ਉਹ ਮੈਥੋਂ ਅੱਧੀ ਉਮਰ ਦੀ ਹੋਵੇਗੀ..ਸਾਮਣੇ ਸੀਟ ਤੇ ਬੈਠੀ ਸੀ..ਉਸਨੇ ਮੈਨੂੰ ਸਰਸਰੀ ਜਿਹੀ ਇੱਕ ਦੋ ਵੇਰ ਵੇਖਿਆ..ਮੈਨੂੰ ਲੱਗਾ ਮੈਂ ਦਸ ਸਾਲ ਜਵਾਨ ਹੋ ਗਿਆ ਹੋਵਾਂ..ਮੈਂ ਬਹਾਨੇ ਜਿਹੇ ਨਾਲ ਪੱਗ ਸਵਾਰੀ ਕੀਤੀ..ਬੰਦ ਬਾਰੀ ਦੇ ਸ਼ੀਸ਼ੇ ਵਿਚ ਆਪਣਾ ਮੂੰਹ ਵੇਖਿਆ..ਮਹਿਸੂਸ ਹੋਇਆ ਜਿੰਦਗੀ ਵਿਚ ਇੱਕ ਨਿਖਾਰ ਜਿਹਾ ਆ ਗਿਆ ਹੋਵੇ..!
ਪਠਾਨਕੋਟ ਦਸ ਮਿੰਟ ਦਾ ਸਟੋਪ ਸੀ..ਇੱਕ ਮੇਰੀ ਕੂ ਉਮਰ ਦਾ ਭਾਈ ਅਤੇ ਨਾਲ ਦੋ ਕੁੜੀਆਂ ਆਣ ਚੜੀਆਂ..ਕਾਫੀ ਦੇਰ ਕੋਲ ਖਲੋਤਾ ਏਧਰ ਓਧਰ ਵੇਖਦਾ ਰਿਹਾ..ਸ਼ਾਇਦ ਕੋਈ ਫੈਸਲਾ ਲੈਣਾ ਚਾਹ ਰਿਹਾ ਸੀ..ਦੋਵੇਂ ਕੁੜੀਆਂ ਵੀ ਉਸਦੇ ਫੈਸਲੇ ਦੇ ਇੰਤਜਾਰ ਵਿਚ ਓਥੇ ਖਲੋਤੀਆਂ ਰਹੀਆਂ..!
ਅਖੀਰ ਕੁਝ ਸੋਚ ਉਸਨੇ ਦੋਹਾਂ ਨੂੰ ਸਾਮਣੇ ਬੈਠੀ ਉਸ ਕੁੜੀ ਦੇ ਨਾਲ ਨਾਲ ਕਰਕੇ ਬਿਠਾ ਦਿੱਤਾ..ਫੇਰ ਮੈਨੂੰ ਮੁਖ਼ਾਤਿਬ ਹੋਇਆ..ਸਰਦਾਰ ਜੀ ਮੇਰੀਆਂ ਦੋ ਧੀਆਂ ਨੇ..ਪਹਿਲੀ ਵੇਰ ਹੋਸਟਲ ਚੱਲੀਆਂ ਬੀ ਐੱਡ ਕਰਨ..ਖਿਆਲ ਰੱਖਿਓ..ਬੜੀ ਮੇਹਰਬਾਨੀ ਹੋਵੇਗੀ!
ਉਹ ਦੋਵੇਂ ਵੀ ਮੇਰੇ ਵੱਲ ਵੇਖ ਸ਼ੁਕਰਾਨੇ ਵੱਜੋਂ ਨਿੰਮਾ ਜਿਹਾ ਮੁਸਕੁਰਾਈਆਂ..ਬਾਪ ਨੇ ਲੰਮਾ ਸਾਹ ਲਿਆ..ਮੇਰਾ ਇੱਕ ਵੇਰ ਫੇਰ ਸ਼ੁਕਰਾਨਾ ਕੀਤਾ ਤੇ ਹੇਠਾਂ ਉੱਤਰ ਗਿਆ!
ਜੰਮੂ ਤੀਕਰ ਉਸ ਪਹਿਲੀ ਕੁੜੀ ਵੱਲ ਨਜਰਾਂ ਚੁੱਕ ਕੇ ਵੇਖਣ ਦੀ ਹਿੰਮਤ ਨਾ ਪਈ..ਉਸਨੂੰ ਇਤਬਾਰ ਅਤੇ ਜੁੰਮੇਵਾਰੀ ਨਾਮ ਦੀਆਂ ਦੋ ਸ਼ੈਵਾਂ ਜੂ ਘੇਰੇ ਬੈਠੀਆਂ ਸਨ!
ਹਰਪ੍ਰੀਤ ਸਿੰਘ ਜਵੰਦਾ