ਉਹ ਵੱਡਾ ਹੋਇਆ..ਜਵਾਨੀ ਸਿਰ ਚੜ ਬੋਲਣ ਲੱਗੀ..ਸਾਰੀ ਦੁਨੀਆਂ ਬੌਣੀ ਬੇਵਕੂਫ ਜਾਪਣ ਲੱਗੀ..!
ਪਰ ਜੰਮਣ ਵਾਲੀ ਦੇ ਭਾਵੇਂ ਅਜੇ ਵੀ ਦੁੱਧ ਚੁੰਘਦਾ ਬਾਲ ਹੀ ਸੀ..ਉਂਝ ਹੀ ਮੱਤਾਂ ਦਿੰਦੀ..ਨਸੀਹਤਾਂ ਕਰਦੀ..ਉਸਨੂੰ ਬੁਰਾ ਲੱਗਦਾ..ਅੱਗੋਂ ਬੋਲ ਪੈਂਦਾ..ਤਾੜਨਾ ਕਰਦਾ ਆਪਣੀਆਂ ਨਸੀਹਤਾਂ ਕੋਲ ਰੱਖਿਆ ਕਰ..!
ਉਹ ਵਕਤੀ ਤੌਰ ਤੇ ਚੁੱਪ ਹੋ ਜਾਂਦੀ..ਪਰ ਅੰਦੋਂ ਅੰਦਰ ਬੜਾ ਫਿਕਰ ਕਰਦੀ..!
ਹੁਣ ਉਸਨੇ ਘਰੇ ਕੁਵੇਲੇ ਅਉਣਾ ਸ਼ੁਰੂ ਕਰ ਦਿੱਤਾ..ਮਾਂ ਉਸ ਜੋਗੀ ਪਾਈ ਹੋਈ ਰੋਟੀ ਦੀ ਥਾਲੀ ਕੋਲ ਬੈਠ ਆਪਣੇ ਪੱਲੇ ਨਾਲ ਹਵਾ ਮਾਰਦੀ ਰਹਿੰਦੀ..!
ਉਹ ਏਨੀ ਗੱਲ ਆਖ ਸਿੱਧਾ ਅੰਦਰ ਲੰਘ ਜਾਇਆ ਕਰਦਾ ਕੇ ਬਾਹਰੋਂ ਖਾ ਆਇਆਂ ਹਾਂ..!
ਉਹ ਥਾਲੀ ਓਸੇ ਤਰਾਂ ਢੱਕ ਦਿੰਦੀ..ਫੇਰ ਹੌਲੀ ਜਿਹੀ ਆਖਦੀ..ਰਾਤ ਦੀ ਰੋਟੀ ਘਰੋਂ ਖਾਇਆ ਕਰ..ਬਾਹਰੋਂ ਖਾਦੀ ਨਾਲ ਸਿਦਕ ਨਹੀਂ ਆਉਂਦਾ..!
ਫੇਰ ਅੱਧੀ ਰਾਤ ਬਿੜਕ ਹੁੰਦੀ..ਉਹ ਚੁੱਲੇ ਕੋਲ ਕੁਝ ਖਾਣ ਨੂੰ ਲੱਭ ਰਿਹਾ ਹੁੰਦਾ..ਉਹ ਅਛੋਪਲੇ ਜਿਹੇ ਉੱਠ ਓਹੀ ਥਾਲੀ ਲਿਆ ਅੱਗੇ ਧਰਦੀ..ਉਹ ਚੁੱਪ ਚਾਪ ਖਾ ਲੈਂਦਾ..ਸ਼ੁਕਰੀਏ ਦੇ ਦੋ ਬੋਲ ਵੀ ਨਾ ਆਖਦਾ..ਸਵੈ-ਮਾਣ ਨੂੰ ਧੱਕਾ ਜੂ ਲੱਗਦਾ ਸੀ..!
ਫੇਰ ਇੱਕ ਦਿਨ ਡਿੱਗਦਾ ਢਹਿੰਦਾ ਅੰਦਰ ਆ ਵੜਿਆ..ਉਹ ਸ਼ਰਾਬੀ ਦੀ ਤੋਰ ਪਹਿਚਾਣਦੀ ਸੀ..ਪਰ ਅੱਜ ਦਾ ਨਸ਼ਾ ਅਜੀਬ ਹੀ ਸੀ..ਉਹ ਬੜਾ ਰੋਈ ਕਲਪੀ..ਆਖਣ ਲੱਗੀ ਪਹਿਲੋਂ ਤੇਰਾ ਪਿਓ..ਤੇ ਹੁਣ ਤੂੰ!
ਇੱਕ ਦਿਨ ਰੋਹੀ ਦੇ ਬਰੇਤੇਆਂ ਵਿਚ ਇੱਕ ਸੁੰਨਸਾਨ ਕਿੱਕਰ ਦੇ ਤਣੇ ਨਾਲ ਲੱਗੇ ਹੋਏ ਨੇ ਟੀਕਾ ਕੱਢਿਆ..ਕਾਹਲੀ ਨਾਲ ਨਾੜ ਲੱਭੀ ਤੇ ਸਰਿੰਜ ਦੱਬ ਦਿੱਤੀ..ਇੱਕਦਮ ਹਲੂਣਾ ਜਿਹਾ ਆਇਆ..ਅੰਦਰ ਭਾਂਬੜ ਬਲ ਉੱਠੇ..ਸੰਘ ਸੁੱਕ ਗਿਆ ਤੇ ਤ੍ਰੇਹ ਲੱਗ ਗਈ..ਉਹ ਉੱਚੀ ਸਾਰੀ ਚੀਖ ਉਠਿਆ “ਮਾਂ ਪਾਣੀ”
ਪਰ ਮਾਂ ਤੇ ਘਰੇ ਚੋਂਕੇ ਵਿਚ ਉਸਦੀ ਥਾਲੀ ਕੋਲ ਬੈਠੀ ਮੱਖੀਆਂ ਉਡਾ ਰਹੀ ਸੀ..ਹੌਲ ਪਿਆ..ਇੱਕਦਮ ਤ੍ਰਭਕ ਕੇ ਉੱਠੀ..ਪਾਣੀ ਦੇ ਗਲਾਸ ਨੂੰ ਹੱਥ ਵੱਜ ਗਿਆ..ਥਾਲੀ ਵਿਚ ਡੁੱਲ ਗਿਆ..!
“ਬੇਸ਼ਗਨੀ ਹੋ ਗਈ”..ਏਨੀ ਗੱਲ ਆਖਦੀ ਹੋਈ ਪੋਚਾ ਲੱਭਣ ਭੱਜ ਉੱਠੀ..!
ਬਾਹਰ ਸਾਣੀ ਮੰਜੀ ਦੇ ਚਾਰ ਪਾਵਿਆਂ ਨੂੰ ਚੁੱਕੀ ਲਿਆਉਂਦੇ ਕਿੰਨੇ ਸਾਰੇ ਲੋਕ ਦਿਸ ਪਏ..!
ਉਸਦੀ ਸਹਿ ਸੁਭਾਅ ਮੂਹੋਂ ਨਿੱਕਲ ਗਈ ਇੱਕ ਗੱਲ ਤੇ ਅੱਜ ਮੋਹਰ ਲੱਗ ਚੁੱਕੀ ਸੀ..ਵਾਕਿਆ ਹੀ ਵੱਡੀ ਬੇਸ਼ਗਨੀ ਹੋ ਗਈ ਸੀ!
ਚਾਰੇ ਖਾਨਿਓਂ ਚਿੱਤ ਇੱਕ ਮਾਂ ਚਾਰ ਦਹਾਕੇ ਪਿੱਛੇ ਅੱਪੜ ਗਈ..ਓਦੋਂ ਗੋਲੀਆਂ ਤੇ ਅੱਜ ਸਰਿੰਜਾਂ..ਪਰ ਹਾਕਮਾਂ ਲਈ ਸਰਿੰਜਾਂ ਵਰਦਾਨ ਨੇ..ਇਹ ਅੱਗਿਓਂ ਮੁਕਾਬਲਾ ਜੂ ਨਹੀਂ ਕਰਦੀਆਂ!
(ਮੇਰੇ ਇਲਾਕੇ ਦੇ ਇੱਕ ਜੁਆਨ ਦੇ ਮੂਹੋਂ ਆਖਰੀ ਵੇਲੇ ਨਿੱਕਲੇ ਬੋਲ..”ਮਾਂ ਪਾਣੀ” ਤੇ ਸਿਰਜਿਆ ਇੱਕ ਸੱਚਾ ਬਿਰਤਾਂਤ)
ਹਰਪ੍ਰੀਤ ਸਿੰਘ ਜਵੰਦਾ