1974 ਦੇ ਲਾਗੇ ਸ਼ਾਗੇ ਅਸੀਂ ਇੱਕ ਬਰਾਤ ਨਾਲ ਫਤੇਹਾਬਾਦ ਗਏ। ਰਿਸ਼ਤਾ ਮੇਰੇ ਪਾਪਾ ਜੀ ਨੇ ਹੀ ਕਰਵਾਇਆ ਸੀ। ਮਤਲਬ ਪਾਪਾ ਜੀ ਵਿਚੋਲੇ ਸਨ। ਲੜਕੀ ਵਾਲੇ ਸਾਡੇ ਦੂਰ ਦੇ ਰਿਸ਼ਤੇਦਾਰ ਸਨ। ਤੇ ਮੁੰਡੇ ਵਾਲੇ ਮੇਰੇ ਵੱਡੇ ਮਾਸੜ ਜੀ ਦੀ ਭੈਣ ਦੇ ਪਰਿਵਾਰ ਵਿਚੋਂ ਸਨ। ਬਾਰਾਤ ਵਿੱਚ ਮੇਰੇ ਮਸੇਰ ਵੀ ਪਹੁੰਚੇ ਹੋਏ ਸਨ। ਉਹ ਨਵੇਂ ਨਵੇਂ ਅਮੀਰ ਬਣੇ ਸਨ ਤੇ ਮੈਂ ਅਜੇ ਪੈਂਡੂ ਹੀ ਸੀ। ਉਹ ਸਾਰੇ ਬੀਅਰ ਪੀ ਰਹੇ ਸਨ। ਮੈਂ ਬੀਅਰ ਬਾਰੇ ਪਹਿਲੀ ਵਾਰੀ ਸੁਣਿਆ ਸੀ ਕਿ ਇਹ ਜੋਂ ਦਾ ਪਾਣੀ ਹੁੰਦਾ ਹੈ। ਸ਼ਰਾਬ ਨਹੀਂ। ਇਸ ਵਿਚ ਨਸ਼ਾ ਨਹੀਂ ਹੁੰਦਾ। ਇਸ ਦੀ ਤਸੀਰ ਠੰਡੀ ਹੁੰਦੀ ਹੈ। ਮੈਂ ਮੇਰੇ ਛੋਟੇ ਮਾਮੇ ਨੂੰ ਬੀਅਰ ਪੀਣ ਲਈ ਮਨਾਇਆ। ਪਾਪਾ ਜੀ ਤੋਂ ਦਸ ਰੁਪਏ ਲੈ ਕੇ ਅਸੀਂ ਛੇ ਰੁਪਏ ਦੀ ਬੀਅਰ ਦੀ ਬੋਤਲ ਲਿਆਂਦੀ। ਪਹਿਲੇ ਘੁੱਟ ਦਾ ਸਵਾਦ ਮੈਨੂੰ ਬਕਬਕਾ ਜਿਹਾ ਲਗਿਆ ਤੇ ਮੈਂ ਦੂਸਰਾ ਘੁੱਟ ਨਾ ਭਰ ਸਕਿਆ। ਗਿਲਾਸ ਮੇਜ਼ ਤੇ ਰੱਖ ਦਿੱਤਾ। ਮੇਰੇ ਮਾਮਾ ਜੀ ਨੇ ਉਹ ਬੋਤਲ ਸ਼ੋਂਕ ਨਾਲ ਮੁਕਾਈ। ਮੇਰੇ ਮਸੇਰ ਚਾਰ ਚਾਰ ਬੋਤਲਾਂ ਡਕਾਰ ਚੁੱਕੇ ਸਨ। ਫਿਰ ਮੈਂ ਕਦੇ ਵੀ ਬੀਅਰ ਨਹੀਂ ਪੀਤੀ। ਹੁਣ ਮੈਂ ਇਸ ਗੱਲ ਦੀ ਸੋਂਹ ਨਹੀਂ ਖਾ ਸਕਦਾ ਕਿ ਮੈਂ ਕਦੇ ਬੀਅਰ ਪੀਤੀ ਨਹੀਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ