ਕੱਲ ਚਾਹੇ 18 ਮਈ 2019 ਸੀ। ਪਰ ਮੇਰੀ ਹਾਲਤ 5 ਦਿਸੰਬਰ 1982 ਵਾਲੀ ਸੀ ਉਸ ਦਿਨ ਮੇਰੀ ਵੱਡੀ ਭੈਣ ਡੋਲੀ ਮੈਂ ਹੱਥੀ ਤੋਰੀ ਸੀ। ਮੈਨੂੰ ਉਸਦਿਨ ਦੇ ਪਲ ਪਲ ਦਾ ਚੇਤਾ ਹੈ। ਫੇਰਿਆਂ ਤੋਂ ਲੈ ਕੇ ਵਿਦਾਈ ਤੱਕ ਮੇਰਾ ਰੋਣਾ ਬੰਦ ਨਹੀਂ ਸੀ ਹੋਇਆ। ਭੈਣ ਦੇ ਵਿਆਹ ਦਾ ਹਰ ਕਾਰਜ ਮੈਂ ਬੜੀ ਰੀਝ ਨਾਲ ਕੀਤਾ। ਚਾਹੇ ਭੈਣ ਤੋਂ ਮੈਂ ਛੋਟਾ ਸੀ । ਪਾਪਾ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਵਿਆਹ ਦਾ ਕੰਮ ਨੇਪਰੇ ਚੜ੍ਹਾਇਆ। ਫਿਰ 1985 ਵਿੱਚ ਮੇਰਾ ਵਿਆਹ ਹੋ ਗਿਆ। ਪਰਮਾਤਮਾ ਨੇ ਦੋ ਬੇਟਿਆਂ ਦੀ ਦਾਤ ਬਖਸ਼ੀ। ਪਰ ਧੀ ਦੀ ਅਣਹੋਂਦ ਰੜਕਦੀ ਰਹੀ। ਕਈ ਵਾਰੀ ਅੱਖਾਂ ਵਿੱਚ ਹੰਝੂ ਵੀ ਆਏ। ਸ਼ਾਇਦ ਰੱਬ ਨੇ ਮੈਨੂੰ ਧੀ ਦੇ ਕਾਬਿਲ ਨਹੀਂ ਸਮਝਿਆ। ਇਹ ਮੇਰੀ ਸੋਚ ਸੀ। ਕਦੇ ਕਦੇ ਮੈਂ ਰੱਬ ਤੇ ਸ਼ਿਕਵਾ ਵੀ ਕਰਦਾ। ਆਪਣੇ ਕੀਤੇ ਗੁਨਾਹਾਂ ਦੀ ਪੜਤਾਲ ਕਰਦਾ। ਮੈਨੂੰ ਮੇਰਾ ਗੁਨਾਹ ਨਜ਼ਰ ਨਾ ਆਉਂਦਾ। ਰੱਬ ਨੇ ਤੁਹਾਨੂੰ ਧੀ ਇਸ ਲਈ ਨਹੀਂ ਦਿੱਤੀ ਕਿ ਤੁਸੀਂ ਇਸ ਕਾਬਿਲ ਨਹੀਂ ਸਗੋਂ ਰੱਬ ਤੁਹਾਨੂੰ ਇਸ ਕਾਬਿਲ ਸਮਝਦਾ ਹੈ ਕਿ ਉਸਨੇ ਤੁਹਾਨੂੰ ਦੋ ਨੂੰਹਾਂ ਦੇ ਰੂਪ ਵਿੱਚ ਦੋ ਧੀਆਂ ਦੇਣੀਆਂ ਹਨ। ਕਿਸੇ ਸੂਝਵਾਨ ਨੇ ਮੇਰੀ ਸੋਚ ਬਦਲ ਦਿੱਤੀ।ਮੈਂ ਉਹਨਾਂ ਧੀਆਂ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਿਆ। ਆਖਿਰ ਰੱਬ ਨੇ ਮੇਰੀ ਸੁਣ ਲਈ। 10 ਨਵੰਬਰ 2017 ਨੂੰ ਮੇਰੀ ਬੇਟੀ ਗਗਨ ਨੇ ਮੇਰੇ ਘਰ ਦੀ ਦਲਹੀਜ ਨੂੰ ਪਵਿੱਤਰ ਕੀਤਾ। ਦੇਸੀ ਘਿਓ ਦੇ ਦੀਵੇ ਜਗਾਕੇ ਮੈਂ ਉਸ ਦਾ ਮੇਰੇ ਘਰ ਆਉਣ ਤੇ ਸਵਾਗਤ ਕੀਤਾ। ਹਾਥੀ ਤੇ ਸਵਾਰ ਕਰਾਕੇ ਓਹਨਾ ਦਾ ਖੈਰ ਮਕਦਮ ਕੀਤਾ।
ਉਦੋਂ ਮੇਰੀ ਖੁਸ਼ੀ ਦੀ ਕੋਈ ਸੀਮਾ ਨਾ ਰਹਿ ਜਦੋ 29 ਮਾਰਚ 2019 ਨੂੰ ਮੇਰੀ ਭੈਣ ਦੇ ਜਨਮ ਤੋਂ ਠੀਕ 60 ਸਾਲਾਂ ਬਾਅਦ ਰੱਬ ਨੇ ਮੇਰੇ ਤੇ ਰਹਿਮਤ ਦੀ ਮੁਸਲਾਧਾਰ ਵਰਖਾ ਕਰਦੇ ਹੋਏ ਚੰਦ ਵਰਗੀ ਮਤਲਬ ਚਾਂਦ ਸੀ ਪੋਤੀ ਸੌਗਾਤ ਦੀ ਦਾਤ ਬਖਸ਼ੀ। ਇਹ ਸੌਗਾਤ ਹੀ ਰੱਬ ਦੁਆਰਾ ਸਭ ਤੋਂ ਵੱਡੀ ਦਾਤ ਹੈ।
ਖੁਸ਼ੀਆਂ ਵਿੱਚ ਮਦਮਸਤ ਤੇ ਮੇਰੇ ਚੇਹਰੇ ਦੀ ਲਾਲੀ ਦਿਨ ਬਦਿਨ ਦੁਗਣੀ ਹੁੰਦੀ ਗਈ।
ਧੀਆਂ ਦੇ ਦੁੱਖ ਮਾਪਿਆਂ ਤੋਂ ਦੇਖੇ ਨਹੀਂ ਜਾਂਦੇ। ਧੀਆਂ ਤੋਰਨੀਆਂ ਸੁਖਾਲੀਆਂ ਨਹੀਂ। ਮੇਰਾ ਵਰਗਾ ਨਰਮ ਦਿਲ ਬੰਦਾ ਧੀ ਤੋਰਨੀ ਤਾਂ ਕੀ ਧੀ ਨੂੰ ਇੱਕ ਪਲ ਲਈ ਵੀ ਪਾਸੇ ਨਹੀਂ ਕਰ ਸਕਦਾ।
ਕੱਲ੍ਹ ਸੌਗਾਤ ਦੇ ਨਾਨਕੇ ਸਾਡੇ ਵਿਰਸੇ ਅਤੇ ਸਾਡੀਆਂ ਸਮਾਜਿਕ ਰਸਮਾਂ ਅਤੇ ਰੀਤੀ ਰਿਵਾਜਾਂ ਨੂੰ ਨਿਭਾਉਂਦੇ ਹੋਏ ਛੂਛਕ ਦੇਣ ਲਈ ਆਏ। ਨਾਨੀਆਂ ਮਾਮਿਆਂ ਮਾਮੀਆਂ ਨੂੰ ਦੋਹਤੀਆਂ ਦਾ ਚਾਅ ਹੁੰਦਾ ਹੈ। ਸਾਰੀ ਉਮਰ ਓਹਨਾ ਦੇ ਵਿਆਹ ਦੀ ਤਿਆਰੀ ਵਿੱਚ ਲਗਾ ਦਿੰਦੇ ਹਨ।
ਛੂਛਕ ਦੇਣ ਆਏ ਨਾਨੀ ਅਤੇ ਮਾਮਾ ਸੌਗਾਤ ਨੂੰ ਉਸਦੇ ਨਾਨਕੇ ਆਪਣੇ ਨਾਲ ਲੈ ਗਏ। ਨਾਨਕੇ ਜਾਣਾ ਬਹੁਤ ਹੀ ਵਧੀਆ ਲਗਦਾ ਹੈ ਅਤੇ ਜਰੂਰੀ ਹੁੰਦਾ ਹੈ। ਪਰ ਆਪਣੀ ਬੇਟੀ ਗਗਨ ਅਤੇ ਪੋਤੀ ਸੌਗਾਤ ਨੂੰ ਨਾਨਕਿਆਂ ਲਈ ਵਿਦਾ ਕਰਨ ਸਮੇਂ ਮੇਰੀਆਂ ਭੁੱਬਾਂ ਨਿਕਲ ਗਈਆਂ।ਕਈ ਦਿਨਾਂ ਤੋਂ ਉਸਦੇ ਜਾਣ ਦਾ ਸੁਣ ਕੇ ਮੇਰਾ ਦਿਲ ਘਟ ਰਿਹਾ ਸੀ। ਪਰ ਉਸ ਦੀ ਤਿਆਰੀ ਨੂੰ ਵੇਖ ਕੇ ਅੱਖਾਂ ਵਿਚਲਾ ਸਮੁੰਦਰ ਬਾਹਰ ਨੂੰ ਬਹਿ ਤੁਰਿਆ।
ਸੌਗਾਤ ਦੇ ਜਾਣ ਦੇ ਮੌਕੇ ਤੇ ਉਸਦੀ ਨਾਨੀ ਅਤੇ ਦਾਦੀ ਦੀ ਹਾਜ਼ਰੀ ਵਿੱਚ ਚਾਚੂ ਨਵਗੀਤ ਨੇ ਕੇਕ ਕਟਵਾਇਆ। ਪਰ ਉਸਦੀਆਂ ਅੱਖਾਂ ਵਿਚਲੇ ਹੰਝੂ ਵੀ ਕਿਸੇ ਤੋਂ ਛੁਪ ਨਾ ਸਕੇ। ਬਦੋਬਦੀ ਉਸ ਸ਼ੇਰ ਦਿਲ ਦਾ ਸੀਨਾ ਵੀ ਮੋਮ ਵਾਂਗੂ ਪਿਘਲ ਗਿਆ। ਸੌਗ਼ਾਤ ਵੀ ਝੱਟ ਆਪਣੀ ਮੰਮੀ ਦੀ ਗੋਦੀ ਵਿਚ ਬੈਠਕੇ ਮਾਮੇ ਦੀ ਕਾਰ ਵਿੱਚ ਚਲੀ ਗਈ। ਤੇ ਮੇਰੇ ਚੇਹਰੇ ਦੀ ਲਾਲੀ ਨੂੰ ਗਾਇਬ ਕਰ ਗਈ।
ਗਏ ਵਿਚਾਰੇ ਰੋਜੜੇ।
ਰਹਿ ਗਏ ਨੌਂ ਤੇ ਵੀਹ।।
#ਰਮੇਸ਼ਸੇਠੀਬਾਦਲ