1969 70 ਦੇ ਨੇੜੇ ਤੇੜੇ ਦੀ ਗੱਲ ਹੈ। ਪਿੰਡ ਘੁਮਿਆਰੇ ਵਾਲਾ ਸਕੂਲ ਓਦੋਂ ਮਿਡਲ ਤੱਕ ਦਾ ਹੀ ਸੀ। ਤੇ ਸ੍ਰੀ ਗੁਰਚਰਨ ਸਿੰਘ ਮੁਸਾਫ਼ਿਰ ਸਕੂਲ ਦੇ ਹੈਡ ਮਾਸਟਰ ਹੁੰਦੇ ਸਨ। ਉਹ ਪਾਪਾ ਜੀ ਦੇ ਦੋਸਤ ਵੀ ਸਨ ਤੇ ਹਮ ਪਿਆਲਾ ਵੀ। ਮੈਂ ਅਕਸ਼ਰ ਹੀ ਸ਼ਾਮੀ ਸਕੂਲ ਚਲਾ ਜਾਂਦਾ। ਵੱਡੇ ਮੁੰਡੇ ਵਾਲੀਬਾਲ ਖੇਡਦੇ ਹੁੰਦੇ ਸਨ ਤੇ ਮੈਂ ਵੇਖਦਾ ਹੁੰਦਾ ਸੀ। ਕਈ ਵਾਰੀ ਹੈਡ ਮਾਸਟਰ ਸਾਹਿਬ ਕੋਲ ਵੀ ਬੈਠ ਜਾਂਦਾ। ਸਕੂਲ ਵਿਚ ਹੈਡ ਮਾਸਟਰ ਸਾਹਿਬ ਪੈਂਟ ਸ਼ਰਟ ਪਾਕੇ ਟਾਈ ਲਗਾਕੇ ਆਉਂਦੇ ਪਰ ਸ਼ਾਮੀ ਓਹਨਾ ਦੇ ਸਫੇਦ ਕੁੜਤਾ ਪਜਾਮਾ ਪਾਇਆ ਹੁੰਦਾ। ਮੈਨੂੰ ਉਹ ਆਮ ਜਿਹੀ ਡ੍ਰੇਸ ਵਿੱਚ ਸੋਹਣੇ ਲੱਗਦੇ। ਓਹਨਾ ਦਿਨਾਂ ਵਿੱਚ ਸਕੂਲ ਵਿੱਚ ਸਾਇੰਸ ਦਾ ਸਮਾਨ ਆਇਆ। ਜੋ ਲੱਕੜ ਦੀਆਂ ਅਲਮਾਰੀਆਂ ਵਿੱਚ ਰੱਖਿਆ ਹੋਇਆ ਸੀ। ਸਾਰੇ ਬੱਚਿਆਂ ਨੂੰ ਇਹ ਸਮਾਨ ਵੇਖਣ ਦੀ ਰੀਝ ਸੀ। ਸਾਨੂੰ ਨਹੀਂ ਸੀ ਪਤਾ ਕਿ ਸਾਇੰਸ ਲੈਬ ਦੇ ਸਮਾਨ ਵਿਚ ਕੀ ਕੁਝ ਹੁੰਦਾ ਹੈ। ਸਾਨੂੰ ਤਾਂ ਇਓ ਲਗਦਾ ਸੀ ਜਿਵੇ ਹੁਣ ਸਾਇੰਸ ਦਾ ਸਮਾਨ ਆਉਣ ਨਾਲ ਅਸੀਂ ਸਾਰੇ ਵਿਗਿਆਨੀ ਬਣ ਜਾਵਾਂਗੇ। ਇੱਕ ਦਿਨ ਹੈਡ ਮਾਸਟਰ ਸਾਹਿਬ ਲਾਅਨ ਵਿਚ ਤੁਰਦੇ ਤੁਰਦੇ ਮੈਨੂੰ ਸਾਇੰਸ ਦੇ ਸਮਾਨ ਵਾਲੇ ਕਮਰੇ ਵਿਚ ਲ਼ੈ ਗਏ। ਓਹਨਾ ਨੇ ਕੁੜਤੇ ਦੀ ਜੇਬ ਚੋ ਅਲਮਾਰੀ ਦੀ ਚਾਬੀ ਕੱਢੀ ਤੇ ਲੱਕੜ ਵਾਲੀ ਅਲਮਾਰੀ ਖੋਲ੍ਹ ਲਈ। ਇਕ ਦੋ ਚੀਜ਼ਾਂ ਮੈਨੂੰ ਦਿਖਾਈਆਂ ਪਰ ਮੈਨੂੰ ਕੁੱਝ ਸਮਝ ਨਾ ਆਈ। ਫ਼ਿਰ ਉਹਨਾਂ ਨੇ ਮੈਨੂੰ ਲੋਹੇ ਜਿਹੇ ਦੀ ਇੱਕ ਰਾਡ ਜਿਹੀ ਵਿਖਾਈ ਜੋ ਝੱਟ ਲੋਹੇ ਨਾਲ ਚਿੰਬੜ ਜਾਂਦੀ ਸੀ। ਥੋੜੀ ਦੂਰੋਂ ਵੀ ਲੋਹੇ ਨੂੰ ਆਪਣੇ ਵੱਲ ਖਿੱਚ ਲੈਂਦੀ ਸੀ।
ਫਿਰ ਮੈਂ ਵੀ ਆਪਣੇ ਹੱਥੀ ਉਸ ਰਾਡ ਨੂੰ ਵਰਤ ਕੇ ਦੇਖਿਆ। ਉਸ ਨਾਲ ਦੀਆਂ ਦੋ ਰਾਡਾਂ ਸਨ। ਕਈ ਵਾਰੀ ਉਹ ਇੱਕ ਦੂਜੇ ਨੂੰ ਪਰਾਂ ਵੀ ਧੱਕਦੀਆਂ। ਮੁਸਾਫ਼ਿਰ ਸਾਹਿਬ ਨੇ ਦੱਸਿਆ ਕਿ ਇਸ ਨੂੰ ਚੁੰਬਕ ਕਹਿੰਦੇ ਹਨ। ਇਸੇ ਤਰਾਂ ਸਤਰੰਗੀ ਪੀਂਘ ਜਿਹੀ ਵੀ ਵਿਖਾਈ ਤੇ ਕੁਝ ਹੋਰ ਚੀਜ਼ਾਂ ਜਿਵੇ ਗਲੋਬ ਭਾਰਤ ਦੁਨੀਆ ਦਾ ਨਕਸ਼ਾ ਤੇ ਬ੍ਰਹਿਮੰਡ ਦੀ ਤਸਵੀਰ ਵੀ।ਇਹ ਸਭ ਮੇਰੇ ਲਈ ਨਵਾਂ ਸੀ। ਅਗਲੇ ਦਿਨ ਮੈਂ ਇਸ ਬਾਰੇ ਮੇਰੇ ਦੋਸਤਾਂ ਨੂੰ ਖੂਬ ਵਧਾ ਚੜ੍ਹਾ ਕੇ ਦੱਸਿਆ। ਹੋਰ ਕਿਸੇ ਨੂੰ ਚੁੰਬਕ ਬਾਰੇ ਕੋਈ ਇਲਮ ਨਹੀਂ ਸੀ। ਸਾਰੇ ਉਹ ਸਮਾਨ ਵੇਖਣਾ ਚਾਹੁਂਦੇ ਸਨ ਪਰ ਹੈਡ ਮਾਸਟਰ ਸਾਹਿਬ ਕੋਲ ਫਰਮਾਇਸ਼ ਕੌਣ ਪਾਵੇ।
ਅੱਜ ਕੱਲ੍ਹ ਵਾਲਾ ਸਮਾਂ ਨਹੀਂ ਸੀ ਨਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ