ਉਹ ਤਿੰਨੋਂ ਸਰਦੇ ਪੁੱਜਦੇ ਘਰਾਂ ਚੋਂ ਸਨ..ਹੋਸਟਲ ਦੇ ਨਾਲ ਬਣੇ ਪੈਲਸ ਵਿਚ ਅਕਸਰ ਹੀ ਬਿਨਾ ਬੁਲਾਇਆਂ ਵੜ ਜਾਇਆ ਕਰਦੇ..ਫੇਰ ਰੱਜ-ਪੁੱਜ ਕੇ ਤੁਰਨ ਲਗਿਆਂ ਸਿਕਿਓਰਿਟੀ ਇੰਚਾਰਜ ਦੇ ਬੋਝੇ ਵਿਚ ਪੰਜ ਸੌ ਦਾ ਨੋਟ ਪਾਉਣਾ ਕਦੀ ਨਾ ਭੁੱਲਦੇ!
ਉਸ ਰਾਤ ਵੀ ਰਿਸੈਪਸ਼ਨ ਪਾਰਟੀ ਵਿਚ ਚੰਗੀ ਤਰਾਂ ਖਾ ਪੀ ਕੇ ਗਜਰੇਲਾ ਲਿਆਉਂਦੇ ਬੈਰੇ ਦਾ ਇੰਤਜਾਰ ਕਰ ਹੀ ਰਹੇ ਸਨ ਕੇ ਐਨ ਪਿਛਲੇ ਪਾਸੇ ਹਲਵਾਈਆਂ ਵਾਲੀ ਸਾਈਡ ਤੇ ਹੁੰਦੀ ਹੋਈ ਕਿਸੇ ਦੀ ਜਰੂਰੀ ਗੱਲਬਾਤ ਨੇ ਓਹਨਾ ਦੇ ਕੰਨ ਖੜੇ ਕਰ ਦਿੱਤੇ!
ਇੱਕ ਬਜ਼ੁਰਗ ਜੋ ਕੇ ਧੀ ਦੇ ਪਿਤਾ ਜੀ ਲੱਗਦੇ ਸਨ..ਕੇਟ੍ਰਿੰਗ ਠੇਕੇਦਾਰ ਨੂੰ ਬੇਨਤੀ ਕਰ ਰਹੇ ਸਨ ਕੇ ਅੰਦਾਜੇ ਤੋਂ ਵੱਧ ਲੱਗ ਗਏ ਖਾਣੇ ਦੇ ਬਣਦੇ ਤੀਹ ਹਜਾਰ ਰੁਪਈਏ ਓਹਨਾ ਤੋਂ ਅੱਜ ਕਿਸੇ ਵੀ ਹਾਲਤ ਵਿਚ ਨਹੀਂ ਦਿੱਤੇ ਜਾਣੇ..ਆਖ ਰਹੇ ਸਨ ਕੇ “ਲੋਨ ਅਪਰੂਵ” ਹੋਣ ਵਿਚ ਘਟੋ ਘੱਟ ਹਫਤਾ ਲੱਗ ਸਕਦਾ ਏ..ਠੇਕੇਦਾਰ ਕਿਸੇ ਸਮਝੌਤੇ ਦੇ ਮੂਡ ਵਿਚ ਨਹੀਂ ਸੀ ਲੱਗਦਾ!
ਅਗਲੇ ਦਿਨ ਕੱਲੇ ਬੈਠੇ ਸਰਦਾਰ ਜੀ ਕਾਫੀ ਦੇਰ ਤੋਂ ਚੇਤਾ ਕਰਨ ਦੀ ਕੋਸ਼ਿਸ਼ ਵਿਚ ਸਨ ਕੇ ਓਹਨਾ ਨੂੰ ਬਿਨਾ ਨਾਮ ਦੇ ਦਸ ਦਸ ਹਜਾਰ ਵਾਲੇ ਸ਼ਗਨ ਦੇ ਤਿੰਨ ਲਫਾਫੇ ਕੌਣ ਫੜਾ ਗਿਆ ਸੀ?
ਹਰਪ੍ਰੀਤ ਸਿੰਘ ਜਵੰਦਾ