ਮੈਨੂੰ ਉਸਤੋਂ ਬੇਹੱਦ ਨਫਰਤ ਸੀ..
ਉਹ ਮੈਨੂੰ ਹਮੇਸ਼ਾਂ ਹਰਾ ਦਿਆ ਕਰਦਾ..ਪੜਾਈ ਵਿਚ..ਖੇਡਾਂ ਵਿਚ..ਗੱਲਬਾਤ ਵਿਚ..ਹਰ ਖੇਤਰ ਵਿਚ..!
ਇੱਕ ਵਾਰ ਅੱਧੀ ਛੁੱਟੀ ਬਾਹਰ ਖੇਡਣ ਗਿਆ..ਮੈਂ ਉਸਦੀਆਂ ਦੋ ਕਿਤਾਬਾਂ ਪਾੜ ਸੁੱਟੀਆਂ..ਵਾਪਿਸ ਪਰਤ ਸਭ ਕੁਝ ਵੇਖ ਰੋ ਪਿਆ..ਪਰ ਕਿਸੇ ਨੂੰ ਕੁਝ ਨੀ ਆਖਿਆ..ਭਾਵੇਂ ਉਹ ਜਾਣਦਾ ਸੀ ਕੇ ਇਹ ਸਭ ਕੁਝ ਮੈਂ ਹੀ ਕੀਤਾ..!
ਮੈਂ ਤੇ ਮੇਰੇ ਸਾਥੀ ਉਸਦੇ ਪ੍ਰਤੀਕਰਮ ਦੀ ਉਡੀਕ ਕਰਦੇ ਰਹੇ ਪਰ ਉਹ ਗਿੱਲੀਆਂ ਅੱਖਾਂ ਨਾਲ ਘਰੇ ਚਲਾ ਗਿਆ!
ਇਸਤੋਂ ਬਾਅਦ ਉਹ ਮੁੜ ਕਦੇ ਵੀ ਸਕੂਲ ਨਾ ਦਿਸਿਆ..ਸ਼ਾਇਦ ਬਾਪ ਨਾਲ ਦਿਹਾੜੀ ਤੇ ਜਾਣਾ ਸ਼ੁਰੂ ਕਰ ਦਿੱਤਾ ਸੀ..!
ਮੈਂ ਖੁਸ਼ ਸਾਂ ਕੇ ਇੱਕ ਵੱਡਾ ਦੁਸ਼ਮਣ ਰਾਹ ਤੋਂ ਹਟ ਗਿਆ..!
ਕਿੰਨਿਆਂ ਵਰ੍ਹਿਆਂ ਮਗਰੋਂ ਕੋਠੀ ਬਣਾਉਣੀ ਸ਼ੁਰੂ ਕੀਤੀ ਤਾਂ ਲੇਬਰ ਚੋਂਕ ਤੋਂ ਬੰਦੇ ਲੈ ਆਂਦੇ..ਇੱਕ ਚੇਹਰਾ ਜਾਣਿਆਂ ਪਹਿਚਾਣਿਆਂ ਲੱਗਿਆ..ਇਹ ਓਹੋ ਸੀ..ਉਸਨੇ ਵੀ ਮੈਨੂੰ ਪਹਿਚਾਣ ਲਿਆ ਪਰ ਚੁੱਪ ਰਿਹਾ..ਵਕਤ ਦੇ ਥਪੇੜਿਆਂ ਉਸਨੂੰ ਵਕਤੋਂ ਪਹਿਲਾਂ ਹੀ ਬੁੱਢਾ ਕਰ ਦਿੱਤਾ ਸੀ..!
ਪਰ ਮੇਰੀ ਨਫਰਤ ਅਜੇ ਮਰੀ ਨਹੀਂ ਸੀ..ਫੇਰ ਜਾਗ ਉਠੀ..ਮੈਂ ਅਕਸਰ ਹੀ ਉਸਦੇ ਕੰਮ ਵਿਚ ਨੁਕਸ ਕੱਢ ਦਿਆ ਕਰਦਾ..ਕਦੀ ਝਿੜਕਾਂ ਵੀ ਮਾਰ ਦਿਆ ਕਰਦਾ..ਉਹ ਅੱਗਿਓਂ ਸੁਣਦਾ ਰਹਿੰਦਾ!
ਕਦੀ ਕਦੀ ਉਹ ਆਪਣੇ ਨਾਲ ਆਪਣੀ ਨਿੱਕੀ ਜਿਹੀ ਪੋਤਰੀ ਨੂੰ ਵੀ ਲੈ ਆਇਆ ਕਰਦਾ..!
ਮੇਰੀ ਪੋਤਰੀ ਉਸਦੀ ਪੋਤਰੀ ਦੀ ਸਹੇਲੀ ਬਣ ਗਈ..!
ਪਰ ਮੈਨੂੰ ਚੰਗਾ ਨਾ ਲੱਗਿਆ ਕਰਦਾ..ਮੇਰੀ ਪੋਤਰੀ ਖਹਿੜਾ ਕਰਦੀ ਕੇ ਉਸ ਨਾਲ ਹੀ ਖੇਡਣਾ..ਸੁਵੇਰੇ ਬਾਹਰ ਬੈਠ ਉਡੀਕਣਾ ਸ਼ੁਰੂ ਕਰ ਦਿੰਦੀ..ਮੈਂ ਆਖਦਾ ਇਹਨਾਂ ਨਾਲ ਖੇਡੀਏ ਤਾਂ ਵਿਗੜ ਜਾਈਦਾ..!
ਅਖੀਰ ਪੰਜਾਂ ਮਹੀਨਿਆਂ ਬਾਅਦ ਕੰਮ ਮੁੱਕ ਗਿਆ..ਹਿਸਾਬ ਦੀ ਵਾਰੀ ਆਈ..ਮਨ ਵਿਚ ਪਤਾ ਨੀ ਕੀ ਆਇਆ..ਆਨੇ ਬਹਾਨੇ ਦੋ ਹਜਾਰ ਕੱਟ ਲਏ..!
ਬਾਕੀ ਸਾਰੇ ਮਜਦੂਰ ਚਲੇ ਗਏ..ਪਰ ਉਹ ਨਾ ਗਿਆ..ਮੈਂ ਸੋਚਿਆ ਜਰੂਰ ਲੜੇਗਾ..ਬਹਿਸ ਕਰੇਗਾ..ਪੂਰੇ ਪੈਸੇ ਦਿਓ..ਪਰ ਉਹ ਹੱਸਦਾ ਰਿਹਾ..!
ਫੇਰ ਉਸਨੇ ਕੋਲ ਖੇਡਦੀ ਮੇਰੀ ਪੋਤਰੀ ਨੂੰ ਆਪਣੇ ਕੋਲ ਸੱਦ ਲਿਆ..!
ਮਿਲੇ ਪੈਸਿਆਂ ਵਿਚੋਂ ਪੰਜ ਸੌ ਦਾ ਨੋਟ ਕੱਢ ਉਸਦੇ ਬੋਝੇ ਵਿਚ ਪਾ ਦਿੱਤਾ..ਆਖਣ ਲੱਗਾ ਤੇਰਾ ਦਾਦਾ ਤੇ ਮੈਂ ਨਿੱਕੇ ਹੁੰਦਿਆਂ ਯਾਰ ਹੁੰਦੇ ਸਾਂ..ਇਸ ਹਿਸਾਬ ਨਾਲ ਤੇਰਾ ਵੱਡਾ ਦਾਦਾ ਲੱਗਾ..ਆਹ ਲੈ ਫੜ ਵੱਡੇ ਦਾਦੇ ਦਾ ਪਿਆਰ..ਏਨੀ ਗੱਲ ਆਖ ਵਾਹਿਗੁਰੂ ਦਾ ਸ਼ੁਕਰ ਕੀਤਾ ਤੇ ਤੁਰਦਾ ਬਣਿਆ..!
ਪਰ ਮੈਂ ਇਹ ਸਭ ਕੁਝ ਵੇਖ ਪੱਥਰ ਹੋ ਗਿਆ..ਕੋਈ ਹਿੱਲਜੁਲ ਨਹੀਂ..ਬੱਸ ਬਿਨਾ ਸਾਹ ਸੱਤ ਦੇ ਇੱਕ ਬੁੱਤ!
ਜਾਂਦਾ ਜਾਂਦਾ ਇੱਕ ਵਾਰ ਫੇਰ ਬੁਰੀ ਤਰਾਂ ਹਰਾ ਜੂ ਗਿਆ ਸੀ!
(ਮਜਦੂਰ ਦਿਵਸ ਤੇ ਖਾਸ)
ਹਰਪ੍ਰੀਤ ਸਿੰਘ ਜਵੰਦਾ