ਸਿਖਰ ਦੁਪਹਿਰੇ ਸਾਢੇ ਤਿੰਨ ਵਜੇ ਜਦੋ ਕਾਂ ਦੀ ਅੱਖ ਨਹੀਂ ਸੀ ਖੁਲਦੀ, ਵੈਸੇ ਮੈਂ ਕੋਈ ਕਾਂ ਵੀ ਨਹੀਂ ਵੇਖਿਆ, ਆਚਾਰੀ ਅੰਬੀਆ ਖਰੀਦਣ ਜਾਣ ਦਾ ਹੁਕਮਨਾਮਾ ਜਾਰੀ ਹੋ ਗਿਆ। ਸੱਤ ਬਚਨ ਕਿਹ ਕਿ ਸਕੂਟਰੀ ਜਾ ਸਬਜ਼ੀ ਵਾਲੀ ਦੁਕਾਨ ਤੇ ਰੋਕੀ। ਦੋ ਕਿਲੋ ਆਚਾਰੀ ਅੰਬੀਆ ਖਰੀਦ ਕੇ ਕੱਟਣ ਲਈ ਵੀ ਦੁਕਾਨਦਾਰ ਨੂੰ ਆਖ ਦਿੱਤਾ।
“ਤੁਸੀਂ ਜੀ ਸੇਠੀ ਪਟਵਾਰੀ ਸਾਹਿਬ ਦੇ ਲੜਕੇ ਹੋ।” ਅੰਬੀਆਂ ਕੱਟਣ ਵਾਲੇ ਅਧਖੜ ਜਿਹੇ ਭਾਈ ਨੇ ਟੇਢਾ ਜਿਹਾ ਝਾਕਦੇ ਨੇ ਮੈਨੂੰ ਪੁੱਛਿਆ।
“ਤੁਹਾਡਾ ਮੜਅੰਗਾ ਸੇਠੀ ਸਾਹਿਬ ਨਾਲ ਮਿਲਦਾ ਹੈ। ਜਵਾਂ ਤੁਹਾਡੇ ਵਰਗੇ ਸੀ। ਉਦੋਂ ਸਾਡੇ ਪਿੰਡ ਮਸੀਤਾਂ ਪਟਵਾਰੀ ਲੱਗੇ ਸਨ। ਸਾਰਾ ਪਿੰਡ ਅੱਜ ਵੀ ਤਰੀਫਾਂ ਕਰਦਾ ਹੈ ਸੇਠੀ ਸਾਹਿਬ ਦੀਆਂ। ਬਹੁਤ ਗਰੀਬਾਂ ਨੂੰ ਸਰਪਲਸ ਵਾਲੀਆਂ ਜ਼ਮੀਨਾਂ ਅਲਾਟ ਕਰਵਾਈਆਂ ਓਹਨਾ ਨੇ । ਸਾਡੇ ਪਿੰਡ ਪਟਵਾਰੀ ਲੱਗੇ ਸਨ 1975 76 ਚ। ਫਿਰ ਗਿਰਦੌਰ ਬਣ ਗਏ। ਕਹਿੰਦੇ ਜੀ ਫਿਰ ਉਹ ਸਤੀਲਦਾਰ ਬਣ ਗਏ ਸਨ ਤੇ ਕਹਿੰਦੇ ਆਦਤਾਂ ਓਹੋ ਜਿਹੀਆਂ ਹੀ ਰਹੀਆਂ। ਗਰੀਬ ਨੂੰ ਖੁੱਲ ਕੇ ਮਿਲਦੇ। ਸਾਡੇ ਮਹਾਸ਼ਿਆਂ ਦੇ ਕਈ ਘਰਾਂ ਨੂੰ ਜ਼ਮੀਨ ਅਲਾਟ ਹੋਈ ਸੀ। ਵੱਡੇ ਵੱਡੇ ਸਰਦਾਰਾਂ ਨਾਲ ਝੜਪ ਲੈ ਲੈਂਦੇ ਪਰ ਗਰੀਬ ਦੀ ਆਹ ਤੋੰ ਡਰਦੇ ਸਨ।” ਅੰਬੀਆਂ ਕੱਟਣ ਵਾਲਾ ਸ਼ਾਇਦ ਮਸੀਤਾਂ ਪਿੰਡ ਦਾ ਹੀ ਸੀ। ਉਹ ਪਾਪਾ ਜੀ ਦੀਆਂ ਸਿਫਤਾਂ ਕਰ ਰਿਹਾ ਸੀ। ਮੇਰੀਆਂ ਅੱਖਾਂ ਗਿੱਲੀਆਂ ਸਨ।
“ਬਾਊ ਜੀ ਜਵਾਂ ਸੋਡੇ ਵਰਗੇ ਸਨ ਸੇਠੀ ਸਾਹਿਬ। ਕਈ ਵਾਰੀ ਪਾਰਟੀ ਬਾਜ਼ੀ ਕਰਕੇ ਤਬਾਦਲਾ ਵੀ ਹੋਇਆ ਪਰ ਪਿੰਡ ਵਾਲੇ ਫਿਰ ਵਾਪਿਸ ਲੈ ਹੀ ਆਏ।” ਉਸਦੀ ਵਾਰਤਾ ਜਾਰੀ ਸੀ।
2003 ਵਿੱਚ ਇੱਕ ਮਮੂਲੀ ਐਕਸੀਡੈਂਟ ਵਿਚ ਸਾਨੂੰ ਸਦਾ ਲਈ ਛੱਡ ਗਏ। ਪਰ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਉਹਨਾਂ ਦੀ ਸ਼ਖ਼ਸੀਅਤ ਬਰਕਰਾਰ ਹੈ। ਉਹ ਗਰੀਬਾਂ ਦੇ ਦਿਲਾਂ ਚ ਰਾਜ ਕਰਦੇ ਹਨ।
ਸਿਜਦਾ ਪਾਪਾ ਜੀ ਤੁਹਾਨੂੰ।
#ਰਮੇਸ਼ਸੇਠੀਬਾਦਲ