ਉਸ ਵੇਲੇ ਦੇ ਇੱਕ ਸਿੰਘ ਦੇ ਭਾਈ ਨਾਲ ਗੱਲ ਹੋਈ..ਦੱਸਣ ਲੱਗਾ ਓਦੋਂ ਸਕੂਲੇ ਪੜਦਾ ਹੁੰਦਾ ਸੀ..ਕਦੇ ਕਦੇ ਸਕੂਲੇ ਜਾਣ ਨੂੰ ਜੀ ਨਾ ਕਰਦਾ..ਮਨਹੂਸ ਖਬਰਾਂ ਦੀ ਸੁਨਾਮੀਂ ਜਿਹੀ ਜੂ ਆ ਜਾਇਆ ਕਰਦੀ..ਅਚਾਨਕ ਪਤਾ ਲੱਗਦਾ ਕੋਈ ਸਿਰਕੱਢ ਫਲਾਣੀ ਥਾਂ ਚਾਲੇ ਪਾ ਗਿਆ..ਨਾਲ ਹੀ ਦੂਜੇ ਪਾਸਿਓਂ ਸਾਇਨਾਈਡ ਵਾਲੀ ਖਬਰ..ਅਖਬਾਰ ਵੀ ਉਂਝ ਦੀ ਉਂਝ ਹੀ ਪਈ ਰਹਿੰਦੀ..ਕੋਈ ਨਾ ਖੋਲ੍ਹਦਾ..ਸ਼ਾਇਦ ਕਿਸੇ ਆਪਣੇ ਦੀ ਖੁੱਲੇ ਵਾਲਾਂ ਵਾਲੀ ਫੋਟੋ ਵੇਖਣ ਦਾ ਹੀਆ ਨਾ ਪੈਂਦਾ..ਫੇਰ ਕਿਧਰੋਂ ਆਉਂਦੇ ਖੜਾਕ ਬਾਰੇ ਪਤਾ ਲੱਗਦਾ ਕੇ ਘਿਰੇ ਹੋਏ ਸਾਰੇ ਦੇ ਸਾਰੇ ਆਪਣੇ ਜਥੇ ਦੇ ਹੀ ਨੇ..!
ਏਨੀ ਨਿਰਾਸਤਾ ਅਤੇ ਦੁੱਖ ਦੇ ਆਲਮ ਵਿਚ ਸਾਰੇ ਚੁੱਪ ਚੁਪੀਤੇ ਬੈਠੇ ਰਹਿੰਦੇ..ਚਲੇ ਗਿਆਂ ਦੀਆਂ ਗੱਲਾਂ ਵੀ ਨਾ ਕਰਦੇ..ਕਿਧਰੇ ਢਹਿੰਦੀ ਕਲਾ ਮਨ ਤੇ ਭਾਰੂ ਹੀ ਨਾ ਹੋ ਜਾਵੇ..!
ਫੇਰ ਬੀਜੀ ਦੀ ਆਮਦ ਹੁੰਦੀ ਤੇ ਉਹ ਗੁਟਕਾ ਸਾਬ ਖੋਲ ਪਾਠ ਕਰਨ ਲੱਗ ਜਾਂਦੀ..ਉੱਚੀ ਉਚੀ..ਸਾਰੇ ਕੋਲ ਬੈਠ ਸੁਣਦੇ ਰਹਿੰਦੇ ਤੇ ਫੇਰ ਅਰਦਾਸ ਕਰ ਆਪੋ ਆਪਣੇ ਪਾਸੇ ਵੱਲ ਨਿੱਕਲ ਜਾਇਆ ਕਰਦੇ..ਇੰਝ ਲੱਗਦਾ ਹਰੇਕ ਨੇ ਆਪਣੀ ਮੰਜਿਲ ਆਪਣੇ ਨੇਫੇ ਨਾਲ ਬੰਨ ਕੇ ਰੱਖੀ ਹੁੰਦੀ!
ਫੇਰ ਵੀਰ ਜੀ ਇੱਕ ਦਿਨ ਉੱਚੀ-ਉੱਚੀ ਰੋਇਆ..ਪਤਾ ਲੱਗਾ ਕੇ ਕੋਈ ਬਹੁਤ ਹੀ ਨੇੜੇ ਦਾ ਕਿਸੇ ਦੂਜੀ ਧਿਰ ਨਾਲ ਜਾ ਰਲਿਆ ਤੇ ਕਿੰਨਾ ਨੁਕਸਾਨ ਕਰਵਾ ਗਿਆ!
ਮਨਮਰਜੀ ਨਾਲ ਤੇ ਚਾਹੇ ਤਸ਼ੱਦਤ ਲਾਲਚ ਦਾ ਝੰਬਿਆ ਕੋਈ ਘਰ ਦਾ ਭੇਦੀ ਜਦੋਂ ਅਚਾਨਕ ਦੂਜੇ ਪਾਸੇ ਜਾ ਖਲੋਏ ਤਾਂ ਵਿਸ਼ਵਾਸ਼ ਦੀਆਂ ਮਜਬੂਤ ਕੰਧਾਂ ਵੀ ਰੇਤ ਦੇ ਮੀਨਾਰ ਵਾਂਙ ਢਹਿ ਢੇਰੀ ਹੋ ਜਾਂਦੀਆਂ..!
ਅੱਜ ਏਨੇ ਦਹਾਕਿਆਂ ਬਾਅਦ ਸਿਰਫ ਤਕਨੀਕਾਂ ਬਦਲੀਆਂ ਵਰਤਾਰੇ ਹੂ-ਬਹੂ ਓਹੀ ਨੇ..ਭੰਬਲਬੂਸ..ਸ਼ੱਕ..ਸੂਹਾਂ..ਪਿੱਠ ਪਿੱਛੇ ਖੰਜਰ..ਕਥਨੀ ਕਰਨੀ ਦੇ ਫਰਕ..ਮੂੰਹ ਮੇਂ ਰਾਮ..ਬਗਲ ਵਿਚ ਛੁਰੀਆਂ..ਬਾਹਰੀ ਤੇ ਅੰਦਰੂਨੀ ਬਿਆਨਾਂ ਵਿਚ ਵਖਰੇਵਾਂ..ਯੂ ਟਯੂਬਰ..ਕਮਾਈਆਂ..ਲਾਈਕ..ਵਿਯੂ ਅਤੇ ਹੋਰ ਵੀ ਕਿੰਨਾ ਕੁਝ..!
ਅਜੋਕੇ ਦੌਰ ਦੀ ਇੱਕ ਵੱਡੀ ਮੁਸ਼ਕਲ..ਕਿਹੜਾ ਆਪਣਾ ਤੇ ਕਿਹੜਾ ਬੇਗਾਨਾ..ਇਹ ਪਛਾਣ ਕਰਨੀ ਹਿਮਾਲਿਆ ਪਰਬਤ ਜਿੰਨੀ ਔਖੀ ਹੋਈ ਪਈ..ਬੁੱਕਲ ਦੇ ਸੱਪਾਂ ਦੀ ਚਾਂਦੀ ਏ..ਦੋਵੇਂ ਹੱਥ ਲੱਡੂ ਨੇ..!
ਖੈਰ ਅਰਦਾਸ ਏ..ਅਜੋਕੀਆਂ ਮਾਈਆਂ ਰੱਬ ਰਜਾਈਆਂ ਔਖੇ ਵੇਲੇ ਸੈੱਲ ਫੋਨ ਪਾਸੇ ਰੱਖ ਆਪਣੀਆਂ ਔਲਾਦਾਂ ਨੂੰ ਕੋਲ ਬਿਠਾ ਸੁਖਮਣੀ ਸਾਬ ਦਾ ਜਾਪੁ ਕਰਨਾ ਕਦੇ ਨਾ ਭੁੱਲਣ..ਜਦੋਂ ਸਾਰੇ ਰਾਹ ਬੰਦ ਹੁੰਦੇ ਜਾਪਣ ਤਾਂ ਇੰਝ ਦਾ ਵਰਤਾਰਾ ਮਨ ਮੰਡਲ ਦੇ ਕਿੰਨੇ ਬੂਹੇ ਖੋਲਣ ਦੀ ਸਮਰੱਥਾ ਰੱਖਦਾ ਏ!
ਹਰਪ੍ਰੀਤ ਸਿੰਘ ਜਵੰਦਾ