#ਬਿਨਾਂ_ਤੋਲੇ_ਬੋਲੇ_ਦਾ_ਫਲ।
1984-85 ਵਿੱਚ ਮੈਂ ਓਦੋਂ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੜਿੰਗ ਖੇੜਾ ਵਿੱਚ ਖੁਲ੍ਹੇ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਸੁਪਰਡੈਂਟ ਦੀ ਪੋਸਟ ਲਈ ਅਪਲਾਈ ਕੀਤਾ। ਜੋ ਬਾਅਦ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਬਣਨ ਤੇ ਸ੍ਰੀ ਮੁਕਤਸਰ ਸਾਹਿਬ ਦਾ ਹਿੱਸਾ ਬਣਿਆ। ਓਦੋਂ ਸਰਦਾਰ ਭੁਪਿੰਦਰ ਸਿੰਘ ਸਿੱਧੂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਨ ਤੇ ਮੇਰੇ ਦਸਮੇਸ਼ ਸਕੂਲ ਬਾਦਲ ਅਤੇ ਜੇ ਐਨ ਵੀ ਦੇ ਚੇਅਰਮੈਨ ਸਨ। ਉਹ ਸਾਡੇ ਨਜ਼ਦੀਕੀ ਪਥਰਾਲਾ ਪਿੰਡ ਦੇ ਵਾਸੀ ਸਨ। ਉਹਨਾਂ ਨੇ ਮੇਰਾ ਡੈਪੂਟੇਸ਼ਨ ਦਾ ਕੇਸ ਜੇ ਐਨ ਵੀ ਮੁੱਖ ਦਫਤਰ ਦਿੱਲੀ ਭੇਜ ਦਿੱਤਾ। ਵਾਹਵਾ ਸਮਾਂ ਕੋਈਂ ਜਵਾਬ ਨਾ ਆਇਆ ਤੇ ਮੈਂ ਮੇਰੇ ਜੀਜਾ ਜੀ ਨੂੰ ਨਾਲ ਲੈਕੇ ਦਿੱਲੀ ਕੇਸ ਦੀ ਮੌਜੂਦਾ ਸਥਿਤੀ ਦਾ ਪਤਾ ਕਰਨ ਗਿਆ। ਉਸ ਸਮੇਂ ਜੇ ਐਨ ਵੀ ਦਾ ਮੁੱਖ ਦਫਤਰ ਪਾਲਿਕਾ ਮਾਰਕਿਟ ਦੇ ਨੇੜੇ ਕਿਸੇ ਬਿਲਡਿੰਗ ਵਿੱਚ ਸੀ। ਇਹ ਜਗ੍ਹਾ ਸਾਡੇ ਲਈ ਨਵੀਂ ਸੀ। ਖੈਰ ਅਸੀਂ ਕਿਵੇਂ ਨਾ ਕਿਵੇਂ ਮੁੱਖ ਦਫਤਰ ਪਹੁੰਚੇ। ਕਿਸੇ ਕਲਰਕ ਨੂੰ ਪੂਰੀ ਗੱਲ ਸਮਝਾਕੇ ਅਸੀਂ ਕੇਸ ਦੀ ਪੁਜੀਸ਼ਨ ਪੁੱਛੀ।
“ਡਾਇਰੈਕਟਰ ਸਾਹਿਬ ਨੇ ਤੁਹਾਡੇ ਡੈਪੂਟੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਲੈੱਟਰ ਫਰੀਦਕੋਟ ਭੇਜ ਦਿੱਤਾ ਹੈ।” ਉਸ ਕਲਰਕ ਨੇ ਖੁਸ਼ੀ ਖੁਸ਼ੀ ਆਕੇ ਸਾਨੂੰ ਦੱਸਿਆ।
“ਕੀ ਪ੍ਰਿੰਸੀਪਲ ਮੈਨੂੰ ਜੋਇਨ ਕਰਵਾਉਣ ਤੋੰ ਇਨਕਾਰ ਵੀ ਕਰ ਸਕਦਾ ਹੈ।” ਬਿਨਾਂ ਕੁਝ ਸੋਚੇ ਮੈਂ ਉਸ ਕਲਰਕ ਨੂੰ ਪੁੱਛਿਆ। ਕਿਉਕਿ ਮੈਂ ਇਕ ਵਾਰੀ ਜੇ ਐਨ ਵੀ ਦੇ ਪ੍ਰਿੰਸੀਪਲ ਮਿਸਟਰ ਵਡੇਰਾ ਨੂੰ ਮਿਲਿਆ ਸੀ। ਮੇਰੇ ਲੋਕਲ ਹੋਣ ਕਰਕੇ ਅਤੇ ਡੀ ਸੀ ਸਾਹਿਬ ਦਾ ਜਾਣੂ ਹੋਣ ਕਰਕੇ ਉਹ ਬਹੁਤਾ ਮੇਰੇ ਹੱਕ ਵੀ ਨਹੀਂ ਸੀ। ਇਸ ਲਈ ਮੇਰੀ ਸ਼ੰਕਾ ਵੀ ਜਾਇਜ਼ ਸੀ।
“ਤੁਸੀਂ ਹੁਣੇ ਹੀ ਪ੍ਰਿੰਸੀਪਲ ਤੇ ਅਵਿਸ਼ਵਾਸ ਕਰ ਰਹੇ ਹੋ। ਅੱਗੇ ਤੁਹਾਡਾ ਤਾਲਮੇਲ ਕਿਵੇਂ ਬੈਠੇਗਾ। ਪ੍ਰਿੰਸੀਪਲ ਅਤੇ ਸੁਪਰਡੈਂਟ ਕਿਸੇ ਵਿਦਿਅਕ ਸੰਸਥਾ ਦੀ ਸੱਜੀ ਤੇ ਖੱਬੀ ਬਾਂਹ ਹੁੰਦੇ ਹਨ। ਉਸਨੇ ਪੂਰੀ ਗਰਮੀ ਨਾਲ ਮੈਨੂੰ ਡਾਂਟਿਆ। ਉਹ ਗੁੱਸੇ ਨਾਲ ਭਰਿਆ ਅੰਦਰ ਚਲਾ ਗਿਆ। ਫਿਰ ਸਾਡੀ ਉਸ ਦਫਤਰ ਵਿੱਚ ਕੋਈਂ ਵਾਹ ਨਾ ਚੱਲੀ। ਮੇਰਾ ਬਿਨਾਂ ਵਿਚਾਰੇ ਬੋਲਿਆ ਆਪਣਾ ਅਸਰ ਵਿਖਾ ਚੁੱਕਿਆ ਸੀ। ਮੇਰੀ ਡੈਪੂਟੇਸ਼ਨ ਦੀ ਮਨਜ਼ੂਰੀ ਡੀ ਸੀ ਦਫ਼ਤਰ ਪਹੁੰਚ ਗਈ। ਪਰ ਮੁੱਖ ਦਫਤਰ ਦੇ ਉਸ ਡੀਲਿੰਗ ਹੈਂਡ ਨੇ ਪ੍ਰਿੰਸੀਪਲ ਮਿਸਟਰ ਵਡੇਰਾ ਨੂੰ ਫੋਨ ਕਰਕੇ ਮੇਰੇ ਬਾਰੇ ਦੱਸ ਦਿੱਤਾ ਤੇ ਇਸੇ ਲਈ ਉਸਨੇ ਮੈਨੂੰ ਡੀ ਸੀ ਸਾਹਿਬ ਦੇ ਚਾਹੁੰਣ ਦੇ ਬਾਵਜੂਦ ਵੀ ਜੋਇਨ ਨਾ ਕਰਵਾਇਆ। ਸਿਆਣੇ ਕਹਿੰਦੇ ਹਨ ਪਹਿਲਾਂ ਤੋਲੋ ਫਿਰ ਬੋਲੋ। ਪਰ ਮੈਂ ਬਿਨ ਵਿਚਾਰੇ ਬੋਲ ਕੇ ਗਲਤੀ ਕਰ ਬੈਠਾ ਸੀ। ਫਿਰ ਕਹਿੰਦੇ ਬੜਿੰਗ ਖੇੜੇ ਜੇ ਐਨ ਵੀ ਵਿੱਚ ਇੱਕ ਮਿਸਟਰ ਤੁੜ ਨਾਮ ਦਾ ਸੁਪਰਡੈਂਟ ਆਇਆ ਜੋ ਪ੍ਰਿੰਸੀਪਲ ਤੋਂ ਵੀ ਸੀਨੀਅਰ ਸੀ। ਤੇ ਉਸਦੀ ਤਨਖਾਹ ਵੀ ਵੱਧ ਸੀ। ਪਰ ਮੇਰੀ ਜ਼ੁਬਾਨ ਨਾਲ ਮੇਰਾ ਨੁਕਸਾਨ ਹੋ ਚੁੱਕਿਆ ਸੀ। ਜਿਸ ਦਾ ਕਾਰਨ ਮੇਰੀ ਆਪਣੀ ਜ਼ੁਬਾਨ ਹੀ ਸੀ।।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ