ਮੇਰੀ ਮਾਂ ਨੇ ਕਦੇ ਕੋਈ ਪ੍ਰਫਿਊਮ ਨਹੀਂ ਲਗਾਈ ਸੀ । ਉਹਨਾਂ ਨੇ ਹੱਸ ਕੇ ਕਹਿਣਾ ਰੋਜ਼ ਨਹਾਉਣ ਵਾਲਿਆਂ ਨੂੰ ਲੋੜ ਨਹੀਂ ਹੁੰਦੀ ਇਹਨਾਂ ਸੈਂਟਾਂ ਦੀ । ਉਹਨਾਂ ਦੇ ਹਿਸਾਬ ਨਾਲ ਇਹ ਪ੍ਰਫਿਊਮ ਅਮੀਰਾਂ ਦੇ ਸੌਂਕ ਸਨ ।
ਖ਼ੈਰ ਕੁੱਝ ਚੀਜਾਂ ਦੀ ਮਹਿਕ ਉਹਨਾਂ ਮਹਿੰਗੇ ਸੈਂਟਾਂ ਦੀ ਖੁਸਬੂ ਤੋਂ ਕਿਤੇ ਵੱਧ ਹੈ ਜੋ ਮੈਨੂੰ ਅੱਜ ਵੀ ਮੇਰੀ ਮਾਂ ਦੇ ਕੋਲ ਹੋਣ ਦਾ ਅਹਿਸਾਸ ਕਰਵਾਉਂਦੀਆਂ ਹਨ। ਪਾਊਂਡਸ ਪਾਉਡਰ, ਪੌਂਡਮ ਕੋਲਡ ਕਰੀਮ, ਪੈਰਾਸ਼ੂਟ ਨਾਰੀਅਲ ਦਾ ਤੇਲ, ਲਾਈਫ ਬੁਆਏ ਸਾਬਣ, ਸਨੀ ਆਰਨੀਕਾ ਸ਼ੈਂਪੂ ( ਬਚਪਨ ਵਿੱਚ ਨਹਾਉਣ ਲੱਗਿਆਂ ਇਹ ਸੈਂਪੂ ਪਾਣੀ ਦੀ ਬਾਲਟੀ ‘ਚ ਘੋਲ਼ ਬੜਾ ਦੁੱਧ ਬਣਾਈਦਾ ਸੀ ) ਕੇਸ ਨੀਖਾਰ ਸਾਬਣ ਦੀ ਮਹਿਕ, ਪੇਟੀ ਵਿੱਚ ਪਏ ਮਾਂ ਦੇ ਹੱਥਾਂ ਦੇ ਬਣੇ ਸਵੈਟਰਾਂ ਦੀ ਮਹਿਕ, ਅਲਮਾਰੀ ਵਿਚ ਪਏ ਮਾਂ ਦੇ ਸਵੈਟਰ ਤੇ ਸ਼ਾਲ (ਜਿਹੜੇ ਮੈਂ ਕਿਸੇ ਨੂੰ ਦੇਣ ਨਾ ਦਿੱਤੇ ਸੀ ਉਹਨਾਂ ਦੇ ਜਾਣ ਤੋਂ ਬਾਅਦ)। ਉਹਨਾਂ ਸਵੈਟਰਾਂ ਦੀ ਮਹਿਕ ਤੇ ਨਿੱਘ ਮੈਨੂੰ ਹੁਣ ਵੀ ਲੈ ਜਾਂਦੇ ਨੇ ਮੇਰੀ ਮਾਂ ਦੀ ਬੁੱਕਲ ਵਿੱਚ ।
ਮਾਂ ਦੀ ਕੋਲਡ ਕਰੀਮ ਦੀ ਡੱਬੀ ਅੱਜ ਵੀ ਮੇਰੇ ਪਰਸ ਵਿੱਚ ਰਹਿੰਦੀ ਹੈ, ਜਦ ਮੁੱਕ ਜਾਂਦੀ ਤਾਂ ਉਸੇ ਵਿੱਚ ਹੋਰ ਪਾ ਲੈਂਦੀ ਹਾਂ। ਸਰਦੀ ਵਿੱਚ ਖੁਸ਼ਕ ਹੋਏ ਹੱਥਾਂ ਨੂੰ ਲੱਗੀ ਕਰੀਮ ਮੈਨੂੰ ਮੇਰੀ ਮਾਂ ਦੇ ਹੱਥਾਂ ਦਾ ਨਿੱਘ ਦੇ ਜਾਂਦੀ ਹੈ।
ਫਿਰ ਸੱਚ ਜਾਣਿਓ ਇੰਝ ਲਗਦਾ ਮਾਂ ਕਹਿ ਰਹੀ ਹੋਵੇ ਜ਼ਿੰਦਗੀ ਦੇ ਔਖੇ ਰਾਹਾਂ ਤੋਂ ਤੂੰ ਘਬਰਾਈਂ ਨਾ ਧੀਏ ,ਬਸ ਉਸ ਸੱਚੇ ਪਾਤਸ਼ਾਹ ਤੇ ਯਕੀਨ ਰੱਖੀਂ ।
ਅਮਨ ਰਘੂਬੀਰ ਸਿੰਘ
ਸ ਸ ਸ ਸ (ਕੋ ਐਡ ) ਹੁਸ਼ਿਆਰਪੁਰ
(21/11/21 )