ਅਸਲੀ ਮਾਵਾਂ | asli maava

ਮਾਂ ਸਿਰਫ਼ ਇੱਕ ਸ਼ਬਦ ਹੀ ਨਹੀਂ ਹੈ। ਇਹ ਇੱਕ ਅਹਿਸਾਸ ਵੀ ਹੈ। ਬੱਚੇ ਦਾ ਬਚਪਨ ਤੋਂ ਸੰਬੰਧ ਜਿੱਥੇ ਮਾਂ ਦੇ ਲਹੂ ਨਾਲ਼ ਹੁੰਦਾ ਹੈ, ਉਥੇ ਹੀ ਮਾਂ ਦੀਆਂ ਆਂਦਰਾਂ ਨਾਲ਼ ਵੀ ਬੱਚੇ ਦਾ ਬਹੁਤ ਜੁੜਾਵ ਹੁੰਦਾ ਹੈ। ਮਾਂ ਦੀਆਂ ਆਂਦਰਾਂ ਨਾਲ਼ ਸਾਂਝ ਕਰਕੇ ਹੀ ਮਾਂ ਆਪਣੇ ਬੱਚੇ ਦੇ ਹਰ ਦੁੱਖ ਸੁੱਖ ਨੂੰ ਝੱਟ ਹੀ ਪਹਿਚਾਣ ਲੈਂਦੀ ਹੈ। ਬੱਚਾ ਕੀ ਚਾਹੁੰਦਾ ਹੈ? ਉਸ ਦੇ ਕੀ ਹਾਵ ਭਾਵ ਹਨ? ਇਹ ਸਾਰਾ ਕੁਝ ਮਾਂ ਤੋਂ ਵੱਧ ਕੋਈ ਹੋਰ ਜਾਣ ਨਹੀਂ ਸਕਦਾ।
ਬੱਚਾ ਭਾਵੇਂ ਕਿਤੇ ਵੀ ਹੋਵੇ.. ਮਾਂ ਦੀ ਖਿੱਚ ਉਸ ਵਿੱਚ ਰਹਿੰਦੀ ਹੈ। ਮਾਂ ਆਪਣੇ ਬੱਚੇ ਲਈ ਦਿਨ-ਰਾਤ ਦੁਆਵਾਂ ਮੰਗਦੀ ਹੈ। ਉਸ ਦੇ ਚੰਗੇ ਭਵਿੱਖ ਲਈ ਉਸਨੂੰ ਝਿੜਕਦੀ ਅਤੇ ਸੁਧਾਰਦੀ ਵੀ ਹੈ। ਆਪ ਜਿੰਨਾ ਮਰਜ਼ੀ ਆਪਣੇ ਬੱਚੇ ਨੂੰ ਝਿੜਕ ਲਵੇ, ਪਰ ਜੇਕਰ ਕੋਈ ਕੁਝ ਕਹਿ ਦੇਵੇ ਤਾਂ ਉਸ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਆਪਣੇ ਵਜੂਦ ਨੂੰ ਭੁੱਲ ਕੇ ਬੱਚੇ ਦੀ ਜ਼ਿੰਦਗੀ ਨੂੰ ਸੰਵਾਰਨ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੀ ਮਾਂ.. ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ ਹੁੰਦੀ। ਆਸ ਦੀ ਨਵੀਂ ਕਿਰਨ ਨਾਲ਼ ਜ਼ਿੰਦਗੀ ਵਿੱਚ ਅੱਗੇ ਵਧਦੀ ਹੈ ਅਤੇ ਆਪਣੀ ਜ਼ਿੰਦਗੀ ਨੂੰ ਫਿਰ ਆਪਣੇ ਬੱਚੇ ਵਿੱਚੋਂ ਦੇਖਦੀ ਅਤੇ ਮਾਣਦੀ ਹੈ। ਉਸ ਦੀ ਤਰੱਕੀ ਵਿੱਚੋਂ ਆਪਣੀ ਤਰੱਕੀ ਦੇਖਦੀ ਹੈ।
ਬੱਚੇ ਦੇ ਮੂੰਹ ਚੋਂ ਨਿਕਲੀ ਕਿਸੇ ਚੀਜ਼ ਦੀ ਮੰਗ ਨੂੰ ਪੂਰਾ ਕਰਨ ਲਈ ਮਾਂ ਆਪਣੀ ਜੀਅ ਜਾਨ ਲਗਾ ਦਿੰਦੀ ਹੈ। ਮਾਂ ਜੋ ਚਾਹੇ ਆਪਣੇ ਬੱਚੇ ਨੂੰ ਬਣਾ ਸਕਦੀ ਹੈ। ਮਾਂ ਦੁਆਰਾ ਕੀਤੀ ਗਈ ਚੰਗੀ ਪਰਵਰਿਸ਼ ਬੱਚੇ ਦੇ ਭਵਿੱਖ ਨੂੰ ਸੰਵਾਰ ਦਿੰਦੀ ਹੈ। ਮਾਂ ਦਾ ਗੁਣਗਾਨ ਇਹਨਾਂ ਲਫਜ਼ਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਮਾਂ ਆਪਾ ਵਾਰ ਕੇ ਵੀ ਬੱਚੇ ਦੇ ਭਲੇ ਬਾਰੇ ਹੀ ਸੋਚਦੀ ਹੈ। ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਰੀਝਾਂ ਨੂੰ ਪੂਰਿਆਂ ਕਰਦੀ, ਆਪਣੀ ਜ਼ਿੰਦਗੀ ਨੂੰ ਭੁੱਲ ਹੀ ਜਾਂਦੀ ਹੈ। ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਅਤੇ ਖਵਾਹਿਸ਼ਾਂ ਨੂੰ ਪਾਸੇ ਰੱਖ ਕੇ ਸਿਰਫ਼ ਤੇ ਸਿਰਫ਼ ਬੱਚੇ ‘ਤੇ ਪੂਰਾ ਧਿਆਨ ਦਿੰਦੀ ਹੈ।
ਅੱਜ ਦੇ ਪਦਾਰਥਵਾਦੀ ਅਤੇ ਮਤਲਬੀ ਯੁੱਗ ਵਿੱਚ ਕਈ ਅਜਿਹੀਆਂ ਮਾਵਾਂ ਵੀ ਵੇਖੀਆਂ ਜਾਂਦੀਆਂ ਹਨ ਜੋ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੀ ਮਨ ਮਰਜ਼ੀ ਦੀ ਜ਼ਿੰਦਗੀ ਵੱਲ ਚਲੀਆਂ ਜਾਂਦੀਆਂ ਹਨ। ਮੇਰੇ ਅਨੁਸਾਰ ਬੱਚੇ ਨੂੰ ਪੈਂਦਾ ਕਰਕੇ ਹੀ ਇੱਕ ਮਾਂ ਨਹੀਂ ਅਖਵਾਇਆ ਜਾ ਸਕਦਾ। ਦੁਨੀਆਂ ਉੱਤੇ ਕਈ ਅਜਿਹੀਆਂ ਮਾਵਾਂ ਵੀ ਹਨ..ਜਿਨਾਂ ਦੇ ਬੇਸ਼ੱਕ ਆਪਣੇ ਬੱਚੇ ਨਹੀਂ ਹਨ, ਪਰ ਉਹਨਾਂ ਨੇ ਦੂਜਿਆਂ ਦੇ ਬੱਚਿਆਂ ਨੂੰ ਅਜਿਹੇ ਪਿਆਰ, ਮੁਹੱਬਤ, ਸਲੀਕੇ ਅਤੇ ਜਿੰਦਾਦਲੀ ਨਾਲ਼ ਅਪਣਾ ਕੇ ਪਰਵਰਿਸ਼ ਕੀਤੀ ਹੈ ਕਿ ਉਹ ਸਮਾਜ ਦੇ ਚੰਗੇ ਨਾਗਰਿਕ ਉਭਰ ਕੇ ਸਾਹਮਣੇ ਆਏ ਹਨ। ਉਹਨਾਂ ਬੱਚਿਆਂ ਨੂੰ ਕਦੀ ਮਹਿਸੂਸ ਹੀ ਨਹੀਂ ਹੋਇਆ ਕਿ ਇਹ ਉਹਨਾਂ ਦੀ ਉਹ ਮਾਂ ਨਹੀਂ ਹੈ.. ਜਿਸ ਨੇ ਜਨਮ ਨਹੀਂ ਦਿੱਤਾ।
ਪਾਲਣ ਪੋਸ਼ਣ ਵਾਲੀਆਂ ਮਾਵਾਂ ਵੀ ਦੁਨੀਆਂ ਉੱਤੇ ਬਹੁਤ ਹਨ ਅਤੇ ਦੂਜੇ ਪਾਸੇ ਕਈ ਅਜਿਹੀਆਂ ਮਾਵਾਂ ਵੀ ਹਨ ਜਿਨਾਂ ਨੇ ਆਪਣੀ ਕੁੱਖ ਚੋਂ ਬੱਚਾ ਤਾਂ ਪੈਦਾ ਕਰ ਲਿਆ, ਪਰ ਉਸ ਨੂੰ ਸਮਾਜ ਵਿੱਚ ਉਸ ਕਾਬਲ ਨਹੀਂ ਬਣਾਇਆ ਜਿਸ ਕਾਬਲ ਉਹ ਬਣਾ ਸਕਦੀਆ ਸਨ। ਮਾਂ ਹੋਣ ਦੇ ਅਸਲੀ ਮਹੱਤਵ ਨੂੰ ਸਮਝਣ ਦੀ ਜ਼ਰੂਰਤ ਹੈ। ਜਿੱਥੇ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਸਮਝਣ ਦੀ ਜ਼ਰੂਰਤ ਹੈ, ਉਥੇ ਅੱਜ ਸਮੇਂ ਦੀ ਜ਼ਰੂਰਤ ਹੈ ਕਿ ਮਾਵਾਂ ਵੀ ਆਪਣੇ ਬੱਚਿਆਂ ਨੂੰ ਸਮਝਣ ਅਤੇ ਉਹਨਾਂ ਨੂੰ ਚੰਗੇ ਸੰਸਕਾਰਾਂ ਦੀ ਸਿੱਖਿਆ ਵੀ ਦੇਣ। ਮਾਂ ਦਾ ਸਥਾਨ ਬਹੁਤ ਉੱਚਾ ਹੈ। ਬੱਚੇ ਦਾ ਬੋਲਚਾਲ ਉਸਦੇ ਤੌਰ ਤਰੀਕੇ ਉਸਦਾ ਢੰਗ ਇਹ ਦੱਸ ਦਿੰਦਾ ਹੈ ਕਿ ਉਸਦੀ ਪਰਵਰਿਸ਼ ਕਿਹੋ ਜਿਹੀ ਸੋਚ ਅਤੇ ਹੱਥਾਂ ਵਿੱਚ ਹੋਈ ਹੈ।
ਬੱਚਿਆਂ ਨੂੰ ਆਪਣੀ ਮਾਂ ਦੀ ਕਦਰ ਕਰਨੀ ਚਾਹੀਦੀ ਹੈ। ਪਰ ਕਦਰ ਕਰਨ ਦੇ ਕਾਬਲ ਬਣਾਉਣ ਲਈ ਮਾਵਾਂ ਨੂੰ ਹੀ ਮਿਹਨਤ ਮਾਰਨੀ ਪੈਂਦੀ ਹੈ। ਆਓ ਦੋਸਤੋ..! ਇਸ ਮਾਂ ਦਿਵਸ ਦੇ ਉੱਤੇ ਆਪਣੀ ਮਾਂ ਨੂੰ ਇਹ ਅਹਿਸਾਸ ਦਿਵਾਈਏ ਕਿ ਉਸ ਦੁਆਰਾ ਦਿੱਤੀ ਹੋਈ ਸਿੱਖਿਆ ਅਸੀਂ ਆਪਣੀ ਜ਼ਿੰਦਗੀ ਵਿੱਚ ਵੀ ਧਾਰਨ ਕਰਨੀ ਹੈ ਅਤੇ ਕਦੀ ਵੀ ਅਜਿਹਾ ਕੰਮ ਨਹੀਂ ਕਰਾਂਗੇ ਜਿਸ ਨਾਲ਼ ਸਾਡੀ ਮਾਂ ਦਾ ਸਿਰ ਸ਼ਰਮ ਨਾਲ਼ ਝੁੱਕ ਜਾਏ। ਦੋਹਾਂ ਪਾਸੇ ਦਾ ਪਰਸਪਰ ਪਿਆਰ ਹੀ ਰਿਸ਼ਤਿਆਂ ਨੂੰ ਨਿੱਘ ਅਤੇ ਆਪਣਾਪਨ ਦੇ ਸਕਦਾ ਹੈ। ਮਾਂ ਦਾ ਦਰਜਾ ਰੱਬ ਦੇ ਸਮਾਨ ਹੈ। ਜਿੱਥੇ ਮਾਂ ਦੀ ਪੂਜਾ ਕਰਨੀ ਬਣਦੀ ਹੈ, ਉਥੇ ਮਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਜ਼ਰੂਰ ਦੇਵੇਂ। ਸਦਾ ਖੁਸ਼ ਰਹੋ, ਹੱਸਦੇ-ਵਸਦੇ ਰਹੋ ਪਿਆਰਿਓ!! ਢੇਰ ਸਾਰੀਆਂ ਦੁਆਵਾਂ ਦੇ ਨਾਲ ਸਾਰੀਆਂ ਮਾਵਾਂ ਨੂੰ ਮਾਂ ਦਿਵਸ ਦੀ ਬਹੁਤ ਬਹੁਤ ਵਧਾਈ ਹੋਵੇ।
ਪਰਵੀਨ ਕੌਰ ਸਿੱਧੂ
8146536200

Leave a Reply

Your email address will not be published. Required fields are marked *