#ਤੰਦੂਰੀ_ਸ਼ੀਸ਼_ਮਹਿਲ_ਵਾਲੀ।
ਸ਼ੀਸ਼ ਮਹਿਲ ਵਾਲੀ ਤੰਦੂਰੀ ਤੇ ਮਹਿਫ਼ਿਲ ਸਜੀ ਹੋਈ ਸੀ।
“ਅੰਟੀ ਸਾਡੇ ਸੱਤ ਫੁਲਕੇ ਲਗਾ ਦਿਓਂ।” ਆਪਣਾ ਗੁੰਨਿਆ ਹੋਇਆ ਆਟਾ ਫੜਾਉਂਦੇ ਹੋਏ ਬਾਰਾਂ ਕੁ ਸਾਲ ਦੇ ਮੁੰਡੇ ਨੇ ਤੰਦੂਰ ਵਾਲੀ ਮਾਈ ਨੂੰ ਕਿਹਾ।
“ਆਟਾ ਰੱਖਦੇ ਪੁੱਤ, ਮੈਂ ਰੋਟੀਆਂ ਲਾਕੇ ਘਰੇ ਫੜ੍ਹਾਂ ਆਵਾਂਗੀ।” ਚਪਾਤੀਂ ਬਾਕਸ ਫੜ੍ਹਦੀ ਹੋਈ ਤੰਦੂਰ ਵਾਲੀ ਨੇ ਕਿਹਾ।
“ਆਹ ਤੀਹ ਰੁਪਏ ਮੰਮੀ ਨੇ ਭੇਜੇ ਹਨ ਰਾਤ ਦੀਆਂ ਸੱਤ ਅਤੇ ਹੁਣ ਵਾਲੀਆਂ ਸੱਤ ਰੋਟੀਆਂ ਦੇ।” ਉਸ ਬੱਚੇ ਨੇ ਓਥੇ ਰੁਪਏ ਰੱਖ ਦਿੱਤੇ।
“ਪੁੱਤ ਪੈਸੇ ਵਾਪਿਸ ਲ਼ੈ ਜਾ। ਤੁਹਾਡੇ ਨਾਲ ਸਾਡਾ ਕੋਈਂ ਹਿਸਾਬ ਕਿਤਾਬ ਨਹੀਂ ਘਰ ਦੀ ਗੱਲ ਹੈ।” ਮਾਈ ਨੇ ਆਵਾਜ਼ ਮਾਰਦੀ ਹੋਈ ਨੇ ਕਿਹਾ।
“ਹੋਰ ਇੰਨਾ ਕਰਦੇ ਹਨ ਸਾਡਾ। ਪਹਿਲਾਂ ਤੰਦੂਰ ਲਗਵਾਇਆ ਫਿਰ ਪੱਲਿਓ ਬਾਲਣ ਵੀ ਦਿੱਤਾ। ਪੀਣ ਨੂੰ ਪਾਣੀ ਧਾਣੀ ਵੀ ਭੇਜਦੇ ਹਨ। ਤੇ ਅਸੀਂ ਇੰਨਾ ਵੀ ਨਹੀਂ ਕਰ ਸਕਦੇ।” ਮਾਈ ਨੇ ਰੋਟੀਆਂ ਲਵਾਉਣ ਆਈਆਂ ਦੂਸਰੀਆਂ ਔਰਤਾਂ ਨੂੰ ਕਿਹਾ। ਪਰ ਲੜਕਾ ਮਾਈ ਦੀ ਗੱਲ ਸੁਣੇ ਬਿਨਾਂ ਜਾ ਚੁੱਕਿਆ ਸੀ। ਮੈਨੂੰ ਤੰਦੂਰ ਵਾਲੀ ਉਸ ਗਰੀਬ ਔਰਤ ਦੀ ਗੱਲ ਵਧੀਆ ਲੱਗੀ। ਬਹੁਤੇ ਗਰੀਬ ਲੋਕ ਕਿਸੇ ਦੇ ਅਹਿਸਾਨ ਨਹੀਂ ਰੱਖਦੇ। ਆਪਣੀ ਪਹੁੰਚ ਅਨੁਸਾਰ ਉਸਦਾ ਬਦਲਾ ਚਕਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਉਹਨਾਂ ਦੀ ਫਿਤਰਤ ਹੁੰਦੀ ਹੈ।
ਜਦੋਂ ਮਾਮੂਲੀ ਜਿਹੀ ਕਿਣਮਿਣ ਸ਼ੁਰੂ ਹੋਈ ਤਾਂ ਉਹ ਘਰੋਂ ਆਕੇ ਛੱਤਰੀ ਪਕੜਾ ਗਿਆ। ਮੈਨੂੰ ਉਹ ਜੁਆਕ ਸੰਸਕਾਰੀ ਲੱਗਿਆ। ਤੇ ਉਸਦਾ ਪਰਿਵਾਰ ਉਸ ਤੋਂ ਵੱਧ। ਮੈਂ ਕਈ ਬਾਹਲੇ ਧਨਾਢ ਰੋਟੀਆਂ ਦੀ ਲਗਵਾਈ ਦੇਣ ਵੇਲੇ ਕਿੜ ਕਿੜ ਕਰਦੇ ਵੇਖੇ ਹਨ। ਮੈਂ ਉਲਝਣ ਵਿੱਚ ਪੈ ਜਾਂਦਾ ਹਾਂ ਕਿ ਫਿਰ ਅਸਲੀ ਧਨਾਢ ਕੌਣ ਹੋਇਆ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ