#ਸ਼ੀਸ਼_ਮਹਿਲ_ਵਾਲੀ_ਤੰਦੂਰੀ_ਤੇ।
ਸ਼ੀਸ਼ ਮਹਿਲ ਦੇ ਅੰਦਰ ਦਾਖਿਲ ਹੁੰਦਿਆਂ ਹੀ ਮੇਨ ਰੋਡ ਤੇ ਲੱਗੀ ਤੰਦੂਰੀ ਤੇ ਸੁਭਾ ਸ਼ਾਮ ਦਾ ਨਜ਼ਾਰਾ ਦਿਲਚਸਪ ਹੁੰਦਾ ਹੈ। ਰੋਜ਼ ਦੀ ਤਰ੍ਹਾਂ ਅਸੀਂ ਸਾਢੇ ਕੁ ਸੱਤ ਵਜੇ ਆਪਣੇ ਲਈ ਬਾਰਾਂ ਕੁ ਫੁਲਕੇ ਲਗਵਾਉਣ ਚਲੇ ਗਏ। ਆਪਣੀ ਆਪਣੀ ਵਾਰੀ ਦੇ ਇੰਤਜ਼ਾਰ ਵਿੱਚ ਖੜੀਆਂ ਸੁਆਣੀਆਂ ਨੂੰਹਾਂ ਤੇ ਸੱਸਾਂ ਸਨ। ਜਿਆਦਾਤਰ ਸੱਸਾਂ ਹੀ ਹੁੰਦੀਆਂ ਹਨ ਜੋ ਪਰਿਵਾਰ ਦੇ ਜੀਆਂ ਦੇ ਸੁਆਦ ਲਈ ਆਉਂਦੀਆਂ ਹਨ। ਅੱਜ ਅਚਾਨਕ ਆਈ ਹਨੇਰੀ ਨੇ ਸਭ ਦੇ ਚੇਹਰੇ ਤੇ ਚਿੰਤਾ ਬਖੇਰ ਦਿੱਤੀ। ਇਕ ਦਮ ਪੂਰੀ ਕਲੋਨੀ ਦੀ ਬੱਤੀ ਚਲੀ ਗਈ ਤੇ ਘੁੱਪ ਹਨੇਰਾ ਹੋ ਗਿਆ। ਕਈ ਤਾਂ ਵਿਚਾਰੀਆਂ ਆਪਣੇ ਗੁੰਨੋ ਹੋਏ ਆਟੇ ਸਮੇਤ ਵਾਪਿਸ ਚਲੀਆਂ ਗਈਆਂ। ਅਸੀਂ ਤਿੰਨ ਕੁ ਕਸਟਮਰ ਐਸੇ ਸੀ ਜਿਹੜੇ ਵਾਪਿਸ ਵੀ ਨਹੀਂ ਸੀ ਜਾ ਸਕਦੇ। ਤੰਦੂਰ ਵਾਲੀ ਇੱਕ ਬਜ਼ੁਰਗ ਜਿਹੀ ਔਰਤ ਬਾਰ ਬਾਰ ਕਸਟਮਰ ਸ਼ਬਦ ਵਰਤਦੀ ਹੁੰਦੀ ਹੈ। ਉਸਦੇ ਮੂੰਹੋ ਕਸਟਮਰ ਸ਼ਬਦ ਸੁਣਕੇ ਮੈਨੂੰ ਬਹੁਤ ਹੱਸੀ ਆਉਂਦੀ ਹੈ। ਘੁੱਪ ਹਨੇਰੇ ਵਿੱਚ ਇੱਕ ਆਦਮੀ ਆਪਣੇ ਮੋਬਾਇਲ ਦੀ ਲਾਈਟ ਜਗਾਕੇ ਤੰਦੂਰ ਤੇ ਰੋਸ਼ਨੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੈਂ ਵੀ ਆਪਣੀ ਕਾਰ ਉਧਰ ਮੋੜਕੇ ਲਾਈਟਾਂ ਜਗਾ ਦਿੱਤੀਆਂ। ਪਰ ਹੁਣ ਕਿਣਮਿਣ ਕਾਣੀ ਸ਼ੁਰੂ ਹੋ ਚੁੱਕੀ ਸੀ। ਹੁਣ ਸਾਡੀ ਕੋਸ਼ਿਸ਼ ਵੀ ਅਸੰਭਵ ਵਿੱਚ ਬਦਲਣ ਲੱਗੀ। ਇੰਨੇ ਨੂੰ ਨਾਲ ਦੀ ਕੋਠੀ ਵਾਲਿਆਂ ਦਾ ਜੁਆਕ ਤੰਦੂਰ ਵਾਲੀ ਲਈ ਇੱਕ ਛੱਤਰੀ ਲ਼ੈ ਆਇਆ। ਹੱਥ ਵਿੱਚ ਛੱਤਰੀ ਫੜਕੇ ਰੋਟੀਆਂ ਲਾਉਣੀਆਂ ਹੋਰ ਵੀ ਮੁਸ਼ਕਿਲ ਸਨ। ਉਸਦੀ ਤਕਲੀਫ ਸਮਝਕੇ ਮੋਬਾਇਲ ਦੀ ਰੋਸ਼ਨੀ ਕਰਨ ਵਾਲੇ ਸਖਸ਼ ਨੇ ਤੰਦੂਰ ਵਾਲੀ ਲਈ ਛੱਤਰੀ ਵੀ ਆਪਣੇ ਹੱਥ ਵਿੱਚ ਫੜ੍ਹ ਲਈ। ਪਰ ਮੀਂਹ ਹੋਰ ਤੇਜ਼ ਹੋ ਗਿਆ। ਉਹ ਸਾਡੀ ਇੱਕ ਇੱਕ ਰੋਟੀ ਤੰਦੂਰ ਤੋਂ ਲਾਉਂਦੀ ਤੇ ਸਾਨੂੰ ਕਾਰ ਵਿੱਚ ਫੜਾ ਦਿੰਦੀ ਤਾਂਕਿ ਰੋਟੀ ਭਿੱਜੇ ਨਾ। ਸਾਡੇ ਗਿਆਰਾਂ ਫੁਲਕੇ ਹੀ ਪੱਕੇ ਸਨ ਤੇ ਬਾਰਵਾਂ ਤੰਦੂਰ ਦੇ ਅੰਦਰ ਹੀ ਸੜ੍ਹ ਗਿਆ। ਮੀਂਹ ਹੋਰ ਵੀ ਤੇਜ਼ ਹੋ ਗਿਆ ਤੇ ਝੱਖੜ ਵਿੱਚ ਬਦਲ ਗਿਆ। ਤੰਦੂਰ ਵਾਲੀਆਂ ਦੋਨੇ ਔਰਤਾਂ ਤੰਦੂਰ ਢੱਕਕੇ ਨਾਲਦੀ ਕੋਠੀ ਵਿੱਚ ਵੜ੍ਹ ਗਈਆਂ। ਛੱਤਰੀ ਫੜਨ ਵਾਲਾ ਸਖਸ਼ ਵੀ ਬਿਨਾਂ ਆਪਣੀਆਂ ਰੋਟੀਆਂ ਲਗਵਾਏ ਮੀਂਹ ਵਿੱਚ ਭਿੱਜਦਾ ਹੋਇਆ ਆਪਣੀ ਕੋਠੀ ਨੂੰ ਦੌੜ ਗਿਆ। ਮੇਰੀ ਲਾਣੇਦਾਰਨੀ ਤੰਦੂਰ ਵਾਲੀਆਂ ਨੂੰ ਕਾਰ ਤੇ ਉਹਨਾਂ ਦੇ ਘਰ ਛੱਡਣਾ ਚਾਹੁੰਦੀ ਸੀ। ਜੋ ਤੇਜ਼ ਮੀਂਹ ਕਾਰਨ ਸੰਭਵ ਨਹੀਂ ਸੀ। ਮੀਂਹ ਰੁਕਣ ਤੇ ਮੈਂ ਤੰਦੂਰ ਵਾਲੀ ਨੂੰ ਫੋਨ ਕੀਤਾ। ਓਦੋਂ ਤੱਕ ਉਹ ਆਪਣੇ ਘਰ ਸੁਰੱਖਿਅਤ ਪਹੁੰਚ ਚੁੱਕੀਆਂ ਸਨ।ਉਹਨਾਂ ਨਾਲ ਫੋਨ ਤੇ ਗੱਲ ਹੋਣ ਤੋਂ ਬਾਅਦ ਅਸੀਂ ਰੋਟੀ ਖਾਣੀ ਸ਼ੁਰੂ ਕੀਤੀ। ਉਹਨਾਂ ਦੀ ਆਪਣੀ ਰੋਟੀ ਦਾ ਕੀ ਬਣਿਆ ਹੋਊ? ਬੇਗਮ ਦੀ ਚਿੰਤਾ ਦਾ ਅਗਲਾ ਵਿਸ਼ਾ ਇਹ ਸੀ ਸ਼ਾਇਦ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ