕੇ ਜਾਣ ਦਾ ਵੀ ਘਰੋਂ ਹੁਕਮ ਸੀ। ਪਰ ਫਿਰ ਵੀ ਕਈ ਵਾਰੀ ਘਰੇ ਨਹਾਉਣ ਲਈ ਪਾਣੀ ਨਾ ਹੁੰਦਾ, ਪਾਣੀ ਗਰਮ ਨਾ ਹੁੰਦਾ, ਉੱਠਣ ਵਿਚ ਦੇਰੀ ਹੋ ਜਾਂਦੀ ਯ ਕੋਈ ਹੋਰ ਮਜਬੂਰੀ ਹੁੰਦੀ ਤਾਂ ਅਸੀਂ ਗੜਵੀ ਕ਼ੁ ਪਾਣੀ ਨਾਲ ਸਿਰ ਦੇ ਵਾਲ ਗਿੱਲੇ ਕਰ ਲੈਂਦੇ ਤੇ ਵਾਹਵਾ ਸਾਰੇ ਸਰੋਂ ਦੇ ਤੇਲ ਨਾਲ ਬੋਦੀਆਂ ਚੋਪੜ ਲੈਂਦੇ। ਜਵਾਂ ਨਹਾਉਣ ਵਰਗੀ ਫੀਲਿੰਗ ਆਉਂਦੀ। ਸਰਦੀਆਂ ਵਿੱਚ ਤਾਂ ਤੇਲ ਨਜ਼ਰ ਨਾ ਆਉਂਦਾ ਪਰ ਗਰਮੀਆਂ ਵਿਚ ਤੇਲ ਮੱਥੇ ਤੱਕ ਆ ਜਾਂਦਾ। ਪਰ ਇਸ ਗੱਲ ਦੀ ਸਾਨੂੰ ਬਹੁਤੀ ਸ਼ਰਮ ਜਿਹੀ ਨਹੀਂ ਆਉਂਦੀ ਸੀ। ਬੋਦੀਆਂ ਚੋਪੜਨ ਦੀ ਓਹਨਾ ਮੁੰਡਿਆਂ ਨੂੰ ਲੋੜ ਨਹੀਂ ਸੀ ਪੈਂਦੀ ਜੋ ਸਿਰ ਪੱਗ ਬੰਨ੍ਹਦੇ ਸਨ। ਭਾਵੇਂ ਕਲਾਸ ਵਿੱਚ ਪੱਗ ਵਾਲੇ ਸਾਥੀਆਂ ਦੀ ਗਿਣਤੀ ਘੱਟ ਹੀ ਹੁੰਦੀ ਸੀ।
ਕੇਰਾਂ ਮੇਰਾ ਸਹਿਪਾਠੀ ਬਲਤੇਜ ਸਿੰਘ ਪੱਗ ਕਾਰਨ ਬਾਹਲਾ ਫਸ ਗਿਆ। ਸ਼ਾਇਦ ਨੌਵੀਂ ਜਮਾਤ ਦੀ ਗੱਲ ਹੈ। ਸ੍ਰੀ ਰਾਜ ਕੁਮਾਰ ਬਾਗਲਾ ਜੋ ਸਾਡੇ ਇੰਚਾਰਜ ਵੀ ਸਨ ਤੇ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਸਨ। ਉਸ ਦਿਨ ਕਿਸੇ ਵਜ੍ਹਾ ਕਰਕੇ ਬਲਤੇਜ ਸਕੂਲੋਂ ਲੇਟ ਹੋ ਗਿਆ। ਤਾਏ ਹਰਬੰਸ ਨੇ ਉਸਨੂੰ ਸਕੂਲੋਂ ਛੁੱਟੀ ਕਰਾਉਣ ਦੀ ਬਜਾਇ ਲੇਟ ਹੀ ਸਕੂਲ ਨੂੰ ਭੇਜ ਦਿੱਤਾ। ਕਾਹਲੀ ਨਾਲ ਬਲਤੇਜ ਸਕੂਲ ਪਹੁੰਚਿਆ। ਸਵੇਰ ਦੀ ਪ੍ਰਾਥਨਾ ਹੋ ਚੁਕੀ ਸੀ। ਬਾਹਰ ਲਾਅਨ ਵਿਚ ਬੈਠੀ ਸਾਡੀ ਕਲਾਸ ਦੀ ਹਾਜ਼ਰੀ ਲਾਉਣ ਤੋਂ ਬਾਦ ਬਾਗਲਾ ਸਾਹਿਬ ਨੇ ਟੈਂਸ ਸਮਝਾਉਣੇ ਸ਼ੁਰੂ ਹੀ ਕੀਤੇ ਸਨ ਕਿ “ਆ ਜਾਂ ਜੀ” ਕਹਿ ਕੇ ਬਲਤੇਜ ਨੇ ਕਲਾਸ ਅੰਦਰ ਆਉਣ ਦੀ ਆਗਿਆ ਮੰਗੀ। ਪੜ੍ਹਾਈ ਚ ਵਿਘਨ ਪੈ ਗਿਆ। ਇੱਕ ਬਲਤੇਜ ਉਂਜ ਲੇਟ ਤੇ ਵੱਡੀ ਗੱਲ ਉਸਨੇ ਪੱਗ ਬੰਨ੍ਹੀ ਨਹੀਂ ਹੋਈ ਸੀ ਬਲਕਿ ਵਲੇਟੀ ਹੋਈ ਸੀ। “ਸਕੂਲ ਆਇਆ ਹੈ ਕਿ ਤੂੜੀ ਸੁੱਟਣ” ਕਹਿ ਕੇ ਬਾਗਲਾ ਸਾਹਿਬ ਨੇ ਬਲਤੇਜ ਨੂੰ ਢਾਹ ਲਿਆ। ਅਣਗਿਣਤ ਮੁਕੀਆਂ ਥੱਪੜ ਘਸੁੰਨ ਮਾਰਨ ਤੋਂ ਬਾਅਦ “ਜ਼ਾ ਅੰਦਰ ਜ਼ਾ ਕੇ ਪੱਗ ਠੀਕ ਤਰ੍ਹਾਂ ਬੰਨ ਕੇ ਆ।” ਬਾਗਲਾ ਸਾਹਿਬ ਨੇ ਕਿਹਾ। ਪੱਗ ਬੰਨ੍ਹਣ ਗਿਆ ਬਲਤੇਜ ਪੀਰੀਅਡ ਬਦਲਣ ਤੋਂ ਬਾਅਦ ਹੀ ਕਮਰੇ ਚੋ ਬਾਹਰ ਆਇਆ।
ਅੱਜ ਕੱਲ ਤਾਂ ਮਾਸਟਰ ਕਿਸੇ ਵਿਦਿਆਰਥੀ ਨੂੰ ਕੁੱਟਣਾ ਤਾਂ ਦੂਰ ਹੱਥ ਵੀ ਨਹੀਂ ਲਗਾ ਸਕਦਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ