1960 ਤੋੰ ਲੈ ਕੇ 75 ਤੱਕ ਦਾ ਮੇਰਾ ਬਚਪਨ ਘੁਮਿਆਰੇ ਪਿੰਡ ਦੀਆਂ ਗਲੀਆਂ ਵਿੱਚ ਬੀਤਿਆ। ਬਹੁਤੇ ਲੋਕਾਂ ਨੂੰ ਉਮਰ ਅਨੁਸਾਰ ਬਾਬਾ ਤਾਇਆ ਚਾਚਾ ਅੰਬੋ ਤਾਈ ਚਾਚੀ ਹੀ ਕਹਿੰਦੇ ਸੀ। ਕਈ ਨਾਮ ਮੇਰੇ ਜ਼ਹਿਨ ਵਿਚ ਅਜੇ ਵੀ ਤਰੋ ਤਾਜ਼ਾ ਹਨ।ਬਾਬੇ ਨਰ ਸਿੰਘ ਬੌਣੇ ਦੀ ਮਿੱਠੀ ਬੋਲੀ ਮੈਨੂੰ ਅਜੇ ਵੀ ਯਾਦ ਹੈ ਅੰਬੋ ਦੇ ਪੇਕੇ ਸਕਤੇਖੇੜੇ ਸਨ ਜਿਥੇ ਮੇਰੀ ਮਾਂ ਦੇ ਨਾਨਕੇ ਸਨ ਉਹ ਨਾਨਕਿਆਂ ਵਾਲੀ ਸਕੀਰੀ ਵਰਤਦੀ। ਇਸ ਬਾਬਾ ਹਜ਼ੂਰਾ ਹੁੰਦਾ ਸੀ ਘੇਸਲੇ ਵਾਲਾ ਆਖਦੇ ਸਨ ਉਸਨੂੰ । ਉਹ ਹਮੇਸ਼ਾ ਹੱਥ ਵਿਚ ਸੋਟੀ ਰੱਖਦਾ। ਉਹ ਚੰਗੀ ਜਮੀਨ ਦਾ ਮਾਲਿਕ ਪਰ ਦਰਜੇ ਦਾ ਕੰਜੂਸ ਸੀ। ਬਾਦ ਵਿਚ ਉਸਦਾ ਪੋਤਾ ਤੇ ਮੇਰਾ ਹਮਜਮਾਤੀ ਪਿੰਡ ਦਾ ਸਰਪੰਚ ਬਣਿਆ। ਕਪੂਰ ਰੱਬ, ਸਾਹਿਬ ਸਿੰਹ ਨੰਬਰਦਾਰ, ਚੰਡੀਗੜ੍ਹ ਵਾਲੇ , ਜੰਗ ਫੌਜੀ, ਹਾਕਮ ਚੁਬਾਰਾ, ਬੀਜਾ ਸਿੰਘ ਬਲਬੀਰ ਭਾਈਜੀ ਜੱਸਾ ਮੈਂਬਰ ਬਲਬੀਰ ਤੇ ਸਰਬਣ ਸਾਰੇ ਮੇਰੇ ਦਾਦਾ ਜੀ ਦੇ ਪਾਗੀ ਸਨ। ਸਾਡੇ ਘਰਾਂ ਕੋਲ ਬਾਬੇ ਫੂਲ ਕੇ ਘਰ ਕੋਲੇ ਮਹਾਂ ਸਿੰਘ ਰਹਿੰਦਾ ਸੀ ਅਸੀਂ ਉਸਨੂੰ ਮਹਾਂ ਸਿੰਘ ਤਾਇਆ ਆਖਦੇ ਸੀ। ਪਰ ਪਤਾ ਨਹੀਂ ਕਿਉਂ ਬਹੁਤੇ ਲੋਕ ਉਸਨੂੰ ਮਹਾਂ ਸਿੰਘ ਕਮਲਾ ਆਖਦੇ ਸੀ। ਕਮਲੇ ਵਾਲੀ ਕੋਈ ਗੱਲ ਤਾਂ ਨਜ਼ਰ ਨਹੀਂ ਸੀ ਆਉਂਦੀ। ਪਰ ਬੱਚਾ ਬੱਚਾ ਉਸਨੂੰ ਮਹਾਂ ਸਿੰਘ ਕਮਲਾ ਹੀ ਕਹਿੰਦਾ ਸੀ।
“ਸ਼ੇਰਾਂ ਝੋਟੀ ਸੂਣ ਵਾਲੀ ਹੈ।” ਛੱਪੜ ਤੋਂ ਮੱਝਾਂ ਨੁਹਾਕੇ ਆਉਂਦੇ ਨੂੰ ਮੈਨੂੰ ਤਾਏ ਮਹਾਂ ਸਿੰਘ ਨੇ ਪੁੱਛਿਆ। “ਤੂੰ ਕੀ ਲੈਣਾ ਹੈ।” ਮੈ ਗੁੱਸੇ ਚ ਬੋਲਿਆ। “ਕਿੰਨਵਾਂ ਸੂਆ ਹੈ।” ਉਸਨੇ ਹਲੀਮੀ ਨਾਲ ਫਿਰ ਪੁੱਛਿਆ। “ਦੂਜੇ।” ਮੈਂ ਉਸਨੂੰ ਟਾਲਣ ਦੇ ਲਹਿਜੇ ਨਾਲ ਕਿਹਾ । “ਫਿਰ ਸ਼ੇਰਾਂ ਸੋਟੀ ਨਾ ਮਾਰ ਇਸਦੇ।” ਉਹ ਬੋਲਿਆ।
“ਕਿਹੜਾ ਤੇਰੇ ਵੱਜਦੀ ਹੈ। ਤੂੰ ਕੀ ਲੈਣਾ ਹੈ।” ਮੈਨੂੰ ਬੇਂਇੰਤਹਾ ਗੁੱਸਾ ਸੀ। ਉਹ ਆਪਣੀ ਗਲੀ ਮੁੜ ਗਿਆ।
ਘਰੇ ਜਾਕੇ ਮੈਂ ਮਿਰਚ ਮਸਾਲਾ ਲਾਕੇ ਸਾਰੀ ਗੱਲ ਮੇਰੀ ਮਾਂ ਨੂੰ ਦੱਸੀ। ਕਮਲੇ ਵਾਲੀ ਗੱਲ ਉਸਦੇ ਦਿਮਾਗ ਵਿਚ ਘਰ ਕਰ ਚੁੱਕੀ ਸੀ। ਉਸਨੂੰ ਗੁੱਸਾ ਚੜ੍ਹ ਗਿਆ ਕਿ ਮਹਾਂ ਸਿੰਹ ਕਮਲਾ ਨਜ਼ਰ ਲਾਉ ਮੱਝ ਨੂੰ। ਉਹ ਭਰੀ ਪੀਤੀ ਓਹਨਾ ਘਰੇ ਉਲਾਂਭਾ ਦੇਣ ਤੁਰ ਪਈ। “ਕਰਤਾਰ ਕੁਰੇ ਕਿੱਥੇ ਚੱਲੀ ਹੈ ਦੁਪਹਿਰੇ ਦੁਪਹਿਰੇ।” ਮਿਸ਼ਰੀ ਦੀ ਮਾਂ ਤੇ ਸਾਡੀ ਗੁਆਂਢਣ ਤਾਈ ਸੁਰਜੀਤ ਕੌਰ ਨੇ ਪੁੱਛਿਆ। “ਆਹ ਕਮਲੇ ਘਰੇ ਚੱਲੀ ਹਾਂ ਮੱਝ ਨੂੰ ਨਜ਼ਰ ਲਾਉ। ਪੁਠੀਆਂ ਸਿੱਧੀਆਂ ਗੱਲਾਂ ਕਰਦਾ ਹੈ ਜੁਆਕ ਨਾਲ।” ਮੇਰੀ ਮਾਂ ਦਾ ਬੀ ਪੀ ਵਧੀਆ ਹੋਇਆ ਸੀ। “ਨੀ ਛੱਡ ਪਰਾਂ ਉਹ ਤਾਂ ਹੈ ਹੀ ਐਜਾ। ਆਵਦੇ ਕੋਈ ਲਵੇਰੀ ਹੈ ਨਹੀਂ ਦੂਜਿਆਂ ਨੂੰ ਨਜ਼ਰ ਲਾਉਂਦਾ ਰਹਿੰਦਾ ਹੈ। ਸਾਡੀ ਮੱਝ ਤੇ ਵੀ ਕੌੜਾ ਕੌੜਾ ਝਾਕਦਾ ਸੀ। ਪੰਜਵੇਂ ਮਹੀਨੇ ਫਲ ਸੁੱਟ ਗਈ।” ਤਾਈ ਸਰਜੀਤ ਕੁਰ ਨੇ ਮੱਚਦੀ ਤੇ ਤੇਲ ਪਾਇਆ। ਮੇਰੀ ਮਾਂ ਮਹਾਂ ਸਿੰਘ ਦੀ ਘਰਆਲੀ ਨੂੰ ਖੂਬ ਤੱਤੀਆ ਤੱਤੀਆ ਸੁਣਾਕੇ ਆਈ। ਤਾਈ ਨੇ ਵੀ ਆਪਣੇ ਘਰ ਵਾਲੇ ਨੂੰ ਝਿੜਕਿਆ। ਫਿਰ ਮੈਂ ਕਈ ਵਾਰੀ ਸੋਚਿਆ ਤਾਏ ਮਹਾਂ ਸਿੰਘ ਦਾ ਕੋਈ ਖਾਸ ਕਸੂਰ ਨਹੀਂ ਸੀ ਪਰ ਉਸਦੀ ਅੱਲ ਮਹਾਂ ਸਿੰਘ ਕਮਲਾ ਹੀ ਉਸਨੂੰ ਲੈ ਬੈਠੀ। ਦੂਸਰਾ ਮੇਰਾ ਤੇ ਤਾਈ ਸੁਰਜੀਤ ਕੁਰ ਦੀ ਲਾਈ ਲੂਤੀ ਦਾ ਅਸਰ ਸੀ।
ਹੋਰ ਵੀ ਬਹੁਤ ਕਿਰਦਾਰ ਹਨ ਮੇਰੇ ਪਿੰਡ ਦੀਆਂ ਯਾਦਾਂ ਦੇ। ਬਾਕੀ ਫਿਰ ਸਹੀ।
#ਰਮੇਸ਼ਸੇਠੀਬਾਦਲ