ਆਪਣੀ ਰਿਟਾਇਰਮੈਂਟ ਦੇ ਨੇੜੇ ਤੇੜੇ ਜਿਹੇ ਜਦੋ ਬੰਦਾ ਅਜੇ ਸਠਿਆਇਆ ਨਹੀਂ ਹੁੰਦਾ ਤੇ ਨਾ ਹੀ ਸਤਰਿਆ ਬੁਹਤਰਿਆ ਹੁੰਦਾ ਹੈ ਪਰ ਜਵਾਨ ਵੀ ਨਹੀਂ ਹੁੰਦਾ। ਆਪਣੇ ਆਪ ਨੂੰ ਬਹੁਤ ਸਿਆਣਾ ਤੇ ਤਜੁਰਬੇ ਕਾਰ ਸਮਝਦਾ ਹੈ। ਸਿਆਣਪ ਦੀ ਹਉਮੈ ਸਰੀਰ ਵਿੱਚ ਘਰ ਕਰ ਜਾਂਦੀ ਹੈ। ਕਿਸੇ ਦੀ ਕੀਤੀ ਗੱਲ ਪਸੰਦ ਨਹੀਂ ਆਉਂਦੀ। ਪਰ ਅੱਜ ਦੀ ਪੀੜ੍ਹੀ ਪੁਰਾਣੀਆਂ ਗੱਲਾਂ ਨਾ ਕਰਨ ਦੀ ਸਲਾਹ ਦਿੰਦੀ ਹੈ ਤੇ ਆਪਣੀ ਗੱਲ ਤੇ ਅੜ ਜਾਂਦੀ ਹੈ। ਬੰਦਾ ਜਾ ਤਾਂ ਬਿਲਕੁਲ ਹੀ ਦੜ ਵੱਟ ਜਾਂਦਾ ਹੈ ਜਾ ਹਰ ਗੱਲ ਤੇ ਅੜਨ ਦੀ ਨੀਤੀ ਅਖਤਿਆਰ ਕਰਦਾ ਹੈ। ਸਾਰੀ ਉਮਰ ਹਾਂਜੀ ਹਾਂਜੀ ਕਰਨ ਵਾਲੀ ਪਤਨੀ ਵੀ ਅੱਖਾਂ ਦਿਖਾਉਣ ਲੱਗ ਜਾਂਦੀ ਹੈ ਮੁੰਡੇ ਕੁੜੀਆਂ ਤੇ ਨੂੰਹਾਂ ਦੇ ਇਸ਼ਾਰੇ ਤੇ। ਤੁਸੀਂ ਤਾਂ ਜੀ ਬਜ਼ੁਰਗ ਹੋਗੇ। ਚਾਹੇ ਆਪ ਪਤੀ ਤੋਂ ਦੋ ਸਾਲ ਵੱਡੀ ਹੀ ਹੋਵ ਉਮਰ ਵਿੱਚ। ਵਾਲ ਕਾਲੇ ਕਰਕੇ ਉਮਰ ਛਿਪਾਉਂਦੀ ਹੋਵੇ। ਅਖੇ ਤੁਹਾਨੂੰ ਗੱਲ ਹੀ ਨਹੀਂ ਕਰਨੀ ਆਉਂਦੀ। ਤੁਸੀਂ ਕਹਿੰਦੇ ਕੁਝ ਹੋ ਤੇ ਬੋਲਦੇ ਕੁਝ। ਜਰਾ ਸੋਚਕੇ ਬੋਲਿਆ ਕਰੋ। ਬੰਦਾ ਸੋਚਦਾ ਬੀ ਮੇਰੇ ਜਿਨ੍ਹਾਂ ਤਾਂ ਸਿਆਣਾ ਕੋਈ ਨਹੀਂ। ਤੇ ਇੱਥੇ ਮੇਰੀ ਗੱਲ ਕੋਈ ਸੁਣਨ ਨੂੰ ਹੀ ਤਿਆਰ ਨਹੀਂ।
ਮੇਰਾ ਦਿਮਾਗ ਕੰਮ ਨਹੀਂ ਕਰਦਾ। ਜਿਵੇ ਮਰਜ਼ੀ ਕਰੋ। ਕਹਿਕੇ ਡੁੰਨ ਵੱਟਾ ਬਣ ਜਾਂਦਾ ਹੈ।
ਘਰਵਾਲੇ ਵੀ ਖਹਿੜਾ ਨਹੀਂ ਛੱਡਦੇ । ਹਰ ਗਲਤ ਸਹੀ ਫੈਸਲੇ ਤੇ ਮੋਹਰ ਲਵਾਉਣ ਦੀ ਕੋਸ਼ਿਸ਼ ਕਰਦੇ ਹਨ। ਬੰਦਾ ਸੋਚਦਾ ਹੈ ਯਾਰ ਬਹੁਤੀ ਗਈ ਤੇ ਥੋੜੀ ਰਹੀ। ਕੱਟ ਲੈ ਚਾਰ ਦਿਨ ਅਖੀਰਲੇ। ਫਿਰ ਮੰਜੇ ਤੇ ਪੈਕੇ ਨਾ ਸੁਣਨਾ ਹੈ ਨਾ ਦਿਸਣਾ।
ਬਹੁਤੇ ਲੋਕਾਂ ਦੀ ਇਹ ਅੱਧੋ ਵਿਚਾਲੜੀ ਦੁਰਦਿਸ਼ਾ ਬਹੁਤ ਕੁਝ ਸੋਚਣ ਨੂੰ ਮਜਬੂਰ ਕਰਦੀ ਹੈ। ਜਿਸ ਤਰਾਂ ਦਿਨ ਅਤੇ ਰਾਤ ਦੇ ਸਫ਼ਰ ਨਾਲੋਂ ਦਿਨ ਛਿਪਾ ਵੇਲੇ ਦਾ ਸੁਫ਼ਰ ਜਦੋ ਨਾ ਦਿਨ ਹੁੰਦਾ ਹੈ ਨਾ ਪੁਰੀ ਰਾਤ ਹੁੰਦੀ ਹੈ ਜਿਆਦਾ ਖਤਰਨਾਕ ਹੁੰਦਾ ਹੈ। ਅੱਧ ਜਗਦੀਆਂ ਜਿਹੀਆਂ ਵਹੀਕਲਾਂ ਦੀਆਂ ਲਾਈਟਾਂ ਕੁਝ ਵੀ ਦਿਸਣ ਨਹੀਂ ਦਿੰਦੀਆਂ ਤੇ ਦੁਰਘਟਨਾਵਾਂ ਨੂੰ ਅੰਜਾਮ ਦਿੰਦਿਆਂ ਹਨ। ਉਸੇ ਤਰ੍ਹਾਂ ਜਿੰਦਗੀ ਦਾ ਇਹ ਸਮਾਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ