#ਨਾਸ਼ਤਾ।
“ਅੱਜ ਨਾਸ਼ਤੇ ਚ ਦੁੱਧ ਨਾਲ ਕੀ ਲਵੋਗੇ?” ਸਵੇਰੇ ਦਸ ਕੁ ਵਜੇ ਨਹਾਉਣ ਲਈ ਤੋਲੀਆ ਚੁੱਕਕੇ ਬਾਥਰੂਮ ਵੱਲ ਜਾਂਦੇ ਨੂੰ ਵੇਖਕੇ ਮੇਰੇ ਨਾਲਦੀ ਨੇ ਮੈਨੂੰ ਪੁੱਛਿਆ। ਮੈਂ ਅਕਸਰ ਸਵੇਰੇ ਦੁੱਧ ਨਾਲ ਦਲੀਆ ਯ ਓਟਸ ਹੀ ਖਾਂਦਾ ਹੀ ਹਾਂ। ਹੁਣ ਕਈ ਦਿਨਾਂ ਤੋਂ ਤਲੇ ਯ ਬਿਨਾਂ ਤਲੇ ਤਿੰਨ ਬ੍ਰੈਡ ਯ ਆਟੇ ਵਾਲੇ ਬਿਸਕੁਟ ਹੀ ਖਾ ਰਿਹਾ ਹਾਂ। ਕਿਉਂਕਿ ਮੈਂ ਪਰੌਂਠੇ ਖਾਣ ਤੋਂ ਗੁਰੇਜ਼ ਹੀ ਕਰਦਾ ਹਾਂ।
“ਬਿਸਕੁਟ ਬ੍ਰੈਡ ਖਾਂਦਿਆਂ ਨੂੰ ਤਾਂ ਕਈ ਦਿਨ ਹੋਗੇ।” ਮੈਂ ਅਧੂਰੀ ਜਿਹੀ ਗੱਲ ਕਰਦੇ ਹੋਏ ਜਵਾਬ ਦਿੱਤਾ।
“ਫੇਰ?” ਉਸਨੇ ਬੜੇ ਸ਼ਾਂਤ ਚਿੱਤ ਜਿਹਾ ਹੋਕੇ ਕਿਹਾ। ਜਿਸ ਨਾਲ ਮੈਨੂੰ ਕੁਝ ਹੋਸਲਾਂ ਜਿਹਾ ਹੋਇਆ। “ਕਹਿ ਦੇ ਮਿੱਤਰਾ ਦਿਲ ਦੀ ਗੱਲ। ਮੌਕਾ ਹੈ ਹੁਣ।” ਮੇਰੇ ਮਨੀ ਰਾਮ ਨੇ ਮੈਨੂੰ ਹੋਸਲਾ ਦਿੰਦੇ ਹੋਏ ਕਿਹਾ।
“ਅੱਜ ਤਾਂ ਚਿੱਬੜਾਂ ਦੀ ਚੱਟਣੀ ਵੇਸ਼ਣ ਦਾ ਪੂੜਾ ਖਾਣ ਨੂੰ ਦਿਲ ਕਰਦਾ ਹੈ।” ਮੈ ਭੋਲਾ ਜਿਹਾ ਮੂੰਹ ਬਣਾਕੇ ਬੜੀ ਮਸੂਮੀਅਤ ਨਾਲ ਕਿਹਾ। ਮੈਨੂੰ ਇਹ ਵੀ ਸੀ ਕਿ ਸੌ ਰੁਪਏ ਕਿਲੋ ਦੇ ਹਿਸਾਬ ਨਾਲ ਪਰਸੋਂ ਦੇ ਲਿਆਂਦੇ ਪਏ ਚਿੱਬੜ ਕੱਲ੍ਹ ਤੱਕ ਤਾਂ ਪਸ਼ੂਆਂ ਨੂੰ ਪਾਉਣ ਜੋਗੇ ਹੋ ਜਾਣਗੇ। ਇੱਥੇ “ਮੈਂ ਆਪਣਾ ਫੈਸਲਾ ਸੁਣਾ ਦਿੱਤਾ।” ਵਰਗੇ ਸ਼ਬਦ ਲਿਖਕੇ ਉਸ ਦੀਆਂ ਭਾਵਨਾਵਾਂ ਦੇ ਭੜਕਣ ਦਾ ਕਾਰਨ ਨਹੀਂ ਸੀ ਬਣਨਾ ਚਾਹੁੰਦਾ। ਖੈਰ ਮੈਂ ਆਪਣੀ ਗੱਲ ਕਹਿਕੇ ਫੈਸਲਾ ਯ ਪ੍ਰਤੀਕਰਮ ਉਡੀਕੇ ਬਿਨਾਂ ਬਾਥਰੂਮ ਵਿੱਚ ਵੜ ਗਿਆ। ਨਹਾਉਣ ਤੋਂ ਬਾਅਦ ਹੀ ਮੇਰੀ ਕਿਸਮਤ ਕਹਿ ਲਵੋ ਯ ਭਵਿੱਖ ਦਾ ਫੈਸਲਾ ਆਉਣਾ ਸੀ।
ਜਦੋਂ ਮੈਂ ਨਹਾਕੇ ਬਾਹਰ ਆਇਆ ਤਾਂ ਮੇਰਾ ਨਾਸ਼ਤਾ ਮੈਨੂੰ ਬੁਲਾ ਰਿਹਾ ਸੀ।
ਜਿਹੜੀ ਆਖਾਂ ਓਹੀਓ ਮੰਨ ਲੈਂਦਾ, ਕਿਵ਼ੇਂ ਮੈਂ ਭੁਲਾਵਾਂ ਯਾਰ ਨੂੰ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ