ਮੇਰੀ ਸ਼ਰੀਕ ਏ ਹਯਾਤ ਨੂੰ ਉਸਦੀ ਜਨਮਦਾਤੀ ਬੀਜੀ ਪੂਰਨਾ ਦੇਵੀ ਨੇ ਇੱਕਲੀ ਕਲਾ ਤੇ ਸਿੱਖਿਆ ਦੀ ਗਰੈਜੂਏਸ਼ਨ ਹੀ ਨਹੀਂ ਕਰਾਈ ਸਗੋਂ ਆਪਣੇ ਪੂਰਨਿਆਂ ਤੇ ਚਲਦੀ ਨੇ ਹੀ ਪਾਕ ਕਲਾ ਦੀ ਇੰਟਰਨਸ਼ਿਪ ਵੀ ਆਪਣੀ ਦੇਖ ਰੇਖ ਵਿੱਚ ਦਿੱਤੀ। ਮੱਝ ਚੋਣ, ਤੰਦੂਰ ਤੇ ਰੋਟੀਆਂ ਲਾਉਣ, ਰਜਾਈ ਚ ਨਗੰਦੇ ਪਾਉਣ, ਮਲਾਈ ਤੋੰ ਮੱਖਣ ਬਣਾਉਣ ਪਾਟੇ ਨੂੰ ਸੀਣ ਅਤੇ ਰੁਸਿਆਂ ਨੂੰ ਮਨਾਉਣ ਦਾ ਸਿਲੇਬਸ ਵੀ ਪੂਰਾ ਕਰਵਾਇਆ। ਤੇ ਪੜ੍ਹਾਈ ਦੀ ਤਰਾਂ ਫਸਟ ਡਵੀਜਨ ਲੈਣ ਜੋਗੀ ਕਰ ਦਿੱਤਾ। ਬਸ ਮਾੜੀ ਜਿਹੀ ਕਸਰ ਚੱਟ ਪਟੀਆ ਸਬਜੀਆਂ ਬਣਾਉਣ ਦੀ ਸਿਖਲਾਈ ਦੇਣ ਦੀ ਰਹਿ ਗਈ। ਉਸਦਾ ਵੀ ਕਾਰਣ ਇਹ ਸੀ ਕਿ ਹਰ ਘਰ ਦਾ ਖਾਣ ਪੀਣ ਦਾ ਸਿਸਟਮ ਆਪਣਾ ਆਪਣਾ ਹੁੰਦਾ ਹੈ। ਇਧਰ ਮੇਰੀ ਮਾਂ ਨੂੰ ਪਰਿਵਾਰ ਦੇ ਹਰ ਜੀਅ ਦੇ ਟੇਸਟ ਦਾ ਪਤਾ ਸੀ। ਵੱਡੀ ਨੂੰਹ ਨੂੰ ਪਰਿਵਾਰ ਦੇ ਟੇਸਟ ਅਨੁਸਾਰ ਢਾਲਣਾ ਤੇ ਫਿਰ ਖੁਦ ਰਸੋਈ ਤੋੰ ਮੁਕਤੀ ਪਾਉਣਾ ਉਸਦੀ ਰੀਝ ਵੀ ਸੀ ਤੇ ਮਜਬੂਰੀ ਵੀ। ਸੋ ਸੱਸ ਵਾਲਾ ਲਬਾਦਾ ਉਤਰਾਦੇ ਹੋਏ ਉਸਨੇ ਮਾਂ ਬਣਕੇ ਇੰਟਰਨਸ਼ਿਪ ਦੀ ਦੂਸਰੀ ਪਾਰੀ ਸ਼ੁਰੂ ਕਰ ਦਿੱਤੀ। ਰਸੇ ਵਾਲੀ ਆਲੂ ਗੋਭੀ ਰਸੇ ਵਾਲੀਆਂ ਗਵਾਰੇ ਦੀਆਂ ਫਲੀਆਂ ,ਵੇਸਣ ਦੇ ਗੱਟੇ, ਗੁੜ ਦੀਆਂ ਸੇਵੀਆਂ ਤੇ ਰੱਜ ਕੇ ਰੋਟੀ ਖਾਣ ਤੋਂ ਬਾਦ ਮਿੱਠੀ ਚੂਰੀ ਦੀ ਫਰਮਾਇਸ਼ ਘਰ ਦੀ ਵੱਡੀ ਨੂੰਹ ਦੀ ਡਿਕਸ਼ਨਰੀ ਦੇ ਨਵੇ ਸ਼ਬਦ ਤੇ ਫਾਰਮੂਲੇ ਸਨ।ਉਹ ਸਰਕਾਰੀ ਨੌਕਰੀ ਦੇ ਘੰਟੇ ਪੂਰੇ ਕਰਦੀ ਹੋਈ ਜਲਦੀ ਹੀ ਕੜਸ਼ੀ ਦੀ ਕਰਾਮਾਤ ਸਿੱਖ ਗਈ। ਹੁਣ ਉਸਨੂੰ ਪਤਾ ਲਗ ਗਿਆ ਸੀ ਕਿ ਸ਼ਾਮੀ ਦਾਲ ਨਾਲ ਰੋਟੀ ਖਾਣ ਤੋਂ ਪਹਿਲਾਂ ਕਲਕਦੇ ਕਲਕਦੇ ਦੇਸੀ ਘਿਓ ਦੀ ਫਰਮਾਇਸ਼ ਆਉਣੀ ਹੀ ਹੈ। ਅੱਜ ਵੀ ਜਦੋ ਸਵੇਰੇ ਚਾਲੀ ਰੁਪਏ ਪਾਈਆ ਦੀਆਂ ਗਵਾਰੇ ਦੀਆਂ ਫਲੀਆਂ ਬਣਾਉਣੀਆਂ ਸ਼ੁਰੂ ਹੋਈਆਂ ਤਾਂ ਲਗਿਆ ਗਏ ਚਾਲੀ ਖੂਹ ਚ। ਪਰ ਰਸੇਦਾਰ ਫਲੀਆਂ ਖਾ ਕੇ ਨਜ਼ਾਰਾ ਆ ਗਿਆ। ਹੂ ਬ ਹੂ ਓਹੀ ਟੇਸਟ। ਸਵਾਦ। ਬਸ ਫਰਕ ਏਹੀ ਸੀ ਕਿ ਪਹਿਲਾਂ ਮੇਰੀ ਮਾਂ ਦੀ ਕਰਾਮਾਤ ਸੀ ਤੇ ਹੁਣ ਜੁਆਕਾਂ ਦੀ ਮਾਂ ਦੀ। ਬਸ ਮਾਂ ਦੇ ਹੱਥਾਂ ਦੀ ਉਹ ਮਹਿਕ ਨਹੀਂ ਸੀ। ਜਿਵੇ ਹਿੰਦੀ ਵਾਲੇ ਕਹਿੰਦੇ ਹਨ ਮੈਂ ਤੋਂ ਉਂਗਲੀਆਂ ਚਾਟਤਾ ਹੀ ਰਹਿ ਗਿਆ। ਸ਼ਾਮੀ ਦੋ ਰੋਟੀਆਂ ਹੋਰ ਰਗੜ ਗਿਆ। ਚਲੋ ਵਧੀਆ ਦੁਪਹਿਰੀਆ ਹੋ ਗਿਆ। ਫਲੀਆਂ ਵਿਚ ਚਿੱਬੜ ਕੱਚਰ ਵੀ ਉਸਨੂੰ ਸਵਾਦੀ ਬਣਾਉਣ ਵਿਚ ਸਹਾਈ ਹੁੰਦੇ ਹਨ।
#ਰਮੇਸ਼ਸੇਠੀਬਾਦਲ