“ਅੰਟੀ ਅੱਜ ਕੱਲ੍ਹ ਸਾਡੇ ਲੋਕਾਂ ਦੀਆਂ ਮੰਗਾਂ ਵੀ ਬਹੁਤ ਵੱਧ ਗਈਆਂ ਹਨ।” ਸਾਡੇ ਘਰ ਦੀ ਕੁੱਕ ਅੱਜ ਮੈਡਮ ਨਾਲ ਗੱਲ ਕਰ ਰਹੀ ਸੀ। ਅਜੇ ਕੱਲ੍ਹ ਹੀ ਉਸਦੇ ਮੁੰਡੇ ਨੂੰ ਵੇਖਣ ਆਏ ਸਨ ਤੇ ਨਾਲ ਹੀ ਲੜਕੀ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ।
“ਅੰਟੀ ਉਹਨਾਂ ਨੇ ਲੜਕੀ ਦੀ ਫੋਟੋ ਸਾਨੂੰ ਦਿਖਾਈ ਪਰ ਮੇਰੇ ਮੁੰਡੇ ਨੂੰ ਫੋਟੋ ਪਸੰਦ ਨਹੀਂ ਆਈ। ਪਰ ਜੋ ਲੜਕਾ ਅਸੀਂ ਆਪਣੀ ਲੜਕੀ ਲਈ ਵੇਖਿਆ ਹੈ ਸਾਨੂੰ ਪਸੰਦ ਤਾਂ ਆ ਗਿਆ ਪਰ ਓਹ ਕਾਰ ਮੰਗਦੇ ਹਨ।” ਉਸਨੇ ਆਪਣਾ ਝੋਰਾ ਕੀਤਾ।
“ਕਾਰ, ਕਾਰ ਨੂੰ ਮੁੰਡਾ ਕੀ ਕਰਦਾ ਹੈ।” ਮੈਡਮ ਨੇ ਹੈਰਾਨ ਹੁੰਦੀ ਨੇ ਪੁੱਛਿਆ।
“ਹਾਂ ਅੰਟੀ ਮੁੰਡਾ ਪ੍ਰਾਈਵੇਟ ਨੌਕਰੀ ਕਰਦਾ ਹੈ। ਨੌਕਰੀ ਸਰਕਾਰੀ ਹੁੰਦੀ ਤਾਂ ਕਾਰ ਵੀ ਦਿੱਤੀ ਜਾਂਦੀ।” ਉਸਨੇ ਦਿਲ ਦੀ ਗੱਲ ਕਹੀ। ਕਾਰ ਦਾ ਸੁਣ ਕੇ ਮੈਡਮ ਨੂੰ ਯਕੀਨ ਜਿਹਾ ਨਾ ਆਇਆ।
“ਅੰਟੀ ਮੇਰੀ ਕੁੜੀ ਨੇ ਪੀਟੈਟ ਪਾਸ ਕਰ ਲਿਆ ਹੈ। ਉਹ ਟੀਚਰ ਲੱਗ ਜਾਵੇਗੀ। ਕੋਈਂ ਟੀਚਰ ਮੁੰਡਾ ਲੱਭ ਲਵਾਂਗੇ। ਕੋਈਂ ਨਾ ਕੋਈਂ ਬਿਰਾਦਰੀ ਦਾ ਮਿਲ ਜਾਵੇਗਾ। ਉਥੇ ਕਾਰ ਦੇਣੀ ਕੋਈਂ ਔਖੀ ਵੀ ਨਹੀਂ।” ਰੋਟੀਆਂ ਪਕਾਉਂਦੀ ਹੋਈ ਉਹ ਘਰ ਦੇ ਦੁੱਖ ਸੁੱਖ ਮੈਡਮ ਨਾਲ ਸਾਂਝੇ ਕਰ ਰਹੀ ਸੀ। ਮਾਲੀ ਬਿਰਾਦਰੀ ਦੀ ਕੁੱਕ ਦੋ ਤਿੰਨ ਘਰਾਂ ਦੇ ਕੰਮ ਕਰਦੀ ਹੈ। ਉਸਦੇ ਘਰਵਾਲਾ ਕਿਸੇ ਫੈਕਟਰੀ ਵਿੱਚ ਲੇਬਰ ਕਰਦਾ ਹੈ ਤੇ ਬੀਏ ਪਾਸ ਮੁੰਡਾ ਸਕਿਊਰਿਟੀ ਗਾਰਡ ਹੈ। ਘਰੇ ਏਸੀ ਤੇ ਐਕਟਿਵਾ ਹੈ। ਡੇਢ ਸੋ ਗੱਜ ਦਾ ਆਪਣਾ ਮਕਾਨ ਹੈ। ਇਹ ਕੋਈਂ ਦਸ ਪੰਦਰਾਂ ਸਾਲ ਪਹਿਲਾਂ ਬਿਹਾਰ ਤੋਂ ਆਏ ਸਨ। ਸਾਰਾ ਟੱਬਰ ਮੇਹਨਤ ਕਰਦਾ ਹੈ। ਅੱਜ ਵਧੀਆ ਸੈੱਟ ਹਨ।
ਆਪਣੇ ਡਰਾਇੰਗ ਰੂਮ ਵਿੱਚ ਬੈਠਾ ਮੈਂ ਦੋਨਾਂ ਦੀ ਇਹ ਵਾਰਤਾ ਸੁਣ ਰਿਹਾ ਸੀ ਕਿ ਅਚਾਨਕ ਆਸਟਰੇਲੀਆ ਤੋਂ ਵੱਡੇ ਬੇਟੇ ਦਾ ਫੋਨ ਆ ਗਿਆ। ਉਹ ਆਪਣੀਆਂ ਗੱਲਾਂ ਦੱਸਣ ਲੱਗਿਆ। ਮੈਂ ਉਸਨੂੰ ਕੰਮ, ਸ਼ਿਫਟਾਂ ਬਾਰੇ ਪੁੱਛਣ ਲੱਗਿਆ।ਉਹ ਔਡੀ ਫਰਾਰੀ ਦੀਆਂ ਗੱਲਾਂ ਕਰ ਰਿਹਾ ਸੀ।
ਸਮਝ ਨਹੀਂ ਆਈ ਇਹ ਦੁਨੀਆ ਕਿੱਧਰ ਨੂੰ ਜਾ ਰਹੀ ਹੈ। ਇਹ ਮੇਹਨਤ ਦੀਆਂ ਖੇਡਾਂ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ