ਮੈਨੂੰ ਵੇਹੜੇ ਦੀ ਨੁੱਕਰ ਵਿਚ ਇੰਝ ਦੇ ਸਦੀਵੀਂ ਬੁਝਾ ਦਿੱਤੇ ਚੁੱਲਿਆਂ ਵਿਚ ਫਸ ਕੇ ਬੈਠਣਾ ਬੜਾ ਵਧੀਆ ਲੱਗਦਾ..ਇੰਝ ਲੱਗਦਾ ਰਾਜਾ ਬਣ ਕਿਸੇ ਤੰਗ ਸਿੰਘਾਸਨ ਅੰਦਰ ਬੈਠੇ ਨੂੰ ਆਸ ਪਾਸ ਦੇ ਲੋਕ ਸਲਾਮਾਂ ਸਿਜਦੇ ਕਰ ਰਹੇ ਹੋਣ..!
ਇਹ ਵੀ ਮਹਿਸੂਸ ਹੁੰਦਾ ਕੇ ਇਸ ਸਿੰਘਾਸਨ ਦੀਆਂ ਮਜਬੂਤ ਕੰਧਾਂ ਮੈਨੂੰ ਹਮੇਸ਼ਾਂ ਲਈ ਇੰਝ ਹੀ ਆਪਣੇ ਵਿਚ ਕੱਸ ਕੇ ਸੁਰਖਿਅਤ ਰੱਖਣਗੀਆਂ..!
ਦਿਨ ਵਿਚ ਕਿੰਨੀ ਵੇਰ ਆਪਣੀ ਤਰਜੇ ਜਿੰਦਗੀ ਖੁਦ ਆਪ ਬਣਾਉਂਦਾ..ਸਮਝ ਨਾ ਲੱਗਦੀ ਕੁਝ ਲੋਕਾਂ ਨੂੰ ਮੇਰਾ ਇੰਝ ਬੈਠਣਾ ਬੁਰਾ ਕਿਓਂ ਲੱਗਦਾ ਸੀ!
ਸਭ ਕੁਝ ਠੀਕ ਠਾਕ ਚੱਲ ਰਿਹਾ ਹੁੰਦਾ ਫੇਰ ਅਚਾਨਕ ਮੇਰੀ ਭੂਆ ਆ ਜਾਂਦੀ ਤੇ ਮੇਰੀ ਮਾਂ ਨੂੰ ਸੱਦਦੀ ਹੋਈ ਰੌਲਾ ਪਾ ਦਿੰਦੀ..”ਆਹ ਵੇਖੋ ਭਾਬੀ ਜੀ ਹੁਣੇ ਨੁਹਾਇਆ ਸੀ ਤੇ ਆਹ ਕੀ ਬਣ ਗਿਆ”
ਮੈਨੂੰ ਇਹਸਾਸ ਹੋ ਜਾਂਦਾ ਕੇ ਦੁਨੀਆ ਦੀ ਨਜਰ ਵਿਚ ਕੁਝ ਗਲਤ ਹੋ ਗਿਆ ਤੇ ਹੁਣ ਦੁਬਾਰਾ ਨਹਾਉਣਾ ਪੈ ਸਕਦਾ ਤੇ ਸ਼ਾਇਦ ਕੁੱਟ ਵੀ ਖਾਣੀ ਪੈ ਸਕਦੀ ਏ..!
ਪਰ ਏਨਾ ਜਰੂਰ ਪਤਾ ਹੁੰਦਾ ਕੇ ਜਦੋਂ ਜੰਮਣ ਵਾਲੀ ਥੋੜਾ ਬਹੁਤ ਕੁਟਾਪਾ ਚਾੜਨ ਮਗਰੋਂ ਸਵਾਉਣ ਲਈ ਨਿੰਮਾ-ਨਿੰਮਾਂ ਥਾਪੜੇਗੀ ਤਾਂ ਉਸਦੀ ਝੋਲੀ ਵਿਚ ਪਏ ਨੂੰ ਮਿੱਠੀਆਂ ਲੋਰੀਆਂ ਸੁਣਦਿਆਂ ਨੀਂਦਰ ਬੜੀ ਹੀ ਮਿੱਠੀ ਆਵੇਗੀ..ਉਹ ਨੀਂਦਰ ਜਿਸਦੇ ਵਿਚ ਸਵਰਗਾਂ ਦੇ ਝੂਟੇ..ਕਾਲੀ ਮਿੱਟੀ ਦੀ ਮਹਿਕ ਅਤੇ ਅਚੇਤ ਮਨ ਦੇ ਐਸੇ ਹੁਸੀਨ ਸੁਫ਼ਨੇ ਹੋਣਗੇ ਜਿਹੜੇ ਸ਼ਾਇਦ ਫੇਰ ਕਦੇ ਵੀ ਵੇਖਣੇ ਨਸੀਬ ਨਹੀਂ ਹੋਣਗੇ!
ਹਰਪ੍ਰੀਤ ਸਿੰਘ ਜਵੰਦਾ