“ਪਾ ਪਾ ਪਾ ਪਾ ਪਾਪਾ ਪਾ ਪਾ ਪਾ ਪਾਣੀ।” ਹੱਥ ਵਿਚ ਪਾਣੀ ਦਾ ਗਿਲਾਸ ਫੜੀ ਬਾਲੜੀ ਨੇ ਕਿਹਾ ਜੋ ਇੱਕ ਬੇਟੀ ਸੀ।
“ਵੀਰੇ ਆਹ ਲਾਓ ਪਾਣੀ ਪੀ ਲੋ।” ਹੁਣ ਵੀ ਹੱਥ ਵਿਚ ਪਾਣੀ ਦਾ ਗਿਲਾਸ ਸੀ। ਪਰ ਹੁਣ ਉਹ ਇੱਕ ਭੈਣ ਸੀ।
“ਮਖਿਆ ਜੀ ਲਓ ਪਾਣੀ ਪੀ ਲਵੋ।”
ਦੂਰੋਂ ਆਉਂਦੇ ਵੇਖਕੇ ਉਸਨੇ ਪਾਣੀ ਦਾ ਗਿਲਾਸ ਭਰਕੇ ਬੂਹੇ ਵੜਦੇ ਨੂੰ ਕਿਹਾ। ਅੱਜ ਉਹ ਇੱਕ ਪਤਨੀ ਸੀ।
“ਲੈ ਮੇਰਾ ਪੁੱਤ ਪਾਣੀ ਪੀ ਲੈ ਠੰਡਾ ਠੰਡਾ।” ਹੱਥ ਵਿਚ ਪਾਣੀ ਦਾ ਗਿਲਾਸ ਫੜੀ ਹੋ ਪੁੱਤ ਦੇ ਪਿਛੇ ਪਿਛੇ ਜਾ ਰਹੀ ਸੀ। ਅੱਜ ਉਹ ਇੱਕ ਮਾਂ ਸੀ ਤੇ ਉਸਦੀ ਮਮਤਾ ਸੀ।
“ਵੇ ਮੈਨੂੰ ਪਾਣੀ ਦੀ ਘੁੱਟ ਦੇ ਦਿਓਂ। ਮੇਰਾ ਸੰਘ ਸੁੱਕੀ ਜਾਂਦਾ ਹੈ। ਨੀ ਕੋਈ ਸੁਣਦਾ ਕਿਉਂ ਨਹੀਂ।” ਉਸਨੇ ਸੁੱਕੇ ਗਲੇ ਨਾਲ ਚਾਰ ਪੰਜ ਅਵਾਜ਼ਾਂ ਲਗਾਈਆਂ। ਪਰ ਕਿਸੇ ਨੇ ਪਾਣੀ ਦਾ ਗਿਲਾਸ ਨਾ ਦਿੱਤਾ। ਸਾਹਮਣੇ ਪਏ ਘੜੇ ਵਿਚ ਪਾਣੀ ਤਾਂ ਪਿਆ ਸੀ। ਗਿਲਾਸ ਵੀ ਕੋਲ ਹੀ ਸੀ ਪਰ ਸਰੀਰ ਵਿਚ ਹਿੰਮਤ ਨਹੀਂ ਸੀ ਆਪੇ ਉਠਕੇ ਪਾਣੀ ਪੀਣ ਦੀ।
ਔਰਤ ਤੇਰੇ ਹਰ ਰੂਪ ਵਿਚ ਪਿਆਰ ਭਰਿਆ ਹੈ। ਪਰ ਫਿਰ ਵੀ ਤੇਰੀ ਆਹ ਹਾਲਤ ਕਿਓਂ ਹੈ।
ਮਾਂ ਦਿਵਸ ਤੇ ਸਮੂਹ ਔਰਤ ਜਾਤੀ ਨੂੰ ਸਮਰਪਿਤ। ਤੇ ਕੁਦਰਤ ਦੀ ਇਸ ਵਿਸ਼ਾਲ ਦੇਣ ਨੂੰ ਮੇਰਾ ਸਲਾਮ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ