ਮੇਰਾ ਸੁਹਰਾ ਪਰਿਵਾਰ ਮਾਸਟਰਾਂ ਦਾ ਪਰਿਵਾਰ ਹੈ। ਸਾਰਿਆਂ ਨੂੰ ਬੋਲਣ ਦੀ ਤਹਿਜ਼ੀਬ ਹੈ। ਚਾਚਾ ਜੀ ਪਿਤਾ ਜੀ ਬੀਬੀ ਜੀ ਵੀਰ ਜੀ ਭੂਆ ਜੀ ਫੁਫੜ ਜੀ ਗੱਲ ਕੀ ਹਰ ਰਿਸ਼ਤੇ ਨਾਲ ਜੀ ਲਗਾਉਣ ਦੀ ਆਦਤ ਵੱਡਿਆਂ ਛੋਟਿਆਂ ਸਾਰਿਆਂ ਨੂੰ ਹੀ ਹੈ। ਸਾਡੇ ਇਧਰ ਪਟਵਾਰੀ ਖਾਨਦਾਨ। ਉਹ ਵੀ ਘੁਮਿਆਰੇ ਵਾਲੇ। ਸਿੱਧੀ ਬੋਲੀI ਭਾਪਾ ਬੀਬੀ ਭੂਆ ਫੁਫੜਾ ਮਾਸੜ ਵੀਰੇ। ਜੀ ਲਗਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜੀ ਲਾਏ ਤੋਂ ਰਿਸ਼ਤਾ ਓਪਰਾ ਜਿਹਾ ਲਗਦਾ ਹੈ। ਬੁਲਾਉਣ ਵਿਚ ਭੋਰਾ ਸਵਾਦ ਨਹੀਂ ਆਉਂਦਾ। ਅਪਣੱਤ ਜਿਹੀ ਖਤਮ ਹੋ ਜਾਂਦੀ ਹੈ ਜੀ ਲਾਉਣ ਨਾਲ। ਬਾਕੀ ਕਿਸੇ ਨੇ ਸਿਖਾਇਆ ਵੀ ਨਹੀਂ ਕਿ ਹਰ ਰਿਸ਼ਤੇ ਨਾਲ ਜੀ ਸ਼ਬਦ ਜਰੂਰ ਲਗਾਇਆ ਕਰੋ। ਸਾਡੇ ਭਾਣੇ ਤਾਂ ਜੀ ਸ਼ਬਦ ਮਾਸਟਰਾਂ ਭੈਣ ਜੀਆਂ ਦੇ ਲਾਉਣ ਲਈ ਹੀ ਬਣਿਆ ਹੈ।
ਵਿਆਹ ਤੋਂ ਕੁਝ ਦਿਨਾਂ ਬਾਅਦ ਮੇਰਾ ਚਾਚਾ ਸਾਡੇ ਘਰ ਆਇਆ। ਕੁਦਰਤੀ ਮੈਂ ਘਰੇ ਨਹੀਂ ਸੀ। ਉਹ ਪਾਪਾ ਜੀ ਕੋਲ ਗੱਲਾਂ ਮਾਰ ਕੇ ਚਲਾ ਗਿਆ। ਸ਼ਾਮੀ ਕਹਿੰਦੀ “ਅੱਜ ਚਾਚਾ ਜੀ ਆਏ ਸਨ।” ਵਗੈਰਾ ਵਗੈਰਾ। “ਮਖਿਆ ਉਹ ਗੋਨਿਆਣੇ ਤੋਂ ਕਿਵੇਂ ਆਏ ਸੀ।” ਮੈਂ ਸੋਚਿਆ ਬਈ ਇਸਦੇ ਕਸਤੂਰ ਚੰਦ ਚਾਚਾ ਜੀ ਆਏ ਹੋਣਗੇ। “ਕਹਿੰਦੀ ਨਹੀਂ ਇਥੋ ਆਲੇ। ਭਿੰਦੇ ਦੇ ਡੈਡੀ।” “ਉਹ ਹੋ ਫਿਰ ਸਿੱਧਾ ਕਿਉਂ ਨਹੀਂ ਕਹਿੰਦੀ ਕਿ ਚਾਚਾ ਮੰਗਲ ਆਇਆ ਸੀ। ਵੱਡੀ ਆਈ ਚਾਚਾ ਜੀ ਚਾਚਾ ਜੀ ਕਹਿਣ ਵਾਲੀ। ਤੂੰ ਗੋਨਿਆਣੇ ਵਾਲਿਆਂ ਨਾਲ ਜੀ ਲਾ ਲਿਆ ਕਰ ।” ਇਧਰਲਿਆਂ ਨੂੰ ਸਿੱਧਾ ਚਾਚਾ ਮੰਗਲ, ਭੂਆਂ ਮਾਇਆ ਭੂਆਂ ਸਰੁਸਤੀ ਆਖ ਦਿਆ ਕਰ। ਐਵੇਂ ਕੰਨ ਫੂਇਜ ਕਰੀ ਜਾਂਦੀ ਹੈ।
ਉਸਤੋਂ ਬਾਅਦ ਸਾਡਾ ਪੱਕਾ ਫੈਸਲਾ ਹੋ ਗਿਆ। ਕਿ “ਜੀ” ਸ਼ਬਦ ਮਹਿਮੇ ਆਲਿਆਂ ਲਈ ਹੀ ਵਰਤਣਾ ਹੈ। ਸੌਖੀ ਸਮਝ ਆ ਜਾਂਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ