“ਅੰਕਲ ਜੀ ਛੋਟੇ ਭਰਾ ਦਾ ਵਿਆਹ ਹੈ।” ਉਸਨੇ ਮਿਠਾਈ ਦਾ ਡਿੱਬਾ ਤੇ ਕਾਰਡ ਫੜਾਉਂਦੇ ਨੇ ਕਿਹਾ।
ਚਾਹੇ ਮੈਂ ਉਸ ਨੂੰ ਪਹਿਚਾਣਿਆ ਨਹੀਂ ਸੀ ਪਰ ਇਹ ਆਖ ਕੇ ਮੈਂ ਹੱਥੀ ਆਇਆ ਡਿੱਬਾ ਨਹੀਂ ਗੰਵਾਉਣਾ ਚਾਹੁੰਦਾ ਸੀ।
“ਕਿੱਥੇ ਹੈ ਵਿਆਹ।” ਮੈਂ ਗੱਲ ਪਲਟਨ ਦੇ ਲਹਿਜੇ ਨਾਲ ਪੁੱਛਿਆ।
“ਜੀ ਪੰਚਵਤੀ ਰਿਜ਼ੋਰਟ ਵਿਚ ਇਸੇ ਪੰਦਰਾਂ ਤਰੀਖ਼ ਨੂੰ ਰਾਤੀ।” ਉਸਨੇ ਇੱਕੋ ਸਾਂਹ ਹੀ ਦੱਸਿਆ।
“ਅੱਛਾ।”
“ਪਾਪਾ ਕਹਿੰਦੇ ਸੀ ਬਹੁਤਾ ਕੱਠ ਨਹੀਂ ਕਰਨਾ। ਬੱਸ ਦੋ ਕ਼ੁ ਸੌ ਕਾਰਡ ਛਪਵਾਏ ਹਨ। ਮਖਿਆ ਹੋਰ ਭਾਵੇਂ ਕਿਸੇ ਨੂੰ ਨਾ ਬੁਲਾਓ। ਪਰ ਮੈਂ ਅੰਕਲ ਨੂੰ ਜਰੂਰ ਬੁਲਾਵਾਂਗਾ। ਪਾਪਾ ਕਹਿੰਦੇ ਠੀਕ ਹੈ।” ਉਸਦਾ ਬੋਲਣਾ ਜਾਰੀ ਸੀ।
“ਅੰਕਲ ਪਹਿਲਾ ਕਾਰਡ ਤਹਾਨੂੰ ਹੀ ਦਿੱਤਾ ਹੈ। ਅੰਟੀ ਨੂੰ ਵੀ ਨਾਲ ਲੈ ਕੇ ਆਈਓ।” ਉਸਨੇ ਫਿਰ ਕਿਹਾ।
“ਜਰੂਰ ਜੀ ਜਰੂਰ।” ਮੈਂ ਹੁੰਗਾਰਾ ਭਰਿਆ।
ਮੈਨੂੰ ਸੀ ਬਈ ਕਦੋਂ ਇਹ ਜਾਵੇ ਤੇ ਮੈਂ ਮਿਠਾਈ ਦਾ ਡਿੱਬਾ ਖੋਲ੍ਹਕੇ ਭੋਗ ਲਾਵਾਂ।
ਇੰਨੇ ਨੂੰ ਮੈਡਮ ਪਾਣੀ ਲੈ ਆਈਂ ਤੇ ਉਹ ਪਾਣੀ ਪੀਣ ਲਈ ਸੋਫ਼ੇ ਤੇ ਬੈਠ ਗਿਆ। ਪਰ ਮੈਂ ਟੇਡੀ ਅੱਖ ਨਾਲ ਮੇਜ਼ ਤੇ ਪਏ ਮਿਠਾਈ ਦੇ ਡਿੱਬੇ ਵੱਲ ਝਾਕ ਰਿਹਾ ਸੀ। ਮੈਂ ਉਸਨੂੰ ਭੇਜਣ ਲਈ ਉਤਾਵਲਾ ਸੀ। ਪਰ ਮੈਨੂੰ ਇਹ ਵੀ ਖਦਸ਼ਾ ਸੀ ਕਿ ਕਿਤੇ ਮੈਡਮ ਕੌਫੀ ਦੀ ਸੁਲ੍ਹਾ ਹੀ ਨਾ ਮਾਰ ਦੇਵੇ ਤੇ ਉਹ ਫਿਰ ਬੈਠ ਜਾਵੇ।
ਉਸਨੇ ਡੀਕ ਲਾ ਕੇ ਪਾਣੀ ਪੀਤਾ ਤੇ “ਚੰਗਾ ਅੰਕਲ ਜੀ ਜਰੂਰ ਆਈਓ” ਕਹਿ ਕੇ ਓਹ ਬਾਹਰ ਨਿਕਲ ਗਿਆ। ਮੈਂ ਡਿੱਬਾ ਚੁੱਕਿਆ ਤੇ ਖੜਕਾਇਆ। ਮੈਨੂੰ ਡਰ ਸੀ ਕਿਤੇ ਡਿੱਬੇ ਵਿੱਚ ਬਾਦਾਮ ਤੇ ਕਿਸਮਿਸ ਹੀ ਨਾ ਹੋਵੇ। ਅੱਜ ਕੱਲ੍ਹ ਲ਼ੋਕ ਸੱਦਾ ਪੱਤਰ ਨਾਲ ਥੋੜਾ ਜਿਹਾ ਡਰਾਈ ਫਰੂਟ ਦੇਕੇ ਵੀ ਬੁੱਤਾ ਸਾਰ ਦਿੰਦੇ ਹਨ। ਪਰ ਡਿੱਬਾ ਖੜਕਿਆ ਨਹੀਂ। ਨਿਗਰ ਲੱਗਿਆ। ਸਮਝ ਗਿਆ ਰੋਸਟਡ ਬਰਫੀ ਹੀ ਹੋਊ ਨਹੀਂ ਕਲਾਕੰਦ ਤਾਂ ਪੱਕੀ ਹੀ ਹੈ। ਉਂਜ ਜੇ ਉਹ ਤਿੰਨ ਖਾਨਿਆਂ ਵਾਲਾ ਡਿੱਬਾ ਹੋਇਆ ਤਾਂ ਮਿਠਾਈ ਦੀਆਂ ਤਿੰਨ ਵੈਰਾਈਟੀਆਂ। ਅੰਨ੍ਹਾ ਕੀ ਭਾਲੇ ਦੋ ਅੱਖਾਂ। ਉਸਦੇ ਮੇਨ ਗੇਟ ਟੱਪਦੇ ਹੀ ਮੈਂ ਡਿੱਬਾ ਖੋਲ੍ਹ ਲਿਆ। ਸੱਚੀ ਇਹ ਤਿੰਨ ਖਾਨਿਆਂ ਵਾਲਾ ਡਿੱਬਾ ਸੀ।
ਉਠ ਵੀ ਜਾਓ। ਨਾਸ਼ਤਾ ਕਰਕੇ ਫਿਰ ਘੁਰਾੜੇ ਮਾਰਨ ਲੱਗ ਪਏ। ਮੇਰੇ ਸਿਰਹਾਣੇ ਖੜੀ ਪੂਰੇ ਗੁੱਸੇ ਵਿਚ ਸੀ। ਮਿਠਾਈ ਦਾ ਪੀਸ ਚੁੱਕਣ ਲੱਗਿਆ ਹੀ ਮੈਂ ਕੜਕਵੀ ਆਵਾਜ਼ ਸੁਣ ਕੇ ਅੱਖਾਂ ਮਲਦਾ ਜਿਹਾ ਉੱਠ ਪਿਆ। ਓਹੀ ਡਰਾਇੰਗ ਰੂਮ ਵਾਲਾ ਡਬਲ ਬੈਡ ਸੀ ਜਿਥੇ ਪਿਛਲੇ ਪੰਤਾਲੀ ਦਿਨਾਂ ਤੋਂ ਤਾਲਾਬੰਦੀ ਦੀ ਲਛਮਣ ਰੇਖਾ ਅੰਦਰ ਰਹਿ ਰਿਹਾ ਹਾਂ।
#ਰਮੇਸ਼ਸੇਠੀਬਾਦਲ