ਵਿਸ਼ਕੀ ਦੇ ਪੋਲੀਕਲੀਨਿਕ ਤੋਂ ਇੰਜੈਕਸ਼ਨ ਲਗਵਾਕੇ ਨਿਕਲਦਿਆਂ ਨੂੰ ਖਿਆਲ ਆਇਆ ਕਿ ਤੰਦੂਰੀ ਵਾਲੀਆਂ ਨੂੰ ਦੇਣ ਲਈ ਵੀਹ ਰੁਪਏ ਖੁੱਲ੍ਹੇ ਨਹੀਂ ਹਨ ਪਰਸ ਵਿੱਚ। ਸੋ ਨੋਟ ਤੜਾਉਣ ਲਈ ਗੱਡੀ ਲੈਮਨ ਸੋਡੇ ਵਾਲੇ ਦੀ ਰੇਹੜੀ ਮੂਹਰੇ ਰੋਕ ਦਿੱਤੀ।
“ਭਈਆ ਦੋ ਗਿਲਾਸ ਲੈਮਨ ਸੋਡਾ ਬਣਾਈਂ।” ਮੈਡਮ ਨੇ ਆਪਣੀ ਸਾਈਡ ਵਾਲਾ ਸ਼ੀਸ਼ਾ ਡਾਊਨ ਕਰਕੇ ਰੇਹੜੀ ਵਾਲੇ ਨੂੰ ਕਿਹਾ। ਸਿਰ ਤੇ ਸਾਫਾ ਲਪੇਟਿਆ ਹੋਣ ਕਰਕੇ ਮੈਨੂੰ ਉਹ ਭਈਆ ਨਹੀਂ ਪੰਜਾਬੀ ਹੀ ਲੱਗਿਆ।
“ਭਈਆ ਵਿੱਚ ਮਿੱਠਾ ਨਾ ਪਾਈਂ।” ਮੈਡਮ ਨੇ ਸੋਡਾ ਬਣਾਉਣ ਲੱਗੇ ਨੂੰ ਆਖਿਆ।
“ਨਹੀਂ ਪਾਉਂਦਾ ਜੀ। ਇਹ ਪਹਿਲਾਂ ਹੀ ਮਿੱਠਾ ਹੁੰਦਾ ਹੈ।” ਉਸਨੇ ਬਰਫ ਭੰਨਦੇ ਹੋਏ ਨੇ ਕਿਹਾ।
“ਮੈਡਮ ਜੀ ਕੀ ਤੁਹਾਨੂੰ ਸ਼ੂਗਰ ਹੈ?” ਹੁਣ ਉਸਨੇ ਗੱਡੀ ਦੇ ਨੇੜੇ ਆਕੇ ਪੁੱਛਿਆ।
“ਫਿਰ ਤੁਸੀਂ ਇਹ ਸੋਡਾ ਨਾ ਪੀਓ ਜੀ।” ਮੈਡਮ ਦੇ “ਹਾਂਜੀ” ਕਹਿਣ ਤੇ ਉਸਨੇ ਕਿਹਾ।
“ਇਸ ਵਿੱਚ ਨਿਰੀ ਖੰਡ ਹੁੰਦੀ ਹੈ ਜੀ। ਤੁਹਾਨੂੰ ਨੁਕਸਾਨ ਕਰੇਗਾ। ਮੇਰੇ ਬਾਪੂ ਨੂੰ ਵੀ ਸ਼ੂਗਰ ਹੈ ਅਸੀਂ ਉਸਨੂੰ ਇਹ ਸੋਡਾ ਨਹੀਂ ਦਿੰਦੇ।” ਹੁਣ ਉਸਨੇ ਵਿਸਥਾਰ ਨਾਲ ਦੱਸਿਆ। ਮੈਨੂੰ ਉਹ ਰੇਹੜੀ ਵਾਲਾ ਬਹੁਤ ਚੰਗਾ ਲੱਗਿਆ। ਉਸਨੇ ਆਪਣਾ ਨਾਮ ਇਕਬਾਲ ਸਿੰਘ ਦੱਸਿਆ। ਜਿਸਨੇ ਆਪਣੀ ਕਮਾਈ ਦਾ ਲਾਲਚ ਨਹੀਂ ਕੀਤਾ। ਗ੍ਰਾਹਕ ਨੂੰ ਮੋੜ ਦਿੱਤਾ। ਅਸੀਂ ਨਾਲ ਦੀ ਰੇਹੜੀ ਵਾਲੇ ਤੋਂ ਅੱਧਾ ਕਿਲੋ ਆੜੂ ਲੈਕੇ ਨੋਟ ਤੁੜਵਾਇਆ ਭਾਵੇਂ ਘਰੇ ਆੜੂ ਵਾਧੂ ਪਏ ਸਨ। ਪਰ ਮੇਰੀ ਨਿਗ੍ਹਾ ਬਾਰ ਬਾਰ ਉਸ ਲੈਮਨ ਸੋਡੇ ਵਾਲੇ ਵੱਲ ਜਾ ਰਹੀ ਸੀ। ਜਿਸ ਦੇ ਚੇਹਰੇ ਤੇ ਅਜੇ ਵੀ ਮੁਸਕਰਾਹਟ ਬਰਕਰਾਰ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ