ਇੱਕ ਵਿਆਹ ਵਿਚ ਗਿੱਧਾ ਪਉਂਦੀ ਦਿਸੀ..ਬੱਸ ਦੇਖਦਾ ਹੀ ਰਹਿ ਗਿਆ..ਤਿੱਖੇ ਨੈਣ ਨਕਸ਼ਾਂ ਅਤੇ ਭੋਲੀ ਜਿਹੀ ਸੂਰਤ ਨੇ ਉਸਦੇ ਗਲ਼ ਪਾਏ ਸਧਾਰਨ ਜਿਹੇ ਸੂਟ ਵੱਲ ਧਿਆਨ ਹੀ ਨਾ ਜਾਣ ਦਿੱਤਾ..!
ਵਿਆਹ ਦੀ ਗੱਲ ਚੱਲੀ ਤਾਂ ਓਸੇ ਦਾ ਹੀ ਜਿਕਰ ਕਰ ਦਿੱਤਾ..ਭੁਚਾਲ ਜਿਹਾ ਆਗਿਆ..ਦਲੀਲ ਦੇਣ ਲੱਗੇ ਕੇ ਕਿਥੇ ਅਮਰੀਕਾ ਦਾ ਗ੍ਰੀਨ ਕਾਰਡ ਤੇ ਕਿਥੇ ਗੋਹਾ ਕੂੜਾ ਕਰਦੀ ਸਧਾਰਨ ਜਿਹੇ ਟੱਬਰ ਵਿਚ ਪਲੀ ਹੋਈ ਆਮ ਜਿਹੀ ਕੁੜੀ..!
ਪਰ ਦਿਲ ਦਰਿਆ ਸਮੁੰਦਰੋਂ ਡੂੰਘੇ..ਕੌਣ ਦਿਲਾਂ ਦੀਆਂ ਜਾਣੇ..ਮੇਰੇ ਵੱਲੋਂ ਵੀ ਪੱਥਰ ਤੇ ਪੱਕੀ ਲਕੀਰ ਹੀ ਵੱਜ ਗਈ ਸੀ..ਲੌਂਗ ਦੇ ਲਿਸ਼ਕਾਰੇ ਵਾਲੀ ਪੀਤੋ..
ਫੇਰ ਇੱਕ ਦਿਨ ਜਦੋਂ ਪਾਣੀ ਵਾਰ ਬਰੂਹਾਂ ਤੋਂ ਅੰਦਰ ਲੈ ਆਂਦੀ ਤਾਂ ਚਾਰੇ ਪਾਸੇ ਚਾਨਣ ਪੱਸਰ ਗਿਆ..!
ਪਰ ਸਭ ਤੋਂ ਵੱਧ ਨਰਾਜਗੀ ਨਿੱਕੀ ਭੂਆ ਨੂੰ ਹੋਈ..ਸਹੁਰਿਆਂ ਵਾਲੇ ਪਾਸੋਂ ਲਿਆਧੇ ਉਸਦੇ ਸਾਕ ਨੂੰ ਨਾਂਹ ਜੂ ਹੋ ਗਈ ਸੀ!
ਆਏ ਦਿਨ ਲਿਆਂਦੇ ਦਾਜ ਦੀਆਂ ਗਿਣਤੀਆਂ ਮਿਣਤੀਆਂ ਹੋਣ ਲੱਗੀਆਂ..ਕਦੀ ਉਸਦੇ ਬਣਨ ਫੱਬਣ ਦੇ ਤਰੀਕਿਆਂ ਦਾ ਮੌਜੂ ਬਣਾਇਆ ਜਾਂਦਾ..ਕੱਪੜੇ ਧੋਣ ਵਾਲੀ ਮਸ਼ੀਨ ਚਲਾਉਣੀ ਨਾ ਆਈ ਤਾਂ ਵੱਡਾ ਮਸਲਾ ਬਣਾ ਦਿੱਤਾ ਗਿਆ!
ਇੱਕ ਵੱਡੀ ਸਿਫਤ ਸੀ..ਘਿਓ ਦਾ ਘੜਾ ਵੀ ਕਿਓਂ ਨਾ ਡੁੱਲ ਜਾਵੇ..ਹੱਸਦੀ ਰਹਿੰਦੀ..ਅਗਲਿਆਂ ਨੂੰ ਹੋਰ ਗੁੱਸਾ ਚੜ ਜਾਂਦਾ ਕੇ ਆਖੀਆਂ ਦਾ ਗੁੱਸਾ ਕਿਓਂ ਨਹੀਂ ਕਰਦੀ..!
ਫੇਰ ਇੱਕ ਦਿਨ ਜਹਾਜੇ ਚੜ ਬਾਹਰ ਆ ਗਈ..
ਸੰਘਰਸ਼ਮਈ ਜਿੰਦਗੀ ਦਾ ਆਗਾਸ..ਨਵਾਂ ਮੁਲਖ..ਨਵੇਂ ਲੋਕ..ਨਵੀਆਂ ਪੈੜਾਂ..ਖੁੱਲ੍ਹਾ ਡੁੱਲ੍ਹਾ ਅਤੇ ਵੱਖਰਾ ਜਿਹਾ ਡਰਾਉਣਾ ਮਾਹੌਲ..ਇੱਕ ਵਾਰ ਤੇ ਕਹਿੰਦੇ ਕਹਾਉਂਦੇ ਵੀ ਲੀਹੋਂ ਉੱਤਰ ਹੀ ਜਾਇਆ ਕਰਦੇ ਨੇ..!
ਸ਼ੁਰੂਆਤ ਵਿਚ ਇਸਤੋਂ ਕਈ ਗਲਤੀਆਂ ਵੀ ਹੋਈਆਂ ਪਰ ਨਾ ਤਾਂ ਕਦੇ ਆਪ ਮਜਾਕ ਉਡਾਇਆ ਤੇ ਨਾ ਹੀ ਕਿਸੇ ਹੋਰ ਨੂੰ ਉਡਾਉਣ ਦਿੱਤਾ..!
ਅੰਦਰੋਂ ਅਕਸਰ ਹੀ ਇੱਕ ਅਵਾਜ ਆਇਆ ਕਰਦੀ ਕੇ ਜਜਬਾਤਾਂ ਦੀ ਚਾਸ਼ਨੀ ਵਿਚ ਡੁੱਬੀ ਇਸ ਸੱਚੀ ਮੁਹੱਬਤ ਨੂੰ ਕਦੇ ਵੀ ਹੰਕਾਰ ਵਾਲੀ ਤੱਕੜੀ ਤੇ ਤੁਲਣ ਨਹੀਂ ਦੇਣਾ!
ਇਹ ਸੋਚ ਭਾਰੂ ਹੁੰਦਿਆਂ ਹੀ ਇਸਦੇ ਹਰ ਮਾਮਲੇ ਵਿਚ ਮੇਰੀ ਇੱਕ ਖਾਸ ਜੁਮੇਵਾਰੀ ਬਣ ਜਾਇਆ ਕਰਦੀ..ਮਿੱਠੇ ਬੇਰਾਂ ਨਾਲ ਲੱਦੀ ਇਸ ਬੇਰੀ ਨੂੰ ਕੋਈ ਬਾਹਰੀ ਢੇਮ ਨਹੀਂ ਵੱਜਣ ਦੇਣੀ..!
ਦਾਦੀ ਅਕਸਰ ਹੀ ਆਖਿਆ ਕਰਦੀ ਸੀ ਕੇ ਕਿਸੇ ਬੇਗਾਨੇ ਦੀਆਂ ਗਲਤੀਆਂ ਅਤੇ ਨਾਸਮਝੀਆਂ ਨੂੰ ਕਦੀ ਵੀ ਦੁਨੀਆ ਸਾਹਵੇਂ ਵੱਡਾ ਮਸਲਾ ਬਣਾ ਕੀ ਨਹੀਂ ਦਰਸਾਉਣਾ..ਸੱਚਾ ਰੱਬ ਨਰਾਜ ਹੁੰਦਾ..ਪਰ ਇਹ ਤੇ ਫੇਰ ਵੀ ਆਪ ਸਹੇੜੀ ਹੋਈ ਸੀ..ਮੇਰੀ ਨਿੱਕੀ ਜਿਹੀ ਧੀ ਨੂੰ ਜਨਮ ਦੇਣ ਵਾਲੀ ਦੁਖਾਂ-ਸੁਖਾਂ ਵਿਚ ਮੇਰੀ ਭਾਈਵਾਲ..ਉਹ ਵੀ ਏਨੇ ਭਾਰੀ ਸੰਘਰਸ਼ ਅਤੇ ਵਿਰੋਧ ਦੇ ਚੱਲਦੇ ਹੋਏ ਸਹੇੜ ਕੇ ਲਿਆਂਧੀ ਹੋਈ..!
ਆਪਣੇ ਕਈ ਹਮਵਤਨ..ਫਰੋਲ ਕੇ ਇਸਦੀ ਹਿਸਟਰੀ ਕੱਢ ਲਿਆਧੀ..ਫੇਰ ਆਖਿਆ ਕਰਨ ਪਿੱਛੋਂ ਗੋਹਾ ਕੂੜਾ ਕਰਦੀ ਆਈ ਏ..ਇੱਕ ਦੋ ਵਾਰ ਗਰਮਾਂ ਗਰਮੀ ਵੀ ਹੋ ਗਈ..ਏਦਾਂ ਦੇ ਯਾਰ ਬੇਲੀ ਅਤੇ ਬਹੁਤ ਸਾਰੇ ਹੋਰ ਜਾਣਕਾਰ ਸਦੀਵੀਂ ਛੱਡ ਵੀ ਦਿੱਤੇ..!
ਪਹਿਲਾਂ ਡਰਾਈਵਿੰਗ ਲਾਈਸੇਂਸ ਤੇ ਫੇਰ ਪੜਾਈ ਦੀਆਂ ਕਲਾਸਾਂ..ਪਤਾ ਨੀ ਕਿੱਦਾਂ ਸਾਰਾ ਕੁਝ ਪਹਿਲੀ ਵਾਰੀ ਵਿਚ ਹੀ ਕਲੀਅਰ ਕਰ ਗਈ..ਮਗਰੋਂ ਹਰ ਮੈਦਾਨ ਫਤਹਿ!
ਅੱਜ ਏਨੇ ਸਾਲਾਂ ਮਗਰੋਂ ਇੱਕ ਪੱਛੜੇ ਪਿੰਡ ਦੀ ਗੋਹਾ ਕੂੜਾ ਕਰਦੀ ਇੱਕ ਕੁੜੀ ਨੂੰ ਜਦੋਂ ਗੋਰਿਆਂ ਦੇ ਜੁਆਕ ਪੜਾਉਂਦੀ ਨੂੰ ਦੇਖਦਾਂ ਹਾਂ ਤਾਂ ਕੁਝ ਗੱਲਾਂ ਚੇਤੇ ਆ ਜਾਂਦੀਆਂ..!
ਇਸ ਦੁਨੀਆਂ ਦਾ ਕੋਈ ਵੀ ਖੱਬੀ-ਖ਼ਾਂ ਮਾਂ ਦੀ ਕੁੱਖੋਂ ਵਿਚੋਂ ਸਿੱਖ ਕੇ ਨਹੀਂ ਆਉਂਦਾ ਅਤੇ ਹਰ ਕਾਮਯਾਬ ਤੀਵੀਂ ਪਿੱਛੇ ਉਸਦੇ ਨਾਲਦੇ ਵੱਲੋਂ ਉਸ ਲਈ ਸਿਰਜਿਆ ਹੋਇਆ ਇੱਕ ਮਾਫਿਕ ਜਿਹਾ ਸੁਖਾਵਾਂ ਘਰੇਲੂ ਮਾਹੌਲ ਅਤੇ ਪੈਰ ਪੈਰ ਤੇ ਬਿਨਾ ਸ਼ਰਤ ਦਿੱਤੀ ਗਈ ਇਮਾਨਦਾਰ ਸੁਪੋਰਟ ਹੀ ਹੁੰਦੀ ਏ!
ਸੋ ਦੋਸਤੋ ਰੂਹਾਨੀ ਅਤੇ ਜਿਸਮਾਨੀ ਮੁਹੱਬਤ ਵਿਚ ਬੱਸ ਇਹੀ ਫਰਕ ਹੁੰਦਾ..!
ਰੂਹਾਨੀ ਮੁਹੱਬਤ ਹਯਾਤੀ ਦੇ ਲੰਮੇ ਸਫ਼ਰ ਵਿਚ ਨਿੱਕੇ ਮੋਟੇ ਗੁੱਸੇ ਗਿਲੇ ਅਤੇ ਨਫ਼ੇ ਨੁਕਸਾਨ ਪਾਸੇ ਰੱਖ ਸਿਵਿਆਂ ਦੀ ਰਾਖ ਤੱਕ ਸਾਥ ਨਿਭਾਉਂਦੀ ਏ..!
ਤੇ ਜਿਸਮਾਨੀ ਮੁਹੱਬਤ ਸਰੀਰ ਦੀ ਵਕਤੀ ਭੁੱਖ ਮਿਟ ਜਾਣ ਮਗਰੋਂ ਇੱਕ ਦੂਜੇ ਤੋਂ ਅੱਕ ਵੱਖ ਹੋਣ ਲਈ ਕੋਈ ਨਾ ਕੋਈ ਬਹਾਨਾ ਲ਼ੱਭ ਹੀ ਲਿਆ ਕਰਦੀ ਏ..!
ਕਈ ਵਕਤੀ ਮੁਹੱਬਤਾਂ ਅਦਾਲਤਾਂ ਦੇ ਕਟੇਹਰਿਆਂ ਵਿਚ ਖੱਜਲ ਖਵਾਰ ਹੁੰਦੀਆਂ ਅੱਜ ਵੀ ਅਕਸਰ ਹੀ ਵੇਖੀਆਂ ਜਾ ਸਕਦੀਆਂ!
ਸੱਚੇ ਬਿਰਤਾਂਤ ਤੇ ਅਧਾਰਿਤ..ਹਰਪ੍ਰੀਤ ਸਿੰਘ ਜਵੰਦਾ
ਬਹੁਤ ਹੀ ਪਾਏਦਾਰ ਕਹਾਣੀ ਹੈ, ਅੱਜ ਦੇ ਜਮਾਨੇ ਵਿੱਚ ਹਜਾਰਾ ਚੋ ਕੋਈ ਇਕ ਹੋਵੇਗੀ ਇਸ ਤਰਾ ਦੀ , ਤੇ ਮਰਦਾ ਵਿੱਚੋ ਵੀ ਕੋਈ ਇਕ ਹੋਵੇਗਾ। ਜੋ ਇਸ ਤਰਾ ਸੋਚਦਾ ਹੋਵੇਗਾ। ਮੈ ਅਕਸਰ ਤੁਹਾਡੀਆ ਕਹਾਣੀਆ ਪੜਦੀ ਰਹਿੰਦੀ ਹਾ। ਕੁਮੈਟ ਤਾ ਸ਼ਾਈਦ ਪਹਿਲੀ ਵਾਰੀ ਕੀਤਾ ਹੈ।