ਸਾਡੇ ਪਿੰਡ ਵਾਲੇ ਸਾਂਝੇ ਘਰ ਯਾਨੀ ਪੁਰਾਣੇ ਘਰ ਕੋਲ ਮੇਰੇ ਦਾਦਾ ਜੀ ਦੀ ਹੱਟੀ ਕੋਲ ਬਾਬੇ ਭੂੰਡੀ ਕ਼ਾ ਘਰ ਸੀ। ਬਾਬਾ ਵਰਿਆਮ ਓਹਨਾ ਦਾ ਵੱਡਾ ਭਰਾ ਸੀ। ਉਹ ਪੰਜ ਛੇ ਭਰਾ ਸਨ ਤੇ ਇੱਕ ਵਿਆਹਿਆ ਸੀ ਬਾਕੀ ਸਭ ਛੜੇ। ਨਸ਼ਾ ਪੱਤਾ ਵਾਧੂ ਕਰਦੇ ਸਨ। ਘਰੇ ਭੰਗ ਭੁਜਦੀ ਸੀ। ਸੋ ਓਹਨਾ ਦੀ ਆਪਿਸ ਵਿਚ ਨਿੱਤ ਲੜ੍ਹਾਈ ਮਾਰ ਕੁਟਾਈ ਹੁੰਦੀ ਰਹਿੰਦੀ ਸੀ। ਓਹਨਾ ਨੂੰ ਸਾਰੇ ਅਮਲੀ ਆਖਦੇ ਸਨ। ਕੰਮ ਕੋਈ ਨਹੀਂ ਸੀ ਕਰਦੇ। ਬਾਬੇ ਵਰਿਆਮ ਨੇ ਇੱਕ ਝੋਟਾ ਪਾਲਿਆ ਹੋਇਆ ਸੀ। ਕਦੇ ਕਦੇ ਕੋਈ ਮੱਝ ਲੈ ਆਉਂਦਾ ਬਾਬੇ ਦੇ ਨਸ਼ੇ ਦਾ ਜਗਾੜ ਹੋ ਜਾਂਦਾ। ਅਮਲੀਆਂ ਘਰੇ ਪੁਲਸ ਵੀ ਆਉਂਦੀ। ਵੱਡੀ ਵਾਰਦਾਤ ਵੇਲੇ ਥਾਣੇਦਾਰ ਜੀਪ ਤੇ ਆਉਂਦਾ ਪਰ ਛੋਟੇ ਕੇਸਾਂ ਵੇਲੇ ਸਿਪਾਹੀ ਹੀ ਆਉਂਦੇ ਸਾਈਕਲਾਂ ਤੇ ਹੱਥ ਵਿਚ ਬੈਤ ਵਾਲੇ ਡੰਡੇ ਫੜਕੇ।
ਮੈਂ ਛੋਟਾ ਜਿਹਾ ਸੀ ਸ਼ਾਇਦ ਦੂਜੀ ਤੀਜੀ ਵਿੱਚ ਪੜ੍ਹਦਾ ਸੀ ਯ ਇਸ ਤੋਂ ਵੀ ਛੋਟਾ। ਓਹਨਾ ਘਰੇ ਆਈ ਪੁਲਸ ਵੇਖਣ ਚਲਾ ਗਿਆ।
ਤੁਸੀਂ ਕੌਣ ਹੋ। ਮੈਂ ਇੱਕ ਸਿਪਾਹੀ ਨੂੰ ਪੁੱਛਿਆ।
ਅਸੀਂ ਪੁਲਸ ਹਾਂ। ਤੂੰ ਕੌਣ ਹੈ? ਉਸ ਨੇ ਉਲਟਾ ਕੇ ਮੈਨੂੰ ਪੁੱਛਿਆ ।
ਮੈਂ ਡੀ ਸੀ ਹਾਂ। ਮੈਂ ਦੱਸਿਆ ਕਿਉਂਕਿ ਮੇਰਾ ਲਾਡ ਦਾ ਨਾਮ ਡੀ ਸੀ ਹੀ ਸੀ।
ਜੇ ਤੂੰ ਡੀ ਸੀ ਹੈ ਤਾਂ ਆਪਣੇ ਜ਼ਿਲੇ ਵਿੱਚ ਜ਼ਾ। ਉਸ ਨੇ ਹਸਕੇ ਕਿਹਾ।
ਤੁਸੀਂ ਵੀ ਪੁਲਸ ਹੋ ਤਾਂ ਆਪਣੇ ਠਾਣੇ ਚ ਜਾਓ। ਮੈਨੂੰ ਇੱਕ ਦਮ ਉਤਰ ਔੜ ਗਿਆ। ਤੇ ਉਹ ਮੇਰਾ ਜਬਾਬ ਸੁਣਕੇ ਹੱਸ ਪਏ।
ਉਹ ਸਿਪਾਹੀ ਮੇਰੀ ਉਂਗਲ ਫੜਕੇ ਮੈਨੂੰ ਮੇਰੇ ਦਾਦਾ ਜੀ ਕੋਲ ਲੈ ਆਇਆ
ਸੇਠਾ ਇਹ ਤੁਹਾਡਾ ਪੋਤਰਾ ਹੈ। ਬੜਾ ਤੇਜ਼ ਹੈ। ਠਾਹ ਠਾਹ ਜਬਾਬ ਦਿੰਦਾ ਹੈ। ਓਹਨਾ ਵੇਲਿਆਂ ਵਿੱਚ ਲ਼ੋਕ ਸਿਪਾਹੀ ਤੋਂ ਹੀ ਡਰਦੇ ਸਨ।
ਮੇਰੇ ਦਾਦਾ ਜੀ ਹੱਸ ਪਏ। ਸਿਪਾਹੀ ਪਾਣੀ ਦਾ ਗਿਲਾਸ ਪੀਕੇ ਚਲਾ ਗਿਆ। ਕਈ ਸਾਲ ਮੇਰੀ ਮਾਂ ਮੇਰਾ ਇਹ ਕਿੱਸਾ ਰਿਸ਼ਤੇਦਾਰਾਂ ਨੂੰ ਸੁਣਾ ਕੇ ਮੇਰੀ ਵਡਿਆਈ ਕਰਦੀ ਰਹੀ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ