ਹੁਣ ਅਸੀਂ ਦੋਵੇਂ ਸੇਵਾਮੁਕਤ ਹਾਂ। ਮੈਂ ਕੋਈਂ 36_37 ਸਾਲ ਪੰਜਾਬ ਵਿੱਚ ਇੱਕ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ ਨੌਕਰੀ ਕੀਤੀ। ਮੇਰੇ ਨਾਲਦੀ ਨੇ ਆਪਣੀ ਜਿੰਦਗੀ ਦੇ ਕੋਈਂ 36 ਸਾਲ ਹਰਿਆਣਾ ਸਿੱਖਿਆ ਵਿਭਾਗ ਵਿੱਚ ਬੱਚੀਆਂ ਦਾ ਭਵਿੱਖ ਬਨਾਉਣ ਦੇ ਲੇਖੇ ਲਾਏ ਹਨ। ਹੁਣ ਅਸੀਂ ਦੋਨੇ ਸੀਨੀਅਰ ਸਿਟੀਜਨ ਦੀ ਸ੍ਰੇਣੀ ਵਿੱਚ ਆਉਂਦੇ ਹਾਂ। ਕੇਂਦਰ ਤੇ ਸੂਬਾ ਸਰਕਾਰ ਸਾਨੂੰ ਕਈ ਸਹੂਲਤਾਂ ਦਿੰਦੀਆਂ ਹਨ ਪਰ ਹੁਣ ਉਹਨਾਂ ਦਾ ਅਸੀਂ ਲਾਭ ਨਹੀਂ ਉਠਾ ਸਕਦੇ। ਹੁਣ ਬੈੰਕ ਜਿਆਦਾ ਵਿਆਜ ਦਿੰਦਾ ਹੈ ਪਰ ਸਾਡੇ ਕੋਲ੍ਹ ਜਮਾਂ ਕਰਾਉਣ ਲਾਇਕ ਰਕਮ ਨਹੀਂ। ਆਮਦਨ ਕਰ ਤੋਂ ਛੋਟ ਮਿਲਦੀ ਹੈ ਪਰ ਕਰ ਜੋਗੀ ਆਮਦਨ ਨਹੀਂ। ਰੇਲਵੇ ਤੋਂ ਵੀ ਰਿਆਇਤ ਮਿਲਦੀ ਹੈ ਪਰ ਹੁਣ ਕਿਤੇ ਜਾ ਨਹੀਂ ਹੁੰਦਾ। ਗੋਢੇ ਗਿੱਟੇ ਆਪਣਾ ਅਹਿਸਾਸ ਕਰਾਉਂਦੇ ਹਨ।
ਹਾਂ ਸੀਨੀਅਰ ਸਿਟੀਜਨ ਹੋਣ ਦੇ ਕਈ ਸਮਾਜਿਕ ਫਾਇਦੇ ਜਰੂਰ ਹਨ। ਹੁਣ ਅਸੀਂ ਕਿਸੇ ਵੀ ਪੈਂਤੀ ਚਾਲੀ ਸਾਲ ਦੇ ਸਖਸ਼ ਨੂੰ ਸੌਖਾ ਹੀ ਬੇਟਾ ਯ ਬੇਟੀ ਆਖ ਸਕਦੇ ਹਾਂ ਤੇ ਆਪਣਾ ਕੰਮ ਕਢਵਾ ਸਕਦੇ ਹਾਂ। ਠੀਕ ਹੈ ਹੁਣ ਕਿਸੇ ਨੂੰ ਐਂਕਲ ਅੰਟੀ ਯ ਬਾਪੂ ਜੀ ਬੇਬੇ ਜੀ ਕਹਿਕੇ ਅਸੀਂ ਲੜ੍ਹਾਈ ਮੁੱਲ ਲ਼ੈ ਸਕਦੇ । ਹੁਣ ਉਹ ਨਜ਼ਰਾਂ ਤੇ ਸੋਚ ਵੀ ਨਹੀਂ ਰਹੀ ਜੋ ਪਹਿਲਾਂ ਖਤਰੇ ਦੀ ਨਿਸ਼ਾਨੀ ਹੁੰਦੀ ਸੀ। ਸਾਨੂੰ ਹੁਣ ਕਮਾਉਣ ਅਤੇ ਖਰਚਣ ਦਾ ਬਹੁਤਾ ਫਿਕਰ ਨਹੀਂ। ਹੁਣ ਨਾ ਅਸੀਂ ਮੁੰਡਾ ਵਿਆਹਉਣਾ ਤੇ ਧੀ ਤੋਰਨੀ ਹੈ। ਆਪਣੇ ਖਰਚੇ ਜੋਗੀ ਪੈਨਸ਼ਨ ਤੇ ਪੱਕੀਆਂ ਪਕਾਈਆਂ ਮਿਲ ਜਾਂਦੀਆਂ ਹਨ। ਪਰਮਾਤਮਾ ਦੀ ਮੇਹਰ ਨਾਲ ਹੁਣ ਹੱਥ ਕੁਝ ਦੇਣ ਲਈ ਝੁਕਦਾ ਹੈ ਮੰਗਣ ਲਈ ਅੱਡਣਾ ਨਹੀਂ ਪੈਂਦਾ।
ਸਰੀਰਕ ਕਮਜ਼ੋਰੀ ਤੇ ਕੁਝ ਕੁ ਉਮਰੀ ਬਿਮਾਰੀਆਂ ਕਾਰਨ ਗਿਲੇ ਸ਼ਿਕਵਿਆਂ ਨਾਲ ਢਿੱਡ ਭਰਿਆ ਰਹਿੰਦਾ ਹੈ। ਪਤਾ ਨਹੀਂ ਕਿਉਂ ਦੂਸਰਿਆਂ ਪ੍ਰਤੀ ਸ਼ਿਕਾਇਤਾਂ ਵਧਦੀਆਂ ਰਹਿੰਦੀਆਂ ਹਨ। ਇਹ ਦੂਸਰਿਆਂ ਪ੍ਰਤੀ ਮੋਂਹ ਕਾਰਨ ਹੈ ਯ ਜਿਆਦਾ ਉਮੀਦ ਰੱਖਣ ਦਾ ਫਲ।
ਭਾਵੇਂ ਕੋਈਂ ਰੁੱਸਣ ਦੀ ਪਰਵਾਹ ਨਹੀਂ ਕਰਦਾ ਪਰ ਰੁੱਸਣ ਦੀ ਆਦਤ ਬਰਕਰਾਰ ਹੈ। ਇਹ ਮੇਰੀ ਯ ਸਾਡੀ ਹੀ ਸਮੱਸਿਆ ਨਹੀਂ ਹਰ ਸਿਕਸਟੀ ਪਲੱਸ ਦੀ ਬਿਮਾਰੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ