ਪੰਜਾਬ ਦੇ ਕਾਲੇ ਦੌਰ ਦੇ ਦਿਨਾਂ ਦੀ ਗੱਲ ਹੈ। ਮੇਰੇ ਪਾਪਾ ਜੀ ਤੇ ਮਾਤਾ ਜੀ ਚੰਡੀਗੜ੍ਹ ਤੋਂ ਕਾਰ ਰਾਹੀ ਵਾਪਿਸ ਆ ਰਹੇ ਸਨ। ਓਹਣੀ ਦਿਨੀ ਨੰਦ ਲਾਲ ਸਾਡਾ ਡਰਾਈਵਰ ਹੁੰਦਾ ਸੀ। ਰਾਤ ਦੇ ਲਗਭਗ 9 ਵੱਜਣ ਵਾਲ਼ੇ ਸਨ। ਉਹਨਾਂ ਦਿਨਾਂ ਵਿੱਚ ਹੰਡਿਆਏ ਵਾਲਾ ਢਾਬਾ ਮਸ਼ਹੂਰ ਸੀ। ਰੋਟੀ ਦਾ ਟਾਈਮ ਵੇਖ ਕੇ ਓਹ ਰੋਟੀ ਖਾਣ ਲਈ ਉਥੇ ਰੁੱਕ ਗਏ। ਸ਼ਾਹੀ ਪਨੀਰ ਤੇ ਦਾਲ ਮੱਖਣੀ ਦਾ ਆਰਡਰ ਦੇ ਦਿੱਤਾ। ਅਜੇ ਰੋਟੀ ਖਾ ਹੀ ਰਹੇ ਸਨ ਕਿ ਨਾਲਦੇ ਟੇਬਲ ਤੇ ਦੋ ਨੌਜਵਾਨ ਆਕੇ ਬੈਠ ਗਏ। ਉਹਨਾਂ ਨੇ ਲੋਈਂ ਦੀਆਂ ਬੁੱਕਲਾਂ ਮਾਰੀਆਂ ਹੋਈਆਂ ਸਨ। ਹੱਥ ਵਿੱਚ ਫੜਿਆਂ ਅਸਲਾ ਨਜ਼ਰ ਆ ਰਿਹਾ ਸੀ। ਓਹਨਾ ਵੀ ਰੋਟੀ ਦਾ ਆਰਡਰ ਦਿੱਤਾ। ਪਾਪਾ ਜੀ ਨੂੰ ਓਹਨਾ ਦੀ ਬੋਲ ਬਾਣੀ ਤੇ ਸ਼ੱਕ ਜਿਹਾ ਹੋਇਆ।ਸੋ ਪਾਪਾ ਜੀ ਨੇ ਜਲਦੀ ਓਥੋਂ ਚਲਣ ਚ ਭਲਾਈ ਸਮਝੀ। ਡਰਾਈਵਰ ਨੂੰ ਵੀ ਚੱਲਣ ਦਾ ਇਸ਼ਾਰਾ ਕਰ ਦਿੱਤਾ। ਮੇਰੇ ਮਾਤਾ ਜੀ ਗੱਲ ਸਮਝੇ ਨਹੀਂ। ਕਿਉਂਕਿ ਮਾਤਾ ਜੀ ਜੂਠ ਵਿੱਚ ਛੱਡਣ ਦੇ ਖਿਲਾਫ ਸਨ ਤੇ ਵੈਸੇ ਵੀ ਸ਼ਾਹੀ ਪਨੀਰ ਛੱਡਣਾ ਕੋਈ ਸਿਆਣਪ ਨਹੀਂ ਸੀ। ਪਰ ਪਾਪਾ ਜੀ ਕਾਹਲੀ ਕਰ ਰਹੇ ਸਨ। ਆਖਿਰ ਪਾਪਾ ਜੀ ਨੇ ਮਾਤਾ ਜੀ ਨੂੰ ਨਾਲ ਤੋਰ ਹੀ ਲਿਆ ਤੇ ਮਾਤਾ ਜੀ ਦੀ ਹੱਥ ਧੋਣ ਤੇ ਕੁਰਲਾ ਕਰਨ ਦੀ ਜ਼ਿੱਦ ਵਿਚਾਲੇ ਹੀ ਰਿਹ ਗਈ। ਫਟਾਫਟ ਉਹ ਕਾਰ ਵਿੱਚ ਬੈਠ ਗਏ ਤੇ ਕਾਰ ਚੱਲ ਪਈ। ਮਾਤਾ ਜੀ ਅਜੇ ਆਪਣਾ ਗਿਲਾ ਜਾਹਿਰ ਕਰਨ ਹੀ ਲੱਗੇ ਸਨ ਕਿ ਪਾਪਾ ਜੀ ਨੇ ਹਾਲਾਤਾਂ ਦੀ ਵਿਆਖਿਆ ਕਰ ਦਿੱਤੀ। ਫਿਰ ਉਹ ਕਈ ਕਿਲੋਮੀਟਰ ਤਕ ਪਿੱਛੇ ਆਉਂਦੀਆਂ ਕਾਰਾਂ ਨੂੰ ਵੇਖਕੇ ਸ਼ੱਕ ਕਰਦੇ ਰਹੇ। ਪਰਮਾਤਮਾ ਦੀ ਮੇਹਰ ਨਾਲ ਉਹ ਸਹੀ ਸਲਾਮਤ ਘਰ ਪਹੁੰਚ ਗਏ। ਅਗਲੇ ਦਿਨ ਉਸੇ ਇਲਾਕੇ ਵਿੱਚ ਵਾਪਰੀਆਂ ਦੋ ਘਟਨਾਵਾਂ ਦੀ ਚਰਚਾ ਸੀ। ਫਿਰ ਅਸੀਂ ਕਈ ਵਾਰੀ ਮਾਤਾ ਜੀ ਦੁਆਰਾ ਸ਼ਾਹੀ ਪਨੀਰ ਦੀ ਪਲੇਟ ਨੂੰ ਬਿਲਕੁਲ ਸਾਫ ਕਰਨ ਦੀ ਆਦਤ ਤੇ ਚਰਚਾ ਕਰਦੇ।
#ਰਮੇਸ਼ਸੇਠੀਬਾਦਲ