ਹਰ ਪਰਿਵਾਰ ਦਾ ਕੋਈ ਨਾ ਕੋਈ ਫੈਮਿਲੀ ਡਾਕਟਰ ਹੁੰਦਾ ਹੈ। ਜੋ ਹਰ ਛੋਟੀ ਵੱਡੀ ਜਰੂਰਤ ਸਮੇ ਆਪਣੀ ਦਵਾਈ ਤੇ ਸਲਾਹ ਦਿੰਦਾ ਹੈ। ਡਾਕਟਰ Mahesh Bansal ਸਾਡੇ ਹੀ ਨਹੀਂ ਸੈਂਕੜੇ ਪਰਿਵਾਰਾਂ ਦੇ ਫੈਮਿਲੀ ਡਾਕਟਰ ਹਨ ਤੇ ਮੇਰੇ ਪਰਮ ਮਿੱਤਰ ਵੀ ਹਨ। ਅੱਸੀ ਦੇ ਦਹਾਕੇ ਤੋਂ ਹੀ ਸਾਡੇ ਪਰਿਵਾਰਿਕ ਸਬੰਧ ਹਨ। ਸਾਡੇ ਪਰਿਵਾਰ ਦੇ ਤਕਰੀਬਨ ਸਾਰੇ ਜੀਅ ਉਸ ਨੂੰ ਮਹੇਸ਼ ਯ ਡਾਕਟਰ ਮਹੇਸ਼ ਹੀ ਕਹਿੰਦੇ ਹਨ। ਮੇਰੇ ਪਾਪਾ ਤੇ ਮੰਮੀ ਵੀ ਹਮੇਸ਼ਾ ਡਾਕਟਰ ਮਹੇਸ਼ ਹੀ ਕਹਿੰਦੇ ਸਨ। ਪਰ ਡਾਕਟਰ ਸਾਹਿਬ ਦੇ ਕੁਝ ਕ਼ੁ ਦੋਸਤ ਤੇ ਬਜ਼ੁਰਗ ਰਿਸ਼ਤੇਦਾਰ ਪਿਆਰ ਨਾਲ ਮੇਸ਼ੀ ਵੀ ਕਹਿ ਦਿੰਦੇ ਹਨ। ਉਹਨਾਂ ਬਜ਼ੁਰਗਾਂ ਦੀ ਰੀਸ ਨਾਲ ਉਹਨਾਂ ਦੇ ਬੱਚੇ ਵੀ ਕਈ ਵਾਰੀ ਅਧੂਰਾ ਨਾਮ ਲ਼ੈ ਕੇ ਬੁਲਾਉਂਦੇ ਹਨ। ਇੱਕ ਵਾਰੀ ਰਾਤੀ ਨੌ ਕ਼ੁ ਵਜੇ ਮੇਰੇ ਮੰਮੀ ਜੀ ਦੀ ਤਬੀਅਤ ਖਰਾਬ ਹੋ ਗਈ। ਪਾਪਾ ਜੀ ਦੇ ਕਹਿਣ ਤੇ ਮੈਂ ਡਾਕਟਰ ਸਾਹਿਬ ਨੂੰ ਬੁਲਾਉਣ ਓਹਨਾ ਦੇ ਘਰ ਚਲਾ ਗਿਆ। ਡਾਕਟਰ ਸਾਹਿਬ ਦੀ ਮੈਡਮ ਨੇ ਦੱਸਿਆ ਕਿ ਡਾਕਟਰ ਸਾਹਿਬ ਅੱਜ ਮਿੱਤਲਾਂ ਦੇ ਘਰ ਗਏ ਹਨ ਕਿਉਂਕਿ ਕੱਲ੍ਹ ਨੂੰ ਉਹਨਾਂ ਦੇ ਬੇਟੇ ਦਾ ਵਿਆਹ ਹੈ। ਮਿੱਤਲਾਂ ਦਾ ਘਰ ਰਸਤੇ ਵਿੱਚ ਹੀ ਸੀ।
“ਯਾਰ ਡਾਕਟਰ ਮਹੇਸ਼ ਅੰਦਰ ਹਨ ਉਹਨਾਂ ਨੂੰ ਇੱਕ ਵਾਰ ਬਾਹਰ ਬੁਲਾ ਦਿਓਂ।” ਗਲੀ ਵਿਚ ਖੜੇ ਮਿੱਤਲ ਸਾਹਿਬ ਦੇ ਦੂਸਰੇ ਬੇਟੇ ਨੂੰ ਮੈਂ ਕਿਹਾ।
“ਸਰ ਜੀ ਡਾਕਟਰ ਸਾਹਿਬ ਅੰਦਰ ਨਹੀਂ ਹਨ। ਹਾਂ ਮੇਸ਼ੀ ਚਾਚਾ ਜੀ ਜਰੂਰ ਅੰਦਰ ਬੈਠੇ ਹਨ। ਪਰ ਓਹ ਤੁਹਾਨੂੰ ਮਿਲ ਨਹੀਂ ਸਕਦੇ।” ਉਸਨੇ ਬੜੀ ਚਲਾਕੀ ਜਿਹੀ ਨਾਲ ਜਬਾਬ ਦਿੱਤਾ ਨਾਲੇ ਉਹ ਹੱਸ ਪਿਆ। ਮੇਰੇ ਗੱਲ ਪੱਲੇ ਨਾ ਪਈ। ਇਹ ਵਾਕ ਦੋ ਤਿੰਨ ਵਾਰੀ ਦੁਹਰਾਇਆ ਗਿਆ।
ਕਾਫੀ ਦੇਰ ਬਾਅਦ ਮੈਨੂੰ ਪਤਾ ਚੱਲਿਆ ਕਿ ਡਾਕਟਰ ਸਾਹਿਬ ਇੱਕ ਸ਼ਕਤੀ ਵਾਟਰ ਪੀਣ ਵਾਲੀ ਮਹਿਫਿਲ ਦਾ ਹਿੱਸਾ ਸਨ। ਤੇ ਉਸ ਸਮੇਂ ਉਹ ਡਾਕਟਰ ਨਹੀਂ ਸਿਰਫ ਮੇਸ਼ੀ ਚਾਚਾ ਹੀ ਸਨ। ਮੇਰੇ ਜੋਰ ਦੇਣ ਤੇ ਉਸ ਨੇ ਆਪਣੇ ਮੇਸ਼ੀ ਚਾਚੇ ਨੂੰ ਬਾਹਰ ਬੁਲਾਇਆ ਜਿਸ ਨੇ ਡਾਕਟਰ ਮਹੇਸ਼ ਬਾਂਸਲ ਬਣ ਕੇ ਮੈਨੂੰ ਦਵਾਈ ਦਿੱਤੀ। ਭਾਵੇਂ ਉਸ ਲਈ ਉਹ ਮੇਸ਼ੀ ਚਾਚਾ ਸੀ ਪਰ ਮੇਰੇ ਲਈ ਉਸ ਸਮੇ ਉਹ ਡਾਕਟਰ ਮਹੇਸ਼ ਹੀ ਸ਼ੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ