ਮਾਫ ਕਰਨਾ ਮੈ ਤੁਹਾਡੀ ਗੱਲ ਵਿਚਾਲੇ ਕੱਟ ਰਿਹਾਂ ਹਾਂ। ਜਦੋ ਵੀ ਕੋਈ ਦੋ ਜਾਂ ਦੋ ਤੌ ਵੱਧ ਬੰਦੇ ਗੱਲ ਕਰਦੇ ਹਨ ਤਾਂ ਅਕਸਰ ਇਹੀ ਸਬਦ ਬੋਲਿਆ ਜਾਂਦਾ ਹੈ । ਇੱਕ ਆਦਮੀ ਦੀ ਗੱਲ ਪੂਰੀ ਹੋਣ ਤੌ ਪਹਿਲਾਂ ਹੀ ਦੂਸਰਾ ਆਦਮੀ ਆਪਣੀ ਗੱਲ ਸੁਣਾਉਣੀ ਸੁਰੂ ਕਰ ਦਿੱਦਾ ਹੈ। ਦੂਜੇ ਦੀ ਗੱਲ ਖਤਮ ਹੋਣ ਤੌ ਪਹਿਲਾਂ ਤੀਸਰਾ ਆਪਣੀ ਕਥਾ ਚਾਲੂ ਕਰ ਦਿੰਦਾ ਹੈ। ਫਿਰ ਇਸ ਤਰਾਂ ਜਿੰਨੇ ਆਦਮੀ ਹੁੰਦੇ ਹਨ ਸਾਰੇ ਹੀ ਬੋਲਣ ਲੱਗ ਜਾਂਦੇ ਹਨ ਤੇ ਕਾਂਵਾਂਰੋਲੀ ਜਿਹੀ ਪੈ ਜਾਂਦੀ ਹੈ। ਕਿਸੇ ਲੜਾਈ ਜਾ ਫੈਸਲੇ ਤੇ ਬੈਠੀ ਪੰਰਾਇਤ ਚ ਵੀ ਇਹ ਆਮ ਹੀ ਹੁੰਦਾ ਹੈ। ਤੈਨੂੰ ਨਹੀ ਪਤਾ ਮੈ ਦੱਸਦਾ ਹਾਂ ਸਾਰੀ ਗੱਲ । ਕਹਿ ਕੇ ਅਗਲਾ ਪਹਿਲੇ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ ਹੈ। ਤੇ ਕੋਈ ਵੀ ਕਿਸੇ ਦੀ ਗੱਲ ਸੁਣਕੇ ਰਾਜੀ ਨਹੀ ਹੁੰਦਾ ।
ਕੋਈ ਦੁਖਿਆਰਾ ਜੀਵ ਜਦੋ ਆਪਣੀ ਬਿਮਾਰੀ ਬਾਰੇ ਦੱਸਣਾ ਸੁਰੂ ਕਰਦਾ ਹੈ। ਉਹ ਆਪਣਾ ਮਨ ਹੋਲਾ ਕਰਨਾ ਚਾਹੁੰਦਾ ਹੁੰਦਾ ਹੈ ਪਰ ਦੂਸਰਾ ਉਸ ਦੀ ਗੱਲ ਸੁਨਣ ਦੀ ਬਜਾਇ ਆਪਣੀ ਬੀਮਾਰੀ ਨੂੰ ਉਸ ਤੋ ਵੱਡਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਕਿ ਉਸ ਤੌ ਵੀ ਵੱਧ ਹਮਦਰਦੀ ਲੈ ਸਕੇ। ਬੀਮਾਰੀ ਦੀ ਗੱਲ ਸੁਨਾਉਣ ਵਾਲਾ ਮਨ ਮਸੋਸ ਕੇ ਰਹਿ ਜਾਂਦਾ ਹੈ। ਉਸਦਾ ਦਰਦ ਵੀ ਕੋਈ ਦੂਸਰਾ ਸੁਨਣ ਨੂੰ ਤਿਆਰ ਹੀ ਨਹੀ ਹੁੰਦਾ । ਇਸ ਦਾ ਕਾਰਣ ਹੈ ਕਿ ਸਾਡੇ ਵਿੱਚ ਦੂਸਰੇ ਦੀ ਗੱਲ ਸੁਨਣ ਦੀ ਸਮਰੱਥਾ ਹੀ ਨਹੀ ਹੈ। ਸਾਡੀ ਸਹਿਣ ਸ਼ਕਤੀ ਖਤਮ ਹੋ ਚੁੱਕੀ ਹੈ। ਸੁਨਣ ਦੀ ਸਮਰਥਾ ਹੀ ਨਹੀ ਰਹੀ। ਕੰਨ ਕੰਮ ਕਰਦੇ ਹਨ ਪਰ ਅਸੀ ਕਿਸੇ ਨੂੰ ਸੁਨਣਾ ਹੀ ਨਹੀ ਚਾਹੁੰਦੇ। ਸਿਰਫ ਆਪਣੀ ਸੁਨਾਉਣ ਅਤੇ ਆਪ ਹੀ ਬੋਲਣ ਵਿੱਚ ਵਿਸ਼ਵਾਸ ਰੱਖਦੇ ਹਾਂ। ਗੱਲਾਂ ਦੀ ਲੜੀ ਟੁੱਟਣ ਹੀ ਨਹੀ ਦਿੰਦੇ। ਵੇਸਣ ਦੇ ਪਕੋੜੇ ਬਣਾਉਣ ਵਾਂੰਗੂ ਅਸੀ ਗੱਲਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਇਸ ਤਰਾਂ ਦੇ ਬਹੁਤੇ ਬੰਦੇ ਮਿਲ ਜਾਂਦੇ ਹਨ। ਚੁੱਪ ਕਰਨ ਵਾਲੇ ਬੰਦੇ ਬਹੁਤ ਘੱਟ ਮਿਲਦੇ ਹਨ। ਜਿਹੜਾ ਬਹੁਤਾ ਨਾ ਬੋਲੇ ਤੇ ਚੁੱਪ ਕੀਤਾ ਜਿਹਾ ਹੋਵੇ ਉਸਨੂੰ ਸਮਾਜ ਪਸੰਦ ਵੀ ਨਹੀ ਕਰਦਾ। ਕਿਉਕਿ ਅਜਿਹਾ ਬੰਦਾ ਆਪਣੀ ਗੱਲ ਨੂੰ ਖੁੱਲ੍ਹ ਕੇ ਪ੍ਰਗਟ ਨਹੀ ਕਰ ਸਕਦਾ। ਲੋਕਾਂ ਦੀ ਤਰਾਂ ਮੈ ਵੀ ਆਪਣੀ ਗੱਲ ਮੁੱਕਣ ਨਹੀ ਦਿੰਦਾ। ਹਜ਼ਾਰ ਬੰਦਿਆਂ ਚੌ ਨੱਬੇ ਪ੍ਰਤੀਸ਼ਤ ਬੰਦਿਆਂ ਵਿੱਚ ਹੋਈ ਕੁਲ ਵਾਰਤਾ ਦਾ ਨੱਬੇ ਪ੍ਰਤੀਸ਼ਤ ਹਿੱਸਾ ਮੈ ਹੀ ਬੋਲਦਾ ਹਾਂ। ਕਈ ਵਾਰੀ ਖੁੱਦ ਵੀ ਸੋਚਦਾ ਹਾਂ ਕਿ ਇਹ ਗਲਤ ਹੈ ਪਰ ਕਹਿੰਦੇ ਗਲਤ ਆਦਤਾਂ ਨੂੰ ਛੱਡਣਾ ਵੀ ਸੁਖਾਲਾ ਨਹੀ। ਚੁੱਪ ਰਹਿਣ ਦੀ ਕੋਸ਼ਿਸ਼ ਕਰਦਾ ਹਾਂ ਪਰ ਚੁੱਪ ਰਿਹਾ ਨਹੀ ਜਾਂਦਾ।
ਗੱਲ ਕਿਸੇ ਵੀ ਵਿਸ਼ੇ ਦੀ ਹੋਵੇ ਭਾਰਤੀ ਰਾਜਨੀਤੀ ਤੋ ਲੈ ਕੇ ਅਮਰੀਕਾ ਦੀ ਯੁੱਧ ਅਤੇ ਆਰਥਿਕ ਨੀਤੀ ਤੱਕ ਦੇ ਮੁੱਦੇ ਤੇ ਆਪਣਾ ਗਿਆਨ ਘੋਟਨ ਵਾਲੇ ਸਦਾ ਤਿਆਰ ਰਹਿੰਦੇ ਹਨ। ਅਜਿਹੇ ਲੋਕਾਂ ਨੂੰ ਚਾਹੇ ਆਪਣੇ ਘਰਦੇ ਬਿਜਲੀ ਦੇ ਬਿੱਲ ਦੀ ਜਾਣਕਾਰੀ ਨਾ ਹੋਵੇ। ਆਪਣੇ ਬੱਚੇ ਦੀ ਕਲਾਸ ਨਾ ਪਤਾ ਹੋਵੇ ਪਰ ਮਹਿਫਲ, ਪੰਚਾਇਤ ਵਿੱਚ ਆਪਣੀ ਗੱਲ ਨਹੀ ਮੁੱਕਣ ਦਿੰਦੇ। ਲਗਾਤਾਰ ਹੀ ਗਿਆਨ ਘੋਟਦੇ ਰਹਿੰਦੇ ਹਨ। ਉਹ ਕਿਸੇ ਹੋਰ ਨੂੰ ਸੁਨਣਾ ਹੀ ਨਹੀ ਚਾਹੰਦੇ। ਜੇ ਕੋਈ ਧੱਕੇ ਨਾਲ ਆਪਣੀ ਗੱਲ ਸੁਰੂ ਕਰ ਵੀ ਲਵੇ ਤਾਂ ਮਾਫ ਕਰਨਾ ਤੁਹਾਡੀ ਗੱਲ ਵਿਚਾਲੇ ਕੱਟ ਰਿਹਾ ਹਾਂ ਕਹਿਕੇ ਆਪਣੀ ਰਾਮ ਕਹਾਣੀ ਫਿਰ ਤੌ ਸੁਰੂ ਕਰ ਦਿੰਦੇ ਹਨ। ਮੈਨੂੰ ਯਾਦ ਹੈ ਕਿ ਇੱਕ ਵਾਰੀ ਸੋ ਰੁਪਏ ਨੂੰ ਲੈਕੇ ਮੇਰੇ ਚਾਚਾ ਜੀ ਦਾ ਝਗੜਾ ਕਿਸੇ ਬੱਸ ਕੰਡਕਟਰ ਨਾਲ ਹੋ ਗਿਆ। ਦੋਹਾਂ ਧਿਰਾਂ ਦੀ ਗਲਤ ਫਹਿਮੀ ਨਾਲ ਇਹ ਗੱਲ ਕਾਫੀ ਵਧ ਗਈ। ਦੋਨੇ ਧਿਰਾਂ ਹੀ ਲੱਗਭਗ ਸੱਚੀਆਂ ਸਨ। ਕੋਈ ਵੀ ਆਪਣੀ ਹਾਰ ਮੰਨਣ ਜਾ ਝੁਕਣ ਨੂੰ ਤਿਆਰ ਨਹੀ ਸੀ। ਆਖਿਰ ਇੱਕ ਪੰਚਾਇਤੀ ਮੀਟਿੰਗ ਸਹਿਰ ਦੇ ਸਰਕਾਰੀ ਸਕੂਲ ਦੇ ਕਿਸੇ ਖਾਲੀ ਕਮਰੇ ਚ ਸ਼ਾਮੀ ਪੰਜ ਵਜੇ ਰੱਖੀ ਗਈ। ਜਿਸ ਵਿੱਚ ਦੋਹਾਂ ਧਿਰਾਂ ਤੋ ਇਲਾਵਾ ਸ਼ਹਿਰ ਦੇ ਕੋਈ ਪੱਚੀ ਤੀਹ ਮੋਜਿਜ ਬੰਦਿਆਂ ਨੂੰ ਬੁਲਾਇਆ ਗਿਆ। ਉਸ ਮੀਟਿੰਗ ਵਿੱਚ ਅਜਾਦੀ ਘੁਲਾਟੀਏ ਤੇ ਪ੍ਰਸਿੱਧ ਕਾਂਗਰਸੀ ਨੇਤਾ ਗੁਰਦੇਵ ਸਿੰਘ ਸ਼ਾਂਤ ਵੀ ਸ਼ਾਮਿਲ ਸਨ। ਸ਼ਾਂਤ ਸਾਹਿਬ ਨੂੰ ਲੋਕ ਆਮ ਕਰਕੇ ਬੜਬੋਲਾ ਤੇ ਚੁੱਪ ਨਾ ਕਰਨ ਵਾਲਾ ਸਖਸ਼ ਕਹਿੰਦੇ ਸਨ। ਜਿਸ ਮਹਿਫਲ ਵਿੱਚ ਗੁਰਦੇਵ ਸਿੰਘ ਸ਼ਾਂਤ ਹੋਵੇ ਉਥੇ ਕਿਸੇ ਹੋਰ ਦੇ ਬੋਲਣ ਦਾ ਸਵਾਲ ਪੈਦਾ ਨਹੀ ਹੁੰਦਾ। ਪਰ ਉਸ ਦਿਨ ਤਕਰੀਬਨ ਸਾਰੇ ਹੀ ਗਰਮੀ ਵਿੱਚ ਸਨ ਤੇ ਸਾਰੇ ਹੀ ਬੋਲ ਰਹੇ ਸਨ। ਕਿਸੇ ਦੀ ਗੱਲ ਦੀ ਸਮਝ ਨਹੀ ਸੀ ਆ ਰਹੀ। ਤੇ ਨਾ ਹੀ ਕੋਈ ਗੱਲ ਕਿਸੇ ਪੱਤਣ ਲੱਗ ਰਹੀ ਸੀ। ਸ਼ਾਂਤ ਸਾਹਿਬ ਚੁੱਪ ਬੈਠੇ ਸਨ। ਮੈਨੂੰ ਸ਼ਾਂਤ ਸਾਹਿਬ ਦੀ ਚੁੱਪੀ ਰੜਕ ਰਹੀ ਸੀ। ਕਿਉਕਿ ਉਹਨਾ ਨੂੰ ਅਸੀ ਆਪਣੇ ਪੱਖ ਦਾ ਬੰਦਾ ਸਮਝਕੇ ਉਚੇਚੇ ਤੌਰਤੇ ਨਾਲ ਲੈਕੇ ਗਏ ਸੀ। ਤਕਰੀਬਨ ਘੰਟੇ ਦੇ ਰਾਮ ਰੋਲੇ ਤੌ ਬਾਅਦ ਸ਼ਾਂਤ ਸਾਹਿਬ ਨੇ ਸਾਰਿਆਂ ਨੂੰ ਚੁੱਪ ਕਰਨ ਦਾ ਹੁਕਮ ਦਿੱਤਾ ਅਤੇ ਆਪਣੀ ਗੱਲ ਰੱਖਣੀ ਸੁਰੂ ਕੀਤੇ ਕਹਿੰਦੇ ਮੈ ਇੱਕ ਘੰਟੇ ਤੌ ਤੁਹਾਡਾ ਰਾਮ ਰੋਲਾ ਸੁਣ ਰਿਹਾ ਹਾਂ। ਮੁਕਦੀ ਗੱਲ ਇਹ ਹੈ ਕਿ ਕਹਿਕੇ ਉਹਨਾਂ ਆਪਣਾ ਫੈਸ਼ਲਾ ਸੁਣਾ ਦਿੱਤਾ। ਜੋ ਦੋਹਾਂ ਧਿਰਾਂ ਨੇ ਬਿਨਾਂ ਕਿੰਤੂ ਪਰੰਤੂ ਕੀਤੇ ਮੰਨ ਲਿਆ। ਮਤਲਬ ਜਿੰਨਾ ਆਪਣੀ ਗੱਲ ਕਹਿਣ ਲਈ ਬੋਲਣਾ ਜਰੂਰੀ ਹੈ ਉਹਨਾ ਹੀ ਕਿਸੇ ਦੀ ਗੱਲ ਸਮਝਣ ਲਈ ਉਸਨੂੰ ਸੁਨਣਾ ਜਰੂਰੀ ਹੈ। ਪਰ ਜੀ ਕਿੱਥੇ ? ਸਾਡੇ ਵਿੱਚ ਤਾਂ ਸੁਨਣ ਵਾਲਾ ਮਾਦਾ ਹੀ ਨਹੀ ਹੈ। ਇਹ ਮਾਦਾ ਦਿਨ ਬ ਦਿਨ ਖਤਮ ਹੁੰਦਾ ਜਾ ਰਿਹਾ ਹੈ।
ਵੈਸੇ ਵੀ ਸ਼ਿਸਟਾਚਾਰ ਦੇ ਨਾਤੇ ਕਿਸੇ ਦੀ ਗੱਲ ਵਿਚਾਲੇ ਟੋਕਣਾ ਜਾ ਕੱਟਣਾ ਗਲਤ ਹੈ। ਦੂਸਰੇ ਦੀ ਗੱਲ ਨੁੰ ਪੂਰਾ ਧਿਆਨ ਦੇਕੇ ਸੁਨਣਾ ਅਤੇ ਹੁੰਗਾਰਾ ਭਰਣਾ ਬਹੁਤ ਹੀ ਜਰੂਰੀ ਹੈ। ਘੱਟੋ ਘੱਟ ਉਸਦੀ ਪੂਰੀ ਗੱਲ ਸੁਣਕੇ ਆਪਣੀ ਗੱਲ ਸੁਰੂ ਕਰਨੀ ਚਾਹੀਦੀ ਹੈ।ਕਿਸੇ ਅਣਸਰਦੀ ਨੂੰ ਹੀ ਦੂਸਰੇ ਦੀ ਗੱਲ ਕੱਟਣਾ ਪੈ ਸਕਦਾ ਹੈ ਪਰ ਹਰ ਵਾਰੀ ਨਹੀ ਕਿ ਮਾਫ ਕਰਨਾ ਮੈ ਤੁਹਾਡੀ ਗੱਲ ਵਿਚਾਲੇ ਕੱਟ ਰਿਹਾ ਹਾਂ। ਕਹਿ ਕੇ ਅਗਲੇ ਦੀ ਗੱਲ ਦਾ ਹੀ ਕਤਲ ਕਰ ਦਿਉ। ਇਹ ਠੀਕ ਨਹੀ। ਕਈ ਭਲੇ ਮਾਨਸ਼ ਤਾਂ ਇਹ ਵੀ ਨਹੀ ਕਹਿੰਦੇ ਬੱਸ ਸਿੱਧਾ ਆਪਣੀ ਗੱਲ ਕਹਿਣੀ ਸੁਰੂ ਕਰ ਦਿੰਦੇ ਹਨ।
ਰਮੇਸ਼ ਸੇਠੀ ਬਾਦਲ
ਮੋ 98 766 27 233